DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਤਿਵਾਦ ਦਾ ਨਵਾਂ ਚਿਹਰਾ

​ਛੋਟੇ ਪੱਧਰ ਦੇ ਰਸਾਇਣਕ ਜਾਂ ਜੈਵਿਕ ਹਮਲੇ ਰਵਾਇਤੀ ਡਬਲਿਊਐੱਮਡੀ ਦੀ ਸ਼੍ਰੇਣੀ ਵਿੱਚ ਆਉਂਦੇ ਹੋਣ ਜਾਂ ਨਾ, ਫਿਰ ਵੀ ਡਰ ਅਤੇ ਮਨੋਵਿਗਿਆਨਕ ਸਦਮੇ ਰਾਹੀਂ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕਰ ਕੇ ਵਿਆਪਕ ਵਿਗਾੜ ਪੈਦਾ ਕਰਨ ਵਾਲੇ ਹਥਿਆਰਾਂ ਵਜੋਂ ਵਰਤੇ ਜਾ ਸਕਦੇ ਹਨ।

  • fb
  • twitter
  • whatsapp
  • whatsapp
Advertisement

ਗੁਜਰਾਤ ਵਿੱਚ ਇੱਕ ਡਾਕਟਰ ਨੂੰ ਕਥਿਤ ਰਾਇਸਿਨ (ਇੱਕ ਖ਼ਤਰਨਾਕ ਰਸਾਇਣ) ਨਾਲ ਸਬੰਧਿਤ ਸਾਜ਼ਿਸ਼ ਲਈ ਹਾਲ ’ਚ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਲਾਲ ਕਿਲ੍ਹੇ ਨੇੜੇ ਹੋਏ ਭਿਆਨਕ ਅਤਿਵਾਦੀ ਹਮਲੇ ਨਾਲ ਜੁੜੇ ਹੋਰ ਡਾਕਟਰਾਂ ਨੂੰ ਵੀ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਵੇਂ ਇਹ ਘਟਨਾਵਾਂ ਰਵਾਇਤੀ ਹਮਲੇ ਸਮਝੀਆਂ ਗਈਆਂ ਹਨ, ਪਰ ਇਨ੍ਹਾਂ ਸਭ ਨੇ ਦੇਸ਼ ਦਾ ਧਿਆਨ ਮੁੜ ਵਿਆਪਕ ਤਬਾਹੀ ਵਾਲੇ ਹਥਿਆਰਾਂ (ਵੈਪਨਜ਼ ਔਫ ਮਾਸ ਡਿਸਟਰੱਕਸ਼ਨ- ਡਬਲਿਊਐੱਮਡੀਜ਼) ਦੇ ਖ਼ਤਰੇ ’ਤੇ ਕੇਂਦਰਿਤ ਕੀਤਾ ਹੈ। ਡਬਲਿਊਐੱਮਡੀਜ਼ ਵਿੱਚ ਮੁੱਖ ਤੌਰ ’ਤੇ ਪਰਮਾਣੂ, ਰਸਾਇਣਕ ਅਤੇ ਜੈਵਿਕ ਏਜੰਟ (ਪਦਾਰਥ) ਸ਼ਾਮਲ ਹਨ, ਜਿਨ੍ਹਾਂ ਨੂੰ ਵਿਆਪਕ ਪੱਧਰ ’ਤੇ ਜਾਨੀ ਨੁਕਸਾਨ ਅਤੇ ਤਬਾਹੀ ਕਰਨ ਦੀ ਸਮਰੱਥਾ ਕਾਰਨ ਜਾਣਿਆ ਜਾਂਦਾ ਹੈ। ਸੈਰਿਨ ਵਰਗੇ ਰਸਾਇਣਕ ਪਦਾਰਥ ਅਤੇ ਰਾਇਸਿਨ ਵਰਗੇ ਜ਼ਹਿਰ ਬਹੁਤ ਹੀ ਥੋੜ੍ਹੀ ਮਾਤਰਾ ਵਿੱਚ ਵੀ ਤੇਜ਼ੀ ਨਾਲ ਘਾਤਕ ਪ੍ਰਭਾਵ ਪੈਦਾ ਕਰ ਸਕਦੇ ਹਨ। ਐਂਥ੍ਰੈਕਸ ਵਰਗੇ ਜੈਵਿਕ ਪਦਾਰਥ ਭਾਵ ਖ਼ਤਮ ਕੀਤੀ ਜਾ ਚੁੱਕੀ ਪਰ ਸਟੋਰ ਕਰ ਕੇ ਰੱਖੀ ਗਈ ‘ਸਮਾਲਪੌਕਸ’ (ਚੇਚਕ) ਦੇ ਬੈਕਟੀਰੀਆ ਕਾਰਨ ਤੇਜ਼ੀ ਨਾਲ ਚੇਚਕ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਜਨਤਕ ਸਿਹਤ ਪ੍ਰਣਾਲੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਹਨ ਤੇ ਦੇਸ਼ ਵਿੱਚ ਵੱਡੇ ਪੱਧਰ ’ਤੇ ਅਸਥਿਰਤਾ ਪੈਦਾ ਹੋ ਸਕਦੀ ਹੈ। ਕੱਟੜਤਾ, ਤਕਨੀਕੀ ਮੁਹਾਰਤ ਅਤੇ ਸੰਵੇਦਨਸ਼ੀਲ ਸਮੱਗਰੀ ਤੱਕ ਪਹੁੰਚ- ਇਹ ਸਾਰੇ ਕਾਰਕ ਇਕੱਠੇ ਹੋ ਕੇ ਦੇਸ਼ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਪੈਦਾ ਕਰ ਸਕਦੇ ਹਨ। ਇਨ੍ਹਾਂ ਮਾਮਲਿਆਂ ’ਤੇ ਇਸੇ ਸੰਦਰਭ ’ਚ ਫੌਰੀ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।

