ਦਿੱਲੀ ਦੇ 45 ਤੋਂ ਵੱਧ ਸਕੂਲਾਂ ਨੂੰ ਬੰਬ ਦੀ ਧਮਕੀ, ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਦਹਿਸ਼ਤ
ਦਿੱਲੀ ਦੇ 45 ਤੋਂ ਵੱਧ ਸਕੂਲਾਂ ਨੂੰ ਸ਼ੁੱਕਰਵਾਰ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਦਹਿਸ਼ਤ ਫੈਲ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲੀਸ ਅਤੇ ਹੋਰ ਅਧਿਕਾਰੀਆਂ ਨੇ ਤਲਾਸ਼ੀ ਅਤੇ ਨਿਕਾਸੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਸ ਹਫ਼ਤੇ ਵਿੱਚ ਚੌਥੀ ਵਾਰ ਹੈ ਜਦੋਂ ਰਾਜਧਾਨੀ ਦੇ ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਹਨ। ਪੁਲੀਸ, ਬੰਬ ਨਿਰੋਧਕ ਦਸਤੇ, ਡੌਗ ਸਕੁਐਡ ਅਤੇ ਫਾਇਰ ਬ੍ਰਿਗੇਡ ਵੱਖ-ਵੱਖ ਸਕੂਲਾਂ ਵਿੱਚ ਪਹੁੰਚ ਰਹੇ ਹਨ। ਹੁਣ ਤੱਕ ਦੱਖਣੀ ਦਿੱਲੀ ਦੇ ਸਮਰਫੀਲਡ ਇੰਟਰਨੈਸ਼ਨਲ ਸਕੂਲ, ਪੀਤਮਪੁਰਾ ਦੇ ਮੈਕਸਫੋਰਟ ਜੂਨੀਅਰ ਸਕੂਲ ਅਤੇ ਗੁਰੂ ਨਾਨਕ ਸਕੂਲ, ਦਵਾਰਕਾ ਦੇ ਸੇਂਟ ਥਾਮਸ ਸਕੂਲ, ਜੀਡੀ ਗੋਇਨਕਾ ਸਕੂਲ ਅਤੇ ਦਵਾਰਕਾ ਇੰਟਰਨੈਸ਼ਨਲ ਸਕੂਲ, ਪੱਛਮ ਵਿਹਾਰ ਦੇ ਰਿਚਮੰਡ ਸਕੂਲ ਨੂੰ ਬੰਬ ਦੀਆਂ ਧਮਕੀਆਂ ਮੀਲੀਆਂ ਹਨ।
ਇਨ੍ਹਾਂ ਤੋ ਇਲਾਵਾ ਰੋਹਿਣੀ ਦੇ ਛੇ ਸਕੂਲਾਂ ਸੈਕਟਰ 3 ਵਿੱਚ ਐਮਆਰਜੀ ਸਕੂਲ, ਸੈਕਟਰ 24 ਵਿੱਚ ਦਿੱਲੀ ਪਬਲਿਕ ਸਕੂਲ, ਸੋਵਰੇਨ ਪਬਲਿਕ ਸਕੂਲ ਅਤੇ ਹੈਰੀਟੇਜ ਪਬਲਿਕ ਸਕੂਲ, ਸੈਕਟਰ 9 ਵਿੱਚ ਆਈਐਨਟੀ ਪਬਲਿਕ ਸਕੂਲ, ਸੈਕਟਰ 3 ਵਿੱਚ ਅਭਿਨਵ ਪਬਲਿਕ ਸਕੂਲ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਹਨ।
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਇਸ ਮਾਮਲੇ ’ਤੇ ਭਾਜਪਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ X ’ਤੇ ਇੱਕ ਪੋਸਟ ਵਿੱਚ ਕਿਹਾ, "ਅੱਜ ਕਈ ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਹਨ! ਕਲਪਨਾ ਕਰੋ ਕਿ ਬੱਚੇ, ਮਾਪੇ ਅਤੇ ਅਧਿਆਪਕ ਕਿਸ ਸਹਿਮ ਵਿੱਚੋਂ ਲੰਘ ਰਹੇ ਹੋਣਗੇ।"
ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਵਿੱਚ ਸ਼ਾਸਨ ਦੇ ਸਾਰੇ 4 ਇੰਜਣਾਂ ਨੂੰ ਕੰਟਰੋਲ ਕਰਦੀ ਹੈ ਅਤੇ ਫਿਰ ਵੀ ਸਾਡੇ ਬੱਚਿਆਂ ਨੂੰ ਕੋਈ ਸੁਰੱਖਿਆ ਪ੍ਰਦਾਨ ਕਰਨ ਵਿੱਚ ਅਸਮਰੱਥ ਹੈ।