ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਦਾ ਐਲਾਨ ਤੇ ਪਰਮਾਣੂ ਪ੍ਰੀਖਣਾਂ ਦੀ ਦੌੜ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਦੋਂ 29 ਅਕਤੂਬਰ ਨੂੰ ਇਹ ਐਲਾਨ ਕੀਤਾ ਕਿ ਉਨ੍ਹਾਂ ਪੈਂਟਾਗਨ (ਹੁਣ ਜਿਸ ਦਾ ਨਾਂ ‘ਡਿਪਾਰਟਮੈਂਟ ਆਫ ਵਾਰ’ ਹੈ) ਨੂੰ ਤੁਰੰਤ ਅਮਰੀਕਾ ਦੇ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਇਹ...
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਦੋਂ 29 ਅਕਤੂਬਰ ਨੂੰ ਇਹ ਐਲਾਨ ਕੀਤਾ ਕਿ ਉਨ੍ਹਾਂ ਪੈਂਟਾਗਨ (ਹੁਣ ਜਿਸ ਦਾ ਨਾਂ ‘ਡਿਪਾਰਟਮੈਂਟ ਆਫ ਵਾਰ’ ਹੈ) ਨੂੰ ਤੁਰੰਤ ਅਮਰੀਕਾ ਦੇ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਇਹ ਆਲਮੀ ਪਰਮਾਣੂ ਸਥਿਰਤਾ ਤੇ ਪਰਮਾਣੂ ਪਸਾਰ ਨੂੰ ਰੋਕਣ ਦੀਆਂ ਸੰਧੀਆਂ ’ਤੇ ਇੱਕ ਬੰਬ ਵਾਂਗੂ ਡਿੱਗਿਆ।

​ਉਨ੍ਹਾਂ ਦੇ ਸ਼ਬਦਾਂ ਵਿੱਚ: “ਹੋਰਾਂ ਦੇਸ਼ਾਂ ਵੱਲੋਂ ਪ੍ਰੀਖਣ ਦੀਆਂ ਯੋਜਨਾਵਾਂ ਦੇ ਮੱਦੇਨਜ਼ਰ ਮੈਂ ‘ਡਿਪਾਰਟਮੈਂਟ ਆਫ ਵਾਰ’ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਾਡੇ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਵੀ ਇਨ੍ਹਾਂ ਦੇ ਨਾਲ ਹੀ ਸ਼ੁਰੂ ਕਰਨ। ਇਹ ਪ੍ਰਕਿਰਿਆ ਫੌਰੀ ਸ਼ੁਰੂ ਹੋਵੇਗੀ।”

Advertisement

​ਅਮਰੀਕਾ ਨੇ ਸਤੰਬਰ 1992 ਤੋਂ ਬਾਅਦ ਕੋਈ ਵੀ ਮੁਕੰਮਲ ਵਿਸਫੋਟਕ ਪਰਮਾਣੂ ਪਰਖ਼ ਨਹੀਂ ਕੀਤੀ। ਬਾਅਦ ’ਚ ਉਸੇ ਦਹਾਕੇ ਵਿੱਚ, ਭਾਰਤ ਤੇ ਪਾਕਿਸਤਾਨ ਨੇ ਮਈ 1999 ਵਿੱਚ ਪਰਮਾਣੂ ਪ੍ਰੀਖਣ ਕੀਤੇ ਸਨ। ਆਖ਼ਰੀ ਵਾਰ ਪਰਮਾਣੂ ਹਥਿਆਰਾਂ ਦੇ ਵਿਸਫੋਟ ਸਤੰਬਰ 2017 ਵਿੱਚ ਹੋਏ ਸਨ, ਜਦੋਂ ਉੱਤਰੀ ਕੋਰੀਆ ਨੇ ਜ਼ਮੀਨ ਹੇਠਾਂ ਆਪਣਾ ਛੇਵਾਂ ਪ੍ਰੀਖਣ ਕੀਤਾ ਸੀ। ਉਸ ਸਮੇਂ ਤੋਂ ਪਰਮਾਣੂ ਹਥਿਆਰਾਂ ਦੇ ਪ੍ਰੀਖਣ ’ਤੇ ਕੌਮਾਂਤਰੀ ਪੱਧਰ ਉੱਤੇ ਲੱਗੀ ਰੋਕ ਨੂੰ ਇਨ੍ਹਾਂ ਹਥਿਆਰਾਂ ਨਾਲ ਲੈਸ ਸਾਰੇ ਦੇਸ਼ਾਂ ਨੇ ਸਵੀਕਾਰ ਕੀਤਾ ਹੈ ਅਤੇ ਹੁਣ ਤੱਕ ਇਸ ਦੀ ਉਲੰਘਣਾ ਨਹੀਂ ਕੀਤੀ।