​ਇਨ੍ਹਾਂ ਪਦਾਰਥਾਂ ਦੀ ਸ਼ੁੱਧਤਾ, ਇਨ੍ਹਾਂ ਨੂੰ ਸਹੀ ਰੂਪ ਵਿੱਚ ਰੱਖਣ ਲਈ ਲੋੜੀਂਦੇ ਤਾਪਮਾਨ ਅਤੇ ਇਨ੍ਹਾਂ ਨੂੰ ਵੱਖ ਵੱਖ ਥਾਵਾਂ ’ਤੇ ਪਹੁੰਚਾਏ ਜਾਣ ਦੇ ਢੰਗ ਵੱਖ ਵੱਖ ਹੋਣ ਦੇ ਬਾਵਜੂਦ ਇਨ੍ਹਾਂ ਦੀ ਮਾਰੂ ਸਮਰੱਥਾ ਬੇਹੱਦ ਘਾਤਕ ਹੈ। ਇੱਕ ਗ੍ਰਾਮ ਸ਼ੁੱਧ ਰਾਇਸਿਨ ਨਾਲ 1,200 ਤੋਂ 2,500 ਲੋਕਾਂ ਨੂੰ ਮਾਰਿਆ ਜਾ ਸਕਦਾ ਹੈ, ਜਦੋਂਕਿ ਅਨੁਕੂਲ ਹਾਲਤਾਂ ਵਿੱਚ ਇੱਕ ਗ੍ਰਾਮ ਐਂਥ੍ਰੈਕਸ ਲੱਖਾਂ ਲੋਕਾਂ ਨੂੰ ਮਾਰ ਸਕਦਾ ਹੈ। ਇਹ ਵਿਹਾਰਕ ਨਹੀਂ ਸਿਰਫ਼ ਸਿਧਾਂਤਕ ਅੰਕੜੇ ਹਨ। ਫਿਰ ਵੀ ਇਸ ਤੋਂ ਇਹ ਗੱਲ ਸਮਝ ਆਉਂਦੀ ਹੈ ਕਿ ਇਨ੍ਹਾਂ ਦੋਵੇਂ ਰਸਾਇਣਾਂ ’ਤੇ ਇੰਨੀਆਂ ਪਾਬੰਦੀਆਂ ਕਿਉਂ ਹਨ ਅਤੇ ਆਲਮੀ ਸੁਰੱਖਿਆ ਯੋਜਨਾਬੰਦੀ ਵਿੱਚ ਇਨ੍ਹਾਂ ਨੂੰ ਸਭ ਤੋਂ ਵੱਧ ਭਿਆਨਕ ਖ਼ਤਰਿਆਂ ਵਿੱਚੋਂ ਕਿਉਂ ਮੰਨਿਆ ਜਾਂਦਾ ਹੈ।

