ਬੇਰੁਜ਼ਗਾਰ ਨੌਜਵਾਨ ਦੀ ਮ੍ਰਿਤਕ ਮਾਂ ਦੇ ਬੈਂਕ ਖਾਤੇ ’ਚ ਆਏ 1 ਅਰਬ, 13 ਲੱਖ 56 ਹਜ਼ਾਰ ਕਰੋੜ ਰੁਪਏ
ਦਿੱਲੀ ਨਾਲ ਲੱਗਦੇ ਗ੍ਰੇਟਰ ਨੌਇਡਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗ੍ਰੇਟਰ ਨੌਇਡਾ ਦੇ ਉੱਚੀ ਦਨਕੌਰ ਦੇ ਨੌਜਵਾਨ ਦੀਪਕ ਦੀ ਮਾਂ ਦੇ ਬੈਂਕ ਖਾਤੇ (Bank Account) ਵਿੱਚ 1 ਅਰਬ ਰੁਪਏ ਤੋਂ ਵੱਧ ਦੀ ਰਕਮ ਟਰਾਂਸਫਰ ਹੋਈ ਹੈ। ਜਦੋਂ ਬੈਂਕ ਕਰਮਚਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬੈਂਕ ਕਰਮਚਾਰੀਆਂ ਨੇ ਮਾਮਲੇ ਦੀ ਜਾਣਕਾਰੀ ਪੁਲੀਸ ਅਤੇ ਆਮਦਨ ਕਰ ਵਿਭਾਗ ਨੂੰ ਦਿੱਤੀ। ਆਮਦਨ ਕਰ ਵਿਭਾਗ ਨੇ ਬੈਂਕ ਖਾਤਾ ਫ੍ਰੀਜ਼ ਕਰ ਦਿੱਤਾ ਹੈ। ਪੁਲੀਸ ਨੇ ਵੀ ਨੌਜਵਾਨ ਤੋਂ ਪੁੱਛਗਿੱਛ ਕੀਤੀ ਹੈ।
ਇਹ ਮਾਮਲਾ ਕਿਵੇਂ ਸਾਹਮਣੇ ਆਇਆ
ਮ੍ਰਿਤਕ ਔਰਤ ਗਾਇਤਰੀ ਦੇਵੀ ਦੇ ਪੁੱਤਰ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਂ ਦੀ ਮੌਤ ਦੋ ਮਹੀਨੇ ਪਹਿਲਾਂ ਹੋ ਗਈ ਸੀ। ਉਹ ਦੋ ਮਹੀਨਿਆਂ ਤੋਂ ਬੇਰੁਜ਼ਗਾਰ ਹੈ। ਉਹ ਕੋਟਕ ਮਹਿੰਦਰਾ ਬੈਂਕ ਵਿੱਚ ਮਾਂ ਦੇ ਬੈਂਕ ਖਾਤੇ ਨਾਲ ਜੁੜੇ ਯੂਪੀਆਈ (UPI) ਦੀ ਵਰਤੋਂ ਡਿਜੀਟਲ ਭੁਗਤਾਨ ਲਈ ਕਰਦਾ ਸੀ। ਸੋਮਵਾਰ ਨੂੰ ਖਰੀਦਦਾਰੀ ਕਰਦੇ ਸਮੇਂ ਜਦੋਂ ਪੇਮੈਂਟ ਵਾਰ-ਵਾਰ ਫੇਲ੍ਹ ਹੋ ਰਹੀ ਸੀ ਤਾਂ ਉਹ ਸ਼ਿਕਾਇਤ ਕਰਨ ਲਈ ਬੈਂਕ ਪਹੁੰਚਿਆ। ਇੱਥੇ ਜਦੋਂ ਬੈਂਕ ਕਰਮਚਾਰੀਆਂ ਨੇ ਬਕਾਇਆ ਰਾਸ਼ੀ ਚੈੱਕ ਕੀਤੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਮ੍ਰਿਤਕ ਔਰਤ ਦੇ ਬੈਂਕ ਖਾਤੇ ਵਿੱਚ 1 ਅਰਬ, 13 ਲੱਖ 56 ਹਜ਼ਾਰ ਕਰੋੜ ਰੁਪਏ (10,01,35,60,00,00,0 0,00,00,01,00,23,56 ,00,00,00,00,299) ਸਨ।
ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੇ ਖਾਤਾ ਫ੍ਰੀਜ਼ ਕਰ ਦਿੱਤਾ ਅਤੇ ਮਾਮਲੇ ਦੀ ਜਾਣਕਾਰੀ ਆਮਦਨ ਕਰ ਵਿਭਾਗ ਨੂੰ ਦਿੱਤੀ। ਆਮਦਨ ਕਰ ਵਿਭਾਗ ਖਾਤੇ ਨਾਲ ਜੁੜੇ ਅਸਾਧਾਰਨ ਲੈਣ-ਦੇਣ ਦੀ ਜਾਂਚ ਵਿੱਚ ਜੁਟਿਆ ਹੋਇਆ ਹੈ। ਉਥੇ ਹੀ ਸਥਾਨਕ ਪੁਲੀਸ ਨੂੰ ਇਸ ਮਾਮਲੇ ਦੀ ਅਜੇ ਤੱਕ ਕੋਈ ਰਸਮੀ ਜਾਣਕਾਰੀ ਨਹੀਂ ਮਿਲੀ ਹੈ। ਕੋਤਵਾਲੀ ਇੰਚਾਰਜ ਸੁਰਿੰਦਰ ਸਿੰਘ ਨੇ ਕਿਹਾ ਕਿ ਜੇ ਅਜਿਹੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਪੂਰੀ ਜਾਂਚ ਕੀਤੀ ਜਾਵੇਗੀ।
ਇਹ ਖ਼ਬਰ ਜਿਵੇਂ ਹੀ ਤੇਜ਼ੀ ਨਾਲ ਫੈਲੀ ਦੀਪਕ ਨੂੰ ਰਿਸ਼ਤੇਦਾਰਾਂ, ਦੋਸਤਾਂ ਅਤੇ ਗੁਆਂਢੀਆਂ ਦੇ ਫੋਨ ਆਉਣ ਲੱਗੇ। ਅਧਿਕਾਰੀ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਲੈਣ-ਦੇਣ ਇੱਕ ਤਕਨੀਕੀ ਗਲਤੀ, ਬੈਂਕਿੰਗ ਗੜਬੜੀ ਜਾਂ ਫਿਰ ਮਨੀ ਲਾਂਡਰਿੰਗ ਦਾ ਸੰਭਾਵਿਤ ਮਾਮਲਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਸਿਆਂ ਦਾ ਅਸਲ ਸਰੋਤ ਪੂਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।