​ਆਪਣੇ ਨਾਟਕੀ ਐਲਾਨ ਦੇ ਸੰਦਰਭ ਵਿੱਚ ਟਰੰਪ ਨੇ ਇੱਕ ਦਿਨ ਬਾਅਦ ਕਿਹਾ: “ਅਸੀਂ ਕਈ ਸਾਲ ਪਹਿਲਾਂ ਰੁਕ ਗਏ ਸੀ, ਪਰ ਜਦੋਂ ਦੂਜੇ ਪ੍ਰੀਖਣ ਕਰ ਰਹੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਇਹ ਉਚਿਤ ਹੈ ਕਿ ਅਸੀਂ ਵੀ ਅਜਿਹਾ ਕਰੀਏ।”

ਭਾਵੇਂ ਰੂਸ ਦਾ ਸਾਫ਼ ਤੌਰ ’ਤੇ ਜ਼ਿਕਰ ਨਹੀਂ ਕੀਤਾ ਗਿਆ ਸੀ, ਪਰ ਇਸ਼ਾਰਾ ਸਪੱਸ਼ਟ ਸੀ। ਟਰੰਪ ਦੇ ਐਲਾਨ ਤੋਂ ਦਸ ਦਿਨ ਪਹਿਲਾਂ, ਮਾਸਕੋ ਨੇ ਦੋ ਉੱਨਤ ਪਰਮਾਣੂ-ਸਮਰੱਥ ਡਿਲਿਵਰੀ ਪ੍ਰਣਾਲੀਆਂ ਦਾ ਪ੍ਰੀਖਣ ਕੀਤਾ ਸੀ: ਪਰਮਾਣੂ ਊਰਜਾ ਨਾਲ ਚੱਲਣ ਵਾਲੀ ਕਰੂਜ਼ ਮਿਜ਼ਾਈਲ ਬੁਰੇਵੈਸਟਨਿਕ (ਸਕਾਈਫਾਲ, 21 ਅਕਤੂਬਰ) ਅਤੇ ਪੋਸਾਈਡਨ ਅੰਡਰਵਾਟਰ ਟੋਰਪੀਡੋ (28 ਅਕਤੂਬਰ)। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਖ਼ੁਦ ਪੋਸਾਈਡਨ ਦੀ ਸਫ਼ਲਤਾ ਦਾ ਐਲਾਨ ਕਰਦਿਆਂ ਇਸ ਨੂੰ ‘ਕਿਆਮਤ ਲਿਆਉਣ ਵਾਲਾ ਇੱਕ ਹਥਿਆਰ’ ਕਿਹਾ ਸੀ।