Advertisement

ਛੋਟੇ ਪੱਧਰ ਦੇ ਰਸਾਇਣਕ ਜਾਂ ਜੈਵਿਕ ਹਮਲੇ ਰਵਾਇਤੀ ਡਬਲਿਊਐੱਮਡੀ ਦੀ ਸ਼੍ਰੇਣੀ ਵਿੱਚ ਆਉਂਦੇ ਹੋਣ ਜਾਂ ਨਾ, ਫਿਰ ਵੀ ਡਰ ਅਤੇ ਮਨੋਵਿਗਿਆਨਕ ਸਦਮੇ ਰਾਹੀਂ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕਰ ਕੇ ਵਿਆਪਕ ਵਿਗਾੜ ਪੈਦਾ ਕਰਨ ਵਾਲੇ ਹਥਿਆਰਾਂ ਵਜੋਂ ਵਰਤੇ ਜਾ ਸਕਦੇ ਹਨ। ਸਾਲ 2001 ਦੀਆਂ ਐਂਥ੍ਰੈਕਸ ਵਾਲੀਆਂ ਚਿੱਠੀਆਂ ਇਸ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦੀਆਂ ਹਨ। ਹਾਲਾਂਕਿ, ਇਸ ਰਸਾਇਣਕ ਹਮਲੇ ਵਿੱਚ ਸਿਰਫ਼ ਪੰਜ ਲੋਕ ਮਾਰੇ ਗਏ ਸਨ, ਪਰ ਇਸ ਨੇ ਅਮਰੀਕਾ ਦੀ ਡਾਕ ਪ੍ਰਣਾਲੀ ਅਤੇ ਸੰਸਦ (ਕਾਂਗਰਸ) ਦੇ ਕੰਮਕਾਜ ਦਾ ਵੱਡਾ ਹਿੱਸਾ ਠੱਪ ਕਰ ਦਿੱਤਾ, ਪ੍ਰਮੁੱਖ ਡਾਕਘਰਾਂ ਨੂੰ ਸਾਲਾਂ ਲਈ ਬੰਦ ਕਰਵਾ ਦਿੱਤਾ ਅਤੇ ਸੰਸਦੀ ਦਫ਼ਤਰਾਂ ਤੇ ਡਾਕਘਰਾਂ ਨੂੰ ਰੋਗਾਣੂ-ਮੁਕਤ ਕਰਨ ਲਈ ਲਗਭਗ 32 ਕਰੋੜ ਡਾਲਰ ਦਾ ਖਰਚਾ ਆਇਆ। ਘੱਟੋ-ਘੱਟ ਸੰਪਰਕ ਹੋਣ ਦੇ ਬਾਵਜੂਦ 30,000 ਤੋਂ ਵੱਧ ਲੋਕਾਂ ਨੇ ਬਚਾਅ ਵਾਲੀਆਂ ਐਂਟੀਬਾਇਓਟਿਕਸ ਲਈਆਂ। ਇਹ ਦਰਸਾਉਂਦਾ ਹੈ ਕਿ ਡਰ ਅਤੇ ਬੇਯਕੀਨੀ ਜਨਤਕ ਸਿਹਤ ਪ੍ਰਣਾਲੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਅਜਿਹੇ ਹਮਲਿਆਂ ਦਾ ਅਸਲ ਪ੍ਰਭਾਵ ਸਿਰਫ਼ ਜਾਨਲੇਵਾ ਹੀ ਨਹੀਂ ਹੁੰਦਾ ਸਗੋਂ ਆਰਥਿਕ ਅਤੇ ਮਨੋਵਿਗਿਆਨਕ ਤੌਰ ’ਤੇ ਵੀ ਬਹੁਤ ਡੂੰਘਾ ਹੁੰਦਾ ਹੈ, ਜੋ ਫੌਰੀ ਜਾਨੀ ਨੁਕਸਾਨ ਤੋਂ ਕਿਤੇ ਵੱਧ ਰਾਸ਼ਟਰੀ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ।

