ਪਿੱਠ ਦਰਦ ਦੇ ਇਲਾਜ ਲਈ ਦੇਸੀ ਨੁਸਖ਼ੇ ਤਹਿਤ ਨਿਗਲੇ 8 ਜ਼ਿੰਦਾ ਡੱਡੂ
82 ਸਾਲਾ ਔਰਤ ਨੇ ਪਹਿਲੇ ਦਿਨ ਤਿੰਨ ਅਤੇ ਦੂਜੇ ਦਿਨ ਪੰਜ ਡੱਡੂ ਨਿਗਲੇ
ਝਾਂਗ ਨਾਂ ਦੀ ਇਸ ਔਰਤ ਨੂੰ ਸਤੰਬਰ ਦੇ ਸ਼ੁਰੂ ਵਿੱਚ ਵਿੱਚ ਤੇਜ਼ ਪੇਟ ਦਰਦ ਕਾਰਨ ਹੈਂਗਜ਼ੂ ਵਿੱਚ ਝੇਜਿਆਂਗ ਯੂਨੀਵਰਸਿਟੀ ਨੰਬਰ 1 ਐਫੀਲੀਏਟਿਡ ਹਸਪਤਾਲ (Zhejiang University No. 1 Affiliated Hospital) ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦੇ ਪੁੱਤਰ ਨੇ ਡਾਕਟਰਾਂ ਨੂੰ ਦੱਸਿਆ ਕਿ ਝਾਂਗ ਨੇ ਦੋ ਦਿਨਾਂ ਵਿੱਚ ਡੱਡੂ ਖਾਧੇ ਸਨ—ਪਹਿਲੇ ਦਿਨ ਤਿੰਨ ਅਤੇ ਅਗਲੇ ਦਿਨ ਪੰਜ—ਉਸ ਦਾ ਮੰਨਣਾ ਸੀ ਕਿ ਇਸ ਨਾਲ ਹਰਨੀਏਟਿਡ ਡਿਸਕ (herniated disc) ਦੀ ਸਮੱਸਿਆ ਤੋਂ ਰਾਹਤ ਮਿਲੇਗੀ, ਜਿਸ ਤੋਂ ਉਹ ਕਈ ਸਾਲਾਂ ਤੋਂ ਪੀੜਤ ਸੀ।
ਦੱਸਿਆ ਗਿਆ ਹੈ ਕਿ ਝਾਂਗ ਨੇ ਆਪਣੇ ਇਰਾਦੇ ਦਾ ਖੁਲਾਸਾ ਕੀਤੇ ਬਿਨਾਂ ਆਪਣੇ ਪਰਿਵਾਰ ਨੂੰ ਡੱਡੂ ਫੜਨ ਲਈ ਕਿਹਾ ਸੀ। ਉਸ ਨੇ ਇੱਕ ਰਵਾਇਤੀ ਪਰ ਗੈਰ-ਪ੍ਰਮਾਣਿਤ ਲੋਕ ਉਪਾਅ ਦੇ ਆਧਾਰ ’ਤੇ ਉਨ੍ਹਾਂ ਨੂੰ ਜ਼ਿੰਦਾ ਨਿਗਲ ਲਿਆ।
ਹਾਲਾਂਕਿ ਸ਼ੁਰੂ ਵਿੱਚ ਉਸ ਨੂੰ ਸਿਰਫ ਹਲਕੀ ਬੇਚੈਨੀ ਮਹਿਸੂਸ ਹੋਈ, ਪਰ ਦਰਦ ਕਾਫ਼ੀ ਵੱਧ ਗਿਆ, ਜਿਸ ਕਾਰਨ ਉਸ ਨੇ ਆਪਣੇ ਪਰਿਵਾਰ ਅੱਗੇ ਆਪਣੀ ਇਸ ਇਲਾਜ ਦੇ ਤਰੀਕੇ ਬਾਰੇ ਦੱਸਿਆ, ਜੋ ਫਿਰ ਉਸ ਨੂੰ ਹਸਪਤਾਲ ਲੈ ਗਏ।
ਮੈਡੀਕਲ ਟੈਸਟਾਂ ਵਿੱਚ ਕੋਈ ਟਿਊਮਰ ਨਹੀਂ ਮਿਲਿਆ ਪਰ ਆਕਸੀਫਿਲ ਸੈੱਲਾਂ (oxyphil cells) ਵਿੱਚ ਅਸਾਧਾਰਨ ਵਾਧਾ ਜ਼ਰੂਰ ਦਿਖਾਈ ਦਿੱਤਾ, ਜੋ ਪਰਜੀਵੀ ਸੰਕਰਮਣ (parasitic infection) ਦਾ ਸੰਕੇਤ ਦਿੰਦਾ ਹੈ। ਡਾਕਟਰਾਂ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਝਾਂਗ ਸਪਾਰਗਨਮ (sparganum), ਇੱਕ ਕਿਸਮ ਦੇ ਟੇਪਵਰਮ ਅਤੇ ਹੋਰ ਪਰਜੀਵੀਆਂ ਨਾਲ ਸੰਕਰਮਿਤ ਹੋ ਗਈ ਸੀ, ਜਿਸ ਨੇ ਉਸ ਦੇ ਪਾਚਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਇਆ ਸੀ। ਦੋ ਹਫ਼ਤਿਆਂ ਦੇ ਇਲਾਜ ਤੋਂ ਬਾਅਦ ਝਾਂਗ ਨੂੰ ਛੁੱਟੀ ਦੇ ਦਿੱਤੀ ਗਈ।