ਇਹ ਦੋਵੇਂ ਡਿਲਿਵਰੀ ਪ੍ਰਣਾਲੀਆਂ (ਇੱਕ ਕਰੂਜ਼ ਮਿਜ਼ਾਈਲ ਅਤੇ ਦੂਜਾ ਅੰਡਰਵਾਟਰ ਟੋਰਪੀਡੋ) ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹਨ, ਪਰ ਉਨ੍ਹਾਂ ਦੀ ਪਰਖ਼ ਵਿਸਫੋਟਕ ਪਰਮਾਣੂ ਪ੍ਰੀਖਣ ਦੇ ਦਾਇਰੇ ਵਿੱਚ ਨਹੀਂ ਆਉਂਦੀ। ਤਕਨੀਕੀ ਤੌਰ ’ਤੇ, ਉਹ ਇਸ ਸਮੇਂ ਪਰਮਾਣੂ ਹਥਿਆਰਾਂ ਨਾਲ ਸਬੰਧਤ ਨਿਗਰਾਨੀ ਢਾਂਚੇ ਦੇ ਘੇਰੇ ਵਿੱਚੋਂ ਬਾਹਰ ਹਨ।

​ਕਰੈਮਲਿਨ ਨੇ ਗੁੱਝੀ ਟਿੱਪਣੀਆਂ ਕਰਦਿਆਂ ਕਿਹਾ ਕਿ ਇਹ ਪਰਮਾਣੂ ਹਥਿਆਰਾਂ ਦੇ ਧਮਾਕੇ ਨਹੀਂ ਸਨ ਅਤੇ ਨਾਲ ਹੀ ਕਿਹਾ: “ਸਾਨੂੰ ਉਮੀਦ ਹੈ ਕਿ ਰਾਸ਼ਟਰਪਤੀ ਟਰੰਪ ਨੂੰ ਸਹੀ ਢੰਗ ਨਾਲ ਜਾਣਕਾਰੀ ਉਪਲਬਧ ਕਰਵਾਈ ਗਈ ਸੀ,” ਤੇ ਦੁਹਰਾਇਆ ਕਿ ਰੂਸ ਨੇ ਡਿਲਿਵਰੀ ਪ੍ਰਣਾਲੀਆਂ ਦਾ ਪ੍ਰੀਖਣ ਕੀਤਾ ਹੈ, ਨਾ ਕਿ ਹਥਿਆਰਾਂ ਦਾ।

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬੁਰੇਵੈਸਟਨਿਕ ਅਤੇ ਪੋਸਾਈਡਨ ਉਦੋਂ ਹੋਰ ਵੀ ਘਾਤਕ ਹੋ ਜਾਂਦੇ ਹਨ ਜਦ ਇਨ੍ਹਾਂ ਨੂੰ ਪਰਮਾਣੂ ਹਥਿਆਰਾਂ ਨਾਲ ਲੈਸ ਕੀਤਾ ਜਾਂਦਾ ਹੈ। ਇਹ ਪਰਮਾਣੂ ਊਰਜਾ ਨਾਲ ਚੱਲਦੇ ਹਨ, ਇਸ ਕਰ ਕੇ ਅਸੀਮ ਹੰਢਣਸਾਰਤਾ ਰਾਹੀਂ ਹੈਰਾਨੀਜਨਕ ਪੱਧਰ ਦੀ ਸਮਰੱਥਾ ਪ੍ਰਾਪਤ ਕਰ ਲੈਂਦੇ ਹਨ। ਇਹ ਮਾਸਕੋ ਨੂੰ ਉਸ ਕਿਸਮ ਦੀ ਯਕੀਨੀ ਸੁਰੱਖਿਆ ਪ੍ਰਦਾਨ ਕਰੇਗਾ, ਜੋ ਰੂਸ ਕੋਲ ਵਰਤਮਾਨ ’ਚ ਪਏ ਹਥਿਆਰਾਂ ਦੀ ਰਣਨੀਤਕ ਸਮਰੱਥਾ ਤੋਂ ਕਿਤੇ ਤਕੜੀ ਹੈ।