Advertisement

​ਖੇਤੀ ਨਾਲ ਸਬੰਧਤ ਅਤਿਵਾਦ (ਐਗਰੋਟੈਰਰਿਜ਼ਮ), ਭਾਵ ਫ਼ਸਲਾਂ, ਪਸ਼ੂਆਂ ਜਾਂ ਭੋਜਨ ਸਪਲਾਈ ਲੜੀਆਂ ਨੂੰ ਨਿਸ਼ਾਨਾ ਬਣਾਉਣਾ ਇੱਕ ਵਿਆਪਕ ਪਰ ਅਣਗੌਲਿਆ ਖ਼ਤਰਾ ਹੈ। ਇਹ ਬਹੁਤ ਸਾਰੀਆਂ ਰਵਾਇਤੀ ਡਬਲਿਊਐੱਮਡੀ ਸਥਿਤੀਆਂ ਤੋਂ ਵਧੇਰੇ ਆਰਥਿਕ ਤੇ ਸਮਾਜਿਕ ਨੁਕਸਾਨ ਕਰਨ ਦੇ ਸਮਰੱਥ ਹੈ। ਇਸ ਵਿੱਚ ਘੱਟ ਤਕਨੀਕੀ ਮੁਹਾਰਤ ਦੀ ਲੋੜ ਹੈ, ਪੌਦਿਆਂ ਜਾਂ ਜਾਨਵਰਾਂ ਦੇ ਰੋਗਾਣੂ ਸੌਖਿਆਂ ਉਪਲਬਧ ਹਨ ਤੇ ਖੇਤੀ ਵਾਤਾਵਰਨ ਵੀ ਖੁੱਲ੍ਹਾ ਤੇ ਰੈਲਾ ਹੈ, ਜਿਸ ਦਾ ਪ੍ਰਭਾਵ ਵਿਨਾਸ਼ਕਾਰੀ ਹੋ ਸਕਦਾ ਹੈ। ਅਮਰੀਕੀ ਮਾਡਲ ਦੱਸਦੇ ਹਨ ਕਿ ਇੱਕ ਗੰਭੀਰ ਬਹੁ-ਦੇਸ਼ੀ ਮੂੰਹ-ਖੁਰ ਦੀ ਬਿਮਾਰੀ (ਐੱਫਐੱਮਡੀ) 37 ਤੋਂ 228 ਅਰਬ ਡਾਲਰ ਦਾ ਆਰਥਿਕ ਨੁਕਸਾਨ ਕਰ ਸਕਦੀ ਹੈ ਜਦੋਂਕਿ ਯੂਕੇ ਵਿੱਚ ਅਚਾਨਕ ਫੈਲੇ ਮੂੰਹ-ਖੁਰ ਦੇ ਸੰਕਟ (2001) ਨੇ ਘੱਟੋ-ਘੱਟ 14.5 ਅਰਬ ਡਾਲਰ ਦਾ ਨੁਕਸਾਨ ਕੀਤਾ ਸੀ।