ਹਸਪਤਾਲ ਦੇ ਇੱਕ ਸੀਨੀਅਰ ਫਿਜ਼ੀਸ਼ੀਅਨ ਡਾ. ਵੂ ਝੋਂਗਵੇਨ (Dr Wu Zhongwen) ਨੇ ਨੋਟ ਕੀਤਾ ਕਿ ਅਜਿਹੇ ਮਾਮਲੇ ਲਗਾਤਾਰ ਵੱਧ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ ਹੈ ਜਿਨ੍ਹਾਂ ਨੇ ਡੱਡੂ ਨਿਗਲੇ ਹਨ, ਕੱਚੇ ਸੱਪ ਜਾਂ ਮੱਛੀ ਦਾ ਪਿੱਤ (gall) ਖਾਧਾ ਹੈ ਜਾਂ ਆਪਣੀ ਚਮੜੀ ’ਤੇ ਡੱਡੂ ਦੀ ਚਮੜੀ ਲਗਾਈ ਹੈ।" ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ ਬਜ਼ੁਰਗ ਹਨ ਅਤੇ ਜਦੋਂ ਤੱਕ ਕੋਈ ਪੇਚੀਦਗੀਆਂ ਪੈਦਾ ਨਹੀਂ ਹੋ ਜਾਂਦੀਆਂ, ਉਹ ਅਕਸਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਸਿਹਤ ਬਾਰੇ ਗੱਲ ਨਹੀਂ ਕਰਦੇ।
ਡਾ. ਵੂ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਲੋਕ ਉਪਾਅ ਨਾ ਸਿਰਫ਼ ਬੇਅਸਰ ਹਨ, ਸਗੋਂ ਖ਼ਤਰਨਾਕ ਵੀ ਹਨ। ਉਨ੍ਹਾਂ ਸਮਝਾਇਆ, "ਉਦਾਹਰਨ ਲਈ, ਸਰੀਰ 'ਤੇ ਡੱਡੂ ਦੀ ਚਮੜੀ ਲਗਾਉਣ ਨਾਲ ਚਮੜੀ ਦੇ ਰੋਗ ਠੀਕ ਹੋਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ, ਪਰ ਇਸ ਨਾਲ ਗੰਭੀਰ ਪਰਜੀਵੀ ਸੰਕਰਮਣ ਹੋ ਸਕਦਾ ਹੈ ਜਿਸ ਨਾਲ ਨਜ਼ਰ ਦਾ ਨੁਕਸਾਨ, ਦਿਮਾਗ ਦਾ ਸੰਕਰਮਣ ਜਾਂ ਮੌਤ ਵੀ ਹੋ ਸਕਦੀ ਹੈ।"
ਗਲਤ ਜਾਣਕਾਰੀ ਦਾ ਖ਼ਤਰਾ
ਇਸ ਘਟਨਾ ਨੇ ਸੋਸ਼ਲ ਮੀਡੀਆ 'ਤੇ ਗਲਤ ਜਾਣਕਾਰੀ ਦੇ ਖ਼ਤਰਿਆਂ ਨੂੰ ਵੀ ਉਜਾਗਰ ਕੀਤਾ ਹੈ। ਝੇਜਿਆਂਗ ਦੇ ਇੱਕ ਹੋਰ ਹਾਲੀਆ ਮਾਮਲੇ ਵਿੱਚ, ਇੱਕ ਛੇ ਮਹੀਨਿਆਂ ਦੀ ਬੱਚੀ ਨੂੰ ਸਿੱਕੇ ਦੇ ਜ਼ਹਿਰ (lead poisoning) ਨਾਲ ਪੀੜਤ ਪਾਇਆ ਗਿਆ ਸੀ ਜਦੋਂ ਉਸ ਦੀ ਮਾਂ ਨੇ ਇਗਜ਼ੀਮਾ (eczema) ਦਾ ਇਲਾਜ ਕਰਨ ਲਈ ਵਾਰ-ਵਾਰ ਬੱਚੀ ਦੇ ਹੱਥ ਨੂੰ ਲੀਡ ਐਸੀਟੇਟ (lead acetate) ਵਿੱਚ ਭਿਉਂਤਾ ਸੀ। ਇਹ ਇੱਕ ਗੈਰ-ਵਿਗਿਆਨਕ ਇਲਾਜ ਸੀ ਜੋ ਆਨਲਾਈਨ ਲੱਭਿਆ ਗਿਆ ਸੀ। ਚਮੜੀ ਰਾਹੀਂ ਜਜ਼ਬ ਹੋਏ ਸਿੱਕੇ ਨੇ ਗੰਭੀਰ ਸਿਹਤ ਪੇਚੀਦਗੀਆਂ ਪੈਦਾ ਕੀਤੀਆਂ।