ਰਿਪੋਰਟਾਂ ਮੁਤਾਬਿਕ ਬੁਰੇਵੈਸਟਨਿਕ 21 ਅਕਤੂਬਰ ਨੂੰ ਹੋਏ ਪ੍ਰੀਖਣ ਵਿੱਚ 15 ਘੰਟਿਆਂ ਦੌਰਾਨ 14,000 ਕਿਲੋਮੀਟਰ ਤੱਕ ਰਾਡਾਰ ਦੇ ਪਰਛਾਵੇਂ ’ਚ ਉੱਡੀ ਅਤੇ ਦਿਖਾਇਆ ਕਿ ਆਪਣੇ ਨਿਰਧਾਰਤ ਨਿਸ਼ਾਨੇ ਨੂੰ ਫੁੰਡਣ ਲਈ ਇਹ ਕਿਤੇ ਵੀ ਪ੍ਰਗਟ ਹੋ ਸਕਦੀ ਹੈ। ਮੌਜੂਦਾ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਇਸ ਕਰੂਜ਼ ਮਿਜ਼ਾਈਲ ਦਾ ਪਤਾ ਲਾਉਣ ਦੇ ਸਮਰੱਥ ਨਹੀਂ ਹਨ, ਇਸ ਲਈ ਅਮਰੀਕਾ ਦੀ ਬੇਚੈਨੀ ਪ੍ਰਤੱਖ ਹੈ।

​ਪੋਸਾਈਡਨ ਇੱਕ ਮਾਨਵ ਰਹਿਤ, ਪਾਣੀ ਹੇਠਾਂ ਪਰਮਾਣੂ ਊਰਜਾ ਨਾਲ ਚੱਲਣ ਵਾਲਾ ਟੋਰਪੀਡੋ ਹੈ ਜਿਸ ਦਾ ਘੇਰਾ 10,000 ਕਿਲੋਮੀਟਰ ਹੈ ਅਤੇ ਇਹ 1,000 ਮੀਟਰ ਦੀ ਡੂੰਘਾਈ ’ਤੇ ਕੰਮ ਕਰਨ ਦੀ ਯੋਗਤਾ ਦੇ ਨਾਲ 100 ਨੌਟਸ (185 ਕਿਲੋਮੀਟਰ ਪ੍ਰਤੀ ਘੰਟਾ) ਦੀ ਵੱਧ ਤੋਂ ਵੱਧ ਰਫ਼ਤਾਰ ਫੜ ਸਕਦਾ ਹੈ। ਇਸ ਕਿਸਮ ਦੀ ਕਾਬਲੀਅਤ ਦਾ ਮਤਲਬ ਹੈ ਕਿ ਮੌਜੂਦਾ ਪਣਡੁੱਬੀ-ਵਿਰੋਧੀ ਜੰਗੀ ਸਮਰੱਥਾਵਾਂ ਪੋਸਾਈਡਨ ਦਾ ਲਗਭਗ ਕੋਈ ਨੁਕਸਾਨ ਨਹੀਂ ਕਰ ਸਕਦੀਆਂ।

​ਲੜਾਈ ’ਚ ਲਾਂਚ ਕੀਤਾ ਗਿਆ ਪਰਮਾਣੂ ਸਿਰੇ ਵਾਲਾ ਇੱਕ ਪੋਸਾਈਡਨ ਟੋਰਪੀਡੋ ਟੈੱਕਟੋਨਿਕ ਰੇਡੀਓਐਕਟਿਵ ਸੁਨਾਮੀ ਲਿਆਏਗਾ ਤੇ ਕਿਸੇ ਵੀ ਹੋਰ ਡਿਲੀਵਰੀ ਵਾਹਨ ਦੇ ਉਲਟ ਵਿਨਾਸ਼ ਵਰਗਾ ਅਸਰ ਛੱਡੇਗਾ। ਪ੍ਰਿਥਵੀ ਤੇ ਮਾਨਵਤਾ ਲਈ ਜਿਹੜੀ ਤਬਾਹੀ ਇਹ ਪੈਦਾ ਕਰੇਗਾ, ਉਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।