ਭਾਰਤ ਨੂੰ ਖੇਤੀ ਅਤਿਵਾਦ ਦਾ ਖ਼ਾਸ ਤੌਰ ’ਤੇ ਖ਼ਤਰਾ ਹੋ ਸਕਦਾ ਹੈ ਕਿਉਂਕਿ ਇਹ ਰੋਜ਼ੀ-ਰੋਟੀ ਅਤੇ ਭੋਜਨ ਸੁਰੱਖਿਆ ਲਈ ਖੇਤੀਬਾੜੀ ’ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਦੇਸ਼ ਦਾ ਖੇਤੀ ਖੇਤਰ ਬਹੁਤ ਵੱਡਾ ਤੇ ਜ਼ਿਆਦਾ ਕਰਕੇ ਨਿਯਮਤ ਨਹੀਂ ਹੈ ਅਤੇ ਕਰੋੜਾਂ ਛੋਟੇ ਕਿਸਾਨਾਂ ਕੋਲ ਜੈਵ-ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਲਈ ਸਾਧਨ ਸੀਮਤ ਹਨ। 2020 ’ਚ ਟਿੱਡੀ ਦਲ ਦੇ ਹਮਲਿਆਂ ਨੇ ਦਿਖਾਇਆ ਕਿ ਕੋਈ ਕੀਟ ਜਾਂ ਰੋਗਾਣੂ ਨਾਲ ਲੱਗਦੇ ਖੇਤੀ ਖੇਤਰਾਂ ਵਿੱਚ ਕਿੰਨੀ ਤੇਜ਼ੀ ਨਾਲ ਫੈਲ ਸਕਦਾ ਹੈ। ਜ਼ਿਆਦਾ ਨਿਰਭਰਤਾ, ਖੁੱਲ੍ਹਾ ਵਾਤਾਵਰਣ ਅਤੇ ਇਕਸਾਰ ਸੁਰੱਖਿਆ ਉਪਾਵਾਂ ਦੀ ਅਣਹੋਂਦ ਖੇਤੀ ਨਾਲ ਜੁੜੇ ਅਤਿਵਾਦ ਨੂੰ ਫੈਲਾਉਣਾ ਸੌਖਾ ਕਰਦੀ ਹੈ। ਇਸ ਦਾ ਅਸਰ

ਵੀ ਕਾਫ਼ੀ ਵਿਆਪਕ ਹੈ, ਜਿੱਥੇ ਦੁਸ਼ਮਣ ਦੀ ਥੋੜ੍ਹੀ ਜਿਹੀ ਤਕਨੀਕੀ ਕੋਸ਼ਿਸ਼ ਵੀ ਲੰਮੇ ਸਮੇਂ ਤੱਕ ਰਾਸ਼ਟਰੀ ਵਿਗਾੜ ਪੈਦਾ ਕਰ ਸਕਦੀ ਹੈ।

​ਹਾਲੀਆ ਇਤਿਹਾਸ ਦਰਸਾਉਂਦਾ ਹੈ ਕਿ ਰਸਾਇਣਕ ਅਤੇ ਜੈਵਿਕ ਅਤਿਵਾਦ ਸਿਧਾਂਤਕ ਅੰਕੜਿਆਂ ਤੋਂ ਕਿਤੇ ਵੱਧ ਘਾਤਕ ਹੈ। ‘ਔਮ ਸ਼ਿਨਰਿਕਯੋ’ ਨਾਂ ਦੀ ਧਰਮ-ਸੰਪਰਦਾ ਨੇ 1995 ’ਚ ਟੋਕੀਓ ਸਬਵੇਅ ’ਚ ਸੈਰਿਨ ਰਸਾਇਣ ਦਾ ਹਮਲਾ ਕੀਤਾ, ਜਿਸ ਵਿੱਚ 13 ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖ਼ਮੀ ਹੋਏ। ਇਸ ਤੋਂ ਪਹਿਲਾਂ ਵੀ ਇਹ ਵੀਐਕਸ, ਐਂਥ੍ਰੈਕਸ ਅਤੇ ਬੋਟੂਲੀਨਮ ਜਿਹੇ ਵਿਸ਼ੈਲੇ ਪਦਾਰਥਾਂ ਨਾਲ ਹਮਲੇ ਦੀਆਂ ਕੋਸ਼ਿਸ਼ਾਂ ਕਰ ਚੁੱਕਾ ਸੀ। ਇਸ ਤੋਂ ਇਲਾਵਾ ਸਰਕਾਰੀ ਤੰਤਰ ਦੇ ਹੀ ਜੈਵ-ਰੱਖਿਆ ਵਿਗਿਆਨੀ ਦੁਆਰਾ ਸੋਧੇ ਗਏ 2001 ਦੇ ਅਮਰੀਕੀ ਐਂਥ੍ਰੈਕਸ ਪੱਤਰਾਂ ਨੇ ਦਰਸਾਇਆ ਕਿ ਸਿਖਲਾਈਯਾਫ਼ਤਾ ਵਿਅਕਤੀ ਕਿਵੇਂ ਨਵੇਂ ਪਦਾਰਥਾਂ ਨੂੰ ਹਥਿਆਰ ਬਣਾ ਸਕਦੇ ਹਨ। 1978 ਵਿੱਚ ਜਾਰਜੀ ਮਾਰਕੋਵ ਦੀ ਹੱਤਿਆ ਤੋਂ ਲੈ ਕੇ 2020 ਵਿੱਚ ਅਮਰੀਕੀ ਅਧਿਕਾਰੀਆਂ ਨੂੰ ਭੇਜੇ ਗਏ ਰਾਇਸਿਨ ਦੇ ਭਰੇ ਪੱਤਰਾਂ ਤੱਕ ਆਲਮੀ ਸਾਜ਼ਿਸ਼ਾਂ ਵਿੱਚ ਇਸ ਪਦਾਰਥ ਦੀ ਮੌਜੂਦਗੀ ਕਈ ਵਾਰ ਸਾਹਮਣੇ ਆ ਚੁੱਕੀ ਹੈ ਜਦੋਂਕਿ ਆਈਐੱਸਆਈਐੱਸ ਨੇ 2014 ਅਤੇ 2017 ਦੇ ਵਿਚਕਾਰ ਹਲਕੇ ਦਰਜੇ ਦੀ ਕਲੋਰੀਨ ਅਤੇ ਅਣਸੋਧੀ ਮਸਟਰਡ ਗੈਸ ਦੀ ਵਰਤੋਂ ਕੀਤੀ ਸੀ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ 1990 ਤੋਂ ਵਿਆਪਕ ਤਬਾਹੀ ਦੇ ਹਥਿਆਰਾਂ ਦੀਆਂ ਵੱਡੀਆਂ ਘਟਨਾਵਾਂ ਸੈਨਾਵਾਂ ਕਰ ਕੇ ਨਹੀਂ ਸਗੋਂ ਅੰਦਰ ਦੇ ਹੀ ਕੱਟੜਵਾਦੀ ਅਨਸਰਾਂ, ਸੁਤੰਤਰ ਤੌਰ ’ਤੇ ਕੰਮ ਕਰਦੇ ਸੰਗਠਨਾਂ/ਵਿਅਕਤੀਆਂ ਅਤੇ ਦਹਿਸ਼ਤਗਰਦ ਗਰੁੱਪਾਂ ਵੱਲੋਂ ਜ਼ਹਿਰਾਂ, ਘੱਟ-ਤਕਨੀਕੀ ਰੋਗਾਣੂਆਂ ਅਤੇ ਸੋਧੇ ਗਏ ਰਸਾਇਣਕ ਏਜੰਟਾਂ ਦੀ ਵਰਤੋਂ ਕਰਨ ਕਰ ਕੇ ਵਾਪਰੀਆਂ ਹਨ, ਜੋ ਸੰਸਾਰ ਵਿੱਚ ਖ਼ਤਰੇ ਦੇ ਅਜੋਕੇ ਭੂ-ਦ੍ਰਿਸ਼ ਦੀ ਸਪੱਸ਼ਟ ਤਸਵੀਰ ਪੇਸ਼ ਕਰਦੀਆਂ ਹਨ।