ਸ਼ੀਤ ਯੁੱਧ ਦੌਰਾਨ ਅਮਰੀਕਾ ਅਤੇ ਸਾਬਕਾ ਸੋਵੀਅਤ ਸੰਘ ਨੇ 1972 ਦੀ ਏਬੀਐਮ (ਐਂਟੀ-ਬੈਲਿਸਟਿਕ ਮਿਜ਼ਾਈਲ) ਸੰਧੀ ਕੀਤੀ ਸੀ, ਜਿਸ ਨੇ ਅਸਲ ਵਿੱਚ ਦੋਵਾਂ ਨੂੰ ਇੱਕ-ਦੂਜੇ ਅੱਗੇ ਕਮਜ਼ੋਰ ਕਰ ਦਿੱਤਾ। ਇਸ ਦੇ ਨਾਲ ‘ਮੈਡ’ (ਇੱਕ ਵੱਲੋਂ ਹੱਲਾ ਬੋਲਣ ’ਤੇ ਆਪਸੀ ਰੂਪ ’ਚ ਯਕੀਨੀ ਤਬਾਹੀ) ਸਿਧਾਂਤ ਦਾ ਜਨਮ ਹੋਇਆ, ਜਿਸ ਨੇ ਰਣਨੀਤਕ ਸਥਿਰਤਾ ਦੀ ਨੀਂਹ ਰੱਖੀ। ਦੇਖਣ ਵਿੱਚ ਬੇਤੁਕੀ ਲੱਗਣ ਵਾਲੀ ਏਬੀਐਮ ਇੱਕ ਗੁੰਝਲਦਾਰ, ਤਕਨੀਕੀ-ਰਣਨੀਤਕ ਸੰਧੀ ਸੀ, ਜੋ ਆਪਣੇ ਸਮਿਆਂ ਦੀ ਇੱਕ ਉਪਜ ਸੀ ਕਿਉਂਕਿ ਇਸ ’ਚ ਇੱਕ-ਦੂਜੇ ਦੀ ਤਬਾਹੀ ਦੇ ਖ਼ੌਫ਼ ਵਿੱਚ ਹੀ ਬਚਾਅ ਲੁਕਿਆ ਹੋਇਆ ਸੀ।

ਦੋ ਮਹਾਸ਼ਕਤੀਆਂ ਵਿਚਕਾਰ ਆਪਸੀ ਸੰਦੇਹ ਅਤੇ ਸਮੂਹਿਕ ਤਬਾਹੀ ਦੇ ਹਥਿਆਰਾਂ ਨਾਲ ਜੁੜੇ ਡਰ ਵਿੱਚੋਂ ਨਿਕਲੀ ਇਹ ਸੰਧੀ ਆਲਮੀ ਰਣਨੀਤਕ ਸਥਿਰਤਾ ਦੀ ਨੀਂਹ ਸੀ। ​ਹਾਲਾਂਕਿ 9/11 (11 ਸਤੰਬਰ 2001) ਤੋਂ ਬਾਅਦ ਅਮਰੀਕਾ ਨੇ ਜੂਨ 2002 ਵਿੱਚ ਇਕਪਾਸੜ ਤੌਰ ’ਤੇ ਸੰਧੀ ਤੋਂ ਹੱਥ ਖਿੱਚ ਲਿਆ ਅਤੇ ਇਸ ਤਰ੍ਹਾਂ ਰੂਸ ਵਿੱਚ ਪ੍ਰਤੱਖ ਤੌਰ ’ਤੇ ਚਿੰਤਾ ਅਤੇ ਅਸੁਰੱਖਿਆ ਦੇ ਬੀਜ ਬੀਜੇ ਗਏ, ਜੋ ਆਕਾਰ ਅਤੇ ਆਤਮ-ਵਿਸ਼ਵਾਸ ਵਿੱਚ ਸੁੰਗੜ ਚੁੱਕਿਆ ਸੀ।