​ਇਨ੍ਹਾਂ ਇਤਿਹਾਸਕ ਹਕੀਕਤਾਂ ਦੇ ਮੱਦੇਨਜ਼ਰ ਹਾਲੀਆ ਆਲਮੀ ਘਟਨਾਵਾਂ ਦਰਸਾਉਂਦੀਆਂ ਹਨ ਕਿ ਰਸਾਇਣਕ ਅਤੇ ਜੈਵਿਕ ਖ਼ਤਰੇ ਨਾ ਤਾਂ ਖਿਆਲੀ ਹਨ ਅਤੇ ਨਾ ਹੀ ਦੂਰ। ਕਈ ਦੇਸ਼ਾਂ ਨੇ ਸਖ਼ਤ ਸੁਰੱਖਿਆ ’ਚ ਰੱਖੀਆਂ ਜਾਂਦੀਆਂ ਸੰਵੇਦਨਸ਼ੀਲ ਇਕਾਈਆਂ ਅਤੇ ਸਮੱਗਰੀ ਤੱਕ ਸਿਖਲਾਈਯਾਫ਼ਤਾ ਵਿਅਕਤੀਆਂ ਦੀ ਪਹੁੰਚ ਦਾ ਪਰਦਾਫਾਸ਼ ਕੀਤਾ ਹੈ।

ਅਮਰੀਕਾ ਵਿੱਚ 2024-2025 ਦੀਆਂ ਕਈ ਜਾਂਚਾਂ ਨੇ ਖੁਲਾਸਾ ਕੀਤਾ ਕਿ ਖੋਜਾਰਥੀਆਂ ਵੱਲੋਂ ਯੂਨੀਵਰਸਿਟੀ ਲੈਬਾਂ ਵਿੱਚ ਪਾਬੰਦੀਸ਼ੁਦਾ ਜੈਵਿਕ ਸਮੱਗਰੀਆਂ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਗਈ ਸੀ; ਇਸ ਦੇ ਨਾਲ ਹੀ ਇੱਕ ਵਿਨਾਸ਼ਕਾਰੀ ਸੰਭਾਵੀ ਖੇਤੀ ਅਤਿਵਾਦ ਏਜੰਟ ਭਾਵ ਫਸਲੀ ਫੰਗਸ ਫਿਊਜ਼ਾਰੀਅਮ ਗ੍ਰਾਮੀਨੀਅਰਮ ਦੇ ਗ਼ੈਰ-ਕਾਨੂੰਨੀ ਤਬਾਦਲੇ ਦੇ ਯਤਨਾਂ ਦਾ ਵੀ ਪਰਦਾਫਾਸ਼ ਹੋਇਆ। ਵਿਸਕਾਨਸਿਨ ਦੇ ਇੱਕ ਵਿਅਕਤੀ ਨੂੰ ਰਸਾਇਣਕ ਹਥਿਆਰਾਂ ਦੇ ਮਾਮਲੇ ਵਿੱਚ 2025 ਵਿੱਚ ਸਜ਼ਾ ਸੁਣਾਏ ਜਾਣ ਸਮੇਤ ਅਮਰੀਕਾ ਦੇ ਹੋਰ ਕਈ ਕੇਸ ਰਸਾਇਣਕ ਸਮੱਗਰੀ ਨਾਲ ਜੁੜੇ ਜੋਖ਼ਮਾਂ ਨੂੰ ਉਜਾਗਰ ਕਰਦੇ ਹਨ। ਕੌਮਾਂਤਰੀ ਪੱਧਰ ’ਤੇ ਅਮਰੀਕਾ ਵੱਲੋਂ ਯਕੀਨ ਨਾਲ ਇਹ ਕਹਿਣ ਨੇ, ਕਿ ਸੂਡਾਨ ਨੇ 2024 ਵਿੱਚ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ, ਕਿਸੇ ਦੇਸ਼ ਵੱਲੋਂ ਰਸਾਇਣਕ ਹਥਿਆਰਾਂ ਦੀ ਸੰਧੀ ਦੀ ਉਲੰਘਣਾ ਨੂੰ ਜੱਗ ਜ਼ਾਹਿਰ ਕੀਤਾ। ਜਰਮਨੀ ’ਚ ਆਈਐੱਸਆਈਐੱਸ ਤੋਂ ਪ੍ਰਭਾਵਿਤ ਇੱਕ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ, ਜਿਸ ਨੇ ਸਫ਼ਲਤਾਪੂਰਵਕ