​ਬਾਅਦ ਦੇ ਸਾਲਾਂ ਵਿੱਚ ਮਾਸਕੋ ਨੇ ਵਾਸ਼ਿੰਗਟਨ ਨਾਲ ਰਣਨੀਤਕ ਸਮੀਕਰਨ ਨੂੰ ਸੁਧਾਰਨ ਦਾ ਅਹਿਦ ਲਿਆ ਅਤੇ 2015 ਵਿੱਚ ਪੋਸਾਈਡਨ ਵੱਲ ਇਸ਼ਾਰਾ ਕੀਤਾ ਤਾਂ ਪੂਤਿਨ ਦੀਆਂ ਅੱਖਾਂ ’ਚ ਉਤਸ਼ਾਹ ਦਿਸਿਆ। ਪਿਛਲੇ ਦਹਾਕੇ ਵਿੱਚ ਅਸਫ਼ਲ ਪ੍ਰੀਖਣ ਹੋਏ, ਹਾਦਸਿਆਂ ਵਿੱਚ ਵਿਗਿਆਨੀ ਮਾਰੇ ਗਏ ਪਰ ਪ੍ਰੋਗਰਾਮ ਜਾਰੀ ਰਿਹਾ ਅਤੇ 21 ਅਕਤੂਬਰ ਨੂੰ ਸਫਲਤਾ ਮਿਲ ਹੀ ਗਈ।

ਰੂਸ ਦੀ ਪੋਸਾਈਡਨ ਪਰਖ਼ ਪਿਛਲਾ ਇੱਕ ਕਾਰਨ ਟਰੰਪ ਵੱਲੋਂ ਸਹੁੰ ਚੁੱਕਣ ਤੋਂ ਕੁਝ ਦਿਨਾਂ ਬਾਅਦ ਕੀਤਾ ਗਿਆ ਐਲਾਨ ਹੋ ਸਕਦਾ ਹੈ। 27 ਜਨਵਰੀ 2025 ਨੂੰ ਦੂਜੀ ਵਾਰ ਅਹੁਦਾ ਸੰਭਾਲਣ ਤੋਂ ਇੱਕ ਹਫ਼ਤੇ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ‘ਅਮਰੀਕਾ ਲਈ ਆਇਰਨ ਡੋਮ ਸਥਾਪਤ ਕਰਨ’ ਦੇ ਇੱਕ ਕਾਰਜਕਾਰੀ ਆਦੇਸ਼ ’ਤੇ ਸਹੀ ਪਾਈ ਸੀ, ਜਿਸ ਵਿੱਚ ਐਲਾਨ ਕੀਤਾ ਗਿਆ ਸੀ ਕਿ ਰੱਖਿਆ ਮੰਤਰੀ ਤੁਰੰਤ ਪੁਲਾੜ ਨਾਲ ਜੁੜੇ ਸੈਂਸਰਾਂ ਅਤੇ ਇੰਟਰਸੈਪਟਰਾਂ ਸਮੇਤ ਇੱਕ ਅਤਿ-ਆਧੁਨਿਕ ਮਿਜ਼ਾਈਲ ਰੱਖਿਆ ਢਾਲ ਦੀ ਯੋਜਨਾਬੰਦੀ ’ਤੇ ਅਮਲ ਸ਼ੁਰੂ ਕਰਨਗੇ।

​ਇੱਕ ਤਰ੍ਹਾਂ ਦੀ ਹਵਾਈ ਢਾਲ, ਜਿਸ ਦਾ ਨਾਂ ਹੁਣ ‘ਗੋਲਡਨ ਡੋਮ’ ਰੱਖਿਆ ਗਿਆ ਹੈ, ਜਦੋਂ ਪੂਰੀ ਤਰ੍ਹਾਂ ਸਾਕਾਰ ਹੋਵੇਗੀ ਤਾਂ ਸਾਰੀਆਂ ਮਿਜ਼ਾਈਲ-ਰੱਖਿਆ ਪ੍ਰਣਾਲੀਆਂ ਦਾ ਸਿਰਾ ਸਾਬਿਤ ਹੋਵੇਗੀ। ਇਹ ਰਾਸ਼ਟਰਪਤੀ ਟਰੰਪ ਦੇ ਅਧੀਨ ਲੰਮੇ ਸਮੇਂ ਲਈ ਅਮਰੀਕਾ ਦਾ ਰਣਨੀਤਕ ਟੀਚਾ ਹੈ। ਇੱਕ ਅੰਦਾਜ਼ਾ ਦੱਸਦਾ ਹੈ ਕਿ ਜਦੋਂ ਇਹ ਪ੍ਰਮਾਣਿਤ ਹੋ ਗਿਆ ਕਿ ਅਮਰੀਕਾ ਦੀ ਸਾਰੀ ਮੁੱਖ ਭੂਮੀ ਕਵਰ ਹੋ ਗਈ ਹੈ- ਸ਼ਾਇਦ 2045 ਤੱਕ - ਤਾਂ ਇਸ ਦੀ ਲਾਗਤ ਲਗਭਗ 3.6 ਖਰਬ ਅਮਰੀਕੀ ਡਾਲਰ ਨੂੰ ਛੂਹ ਜਾਵੇਗੀ। ਐਲਨ ਮਸਕ ਦੀ ਕੰਪਨੀ ਸਪੇਸ ਐਕਸ ਨੂੰ ਪਲੇਠੀਆਂ ਅਦਾਇਗੀਆਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਹਨ।

​ਕੀ ਇਹ ਪ੍ਰੋਗਰਾਮ ਜੋ ਰਾਸ਼ਟਰਪਤੀ ਰੋਨਾਲਡ ਰੀਗਨ, ਸਟਾਰ ਵਾਰਜ਼ ਅਤੇ ਸ਼ੀਤ ਯੁੱਧ ਦੇ ਅੰਤ ਦੀ ਯਾਦ ਦਿਵਾਉਂਦਾ ਹੈ, ਭਵਿੱਖ ’ਚ ਅਮਰੀਕਾ ਤੇ/ਜਾਂ ਰੂਸ ਦਾ ਦੀਵਾਲੀਆ ਕੱਢ ਦੇਵੇਗਾ?

​ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਗੁਪਤ ਪਰਮਾਣੂ ਪ੍ਰੀਖਣ ਕਰਨ ਵਾਲੇ ‘ਹੋਰਾਂ ਦੇਸ਼ਾਂ’ (ਪਾਕਿਸਤਾਨ ਸਣੇ) ਦਾ ਹਵਾਲਾ ਦਿੱਤਾ ਹੈ ਅਤੇ ਉਹ ਚਾਹੁੰਦੇ ਹਨ ਕਿ ਨਵੇਂ ਪਰਮਾਣੂ ਹਥਿਆਰ, ਡੋਮ ਦਾ ਹਿੱਸਾ ਬਣਨ। ਇਸੇ ਮੰਤਵ ਦੀ ਪੂਰਤੀ ਲਈ ਉਨ੍ਹਾਂ ਸੰਕੇਤ ਦਿੱਤਾ ਹੈ ਕਿ ਅਮਰੀਕਾ ਪ੍ਰੀਖਣ ਮੁੜ ਸ਼ੁਰੂ ਕਰੇਗਾ। ਇਸ ਤਰ੍ਹਾਂ ਦੀ ਤਬਦੀਲੀ ਬਹੁਤ ਹੀ ਗ਼ੈਰ-ਜ਼ਿੰਮੇਵਾਰਾਨਾ ਹੋਵੇਗੀ ਅਤੇ ਪ੍ਰੀਖਣ ਦੇ ਸਬੰਧ ਵਿੱਚ ਮੌਜੂਦਾ ਰੋਕਥਾਮ ਸੰਧੀਆਂ ਦਾ ਨੁਕਸਾਨ ਕਰੇਗੀ।

​ਪ੍ਰਮਾਣੂ ਮਾਮਲਿਆਂ ’ਤੇ ਕੇਂਦਰਿਤ ਇੱਕ ਖੇਤਰੀ ਸਮੂਹ ਏਪੀਐੱਲਐੱਨ (ਏਸ਼ੀਆ-ਪੈਸੀਫਿਕ ਲੀਡਰਸ਼ਿਪ ਨੈੱਟਵਰਕ) ਨੇ ਅਮਰੀਕਾ ਨੂੰ ਸਾਵਧਾਨ ਕਰਦਿਆਂ ਇੱਕ ਬਿਆਨ ਜਾਰੀ ਕੀਤਾ ਹੈ: “ਪਰਮਾਣੂ ਪ੍ਰੀਖਣ ਮੁੜ ਸ਼ੁਰੂ ਕਰਨਾ ਅਜਿਹੇ ਸਮੇਂ ਅਸਥਿਰਤਾ ਪੈਦਾ ਕਰਦਾ ਹੈ ਜਦੋਂ ਸਾਨੂੰ ਸੰਜਮ ਅਤੇ ਗੱਲਬਾਤ ਦੀ ਲੋੜ ਹੈ। ਇਹ ਉਨ੍ਹਾਂ ਦੇਸ਼ਾਂ ਦਾ ਬਚਾਅ ਕਰਦਾ ਹੈ, ਜੋ ਆਪਣੇ ਪਰਮਾਣੂ ਹਥਿਆਰ ਪ੍ਰੋਗਰਾਮਾਂ ’ਤੇ ਵਿਚਾਰ ਕਰ ਰਹੇ ਹਨ। ਇਹ ਕੌਮਾਂਤਰੀ ਸਹਿਮਤੀ ਨੂੰ ਤੋੜਦਾ ਹੈ, ਜਿਸ ਨੇ ਤਿੰਨ ਦਹਾਕਿਆਂ ਤੋਂ ਪਰਮਾਣੂ ਮੁਕਾਬਲੇਬਾਜ਼ੀ ਨੂੰ ਸੀਮਤ ਕੀਤਾ ਹੋਇਆ ਹੈ।” (ਇਹ ਲੇਖਕ ਬਿਆਨ ’ਤੇ ਦਸਤਖਤ ਕਰਨ ਵਾਲਿਆਂ ਵਿੱਚੋਂ ਇੱਕ ਹੈ)।

​ਕੀ ਤੇਜ਼-ਮਿਜਾਜ਼ ਰਾਸ਼ਟਰਪਤੀ ਟਰੰਪ ਪਰਮਾਣੂ ਪਰਖ਼ਾਂ ’ਤੇ ਸੰਜਮ ਵਰਤਣਗੇ ਜਾਂ ਅੱਗੇ ਵਧਣਗੇ ਅਤੇ ਰੋਕਾਂ ਦੀ ਲਾਲ ਲਕੀਰ ਉਲੰਘਣਗੇ, ਇਹ ਵਿਚਾਰਨਯੋਗ ਹੈ।

ਭਾਰਤ ਹਮੇਸ਼ਾ ਆਲਮੀ ਪਰਮਾਣੂ ਬੰਦਸ਼ਾਂ ਅਤੇ ਨਿਸ਼ਸਤਰੀਕਰਨ ਦੀ ਗੱਲ ਕਰਦਾ ਰਿਹਾ ਹੈ। ਇਸ ਨੂੰ ਆਪਣੀ ਰਾਇ ਰੱਖਣੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ ਵਿੱਚ ਬਹੁਤ ਵੱਡੇ ਹਿੱਤ ਦਾਅ ਉੱਤੇ ਲੱਗੇ ਹੋਏ ਹਨ।

Advertisement
Show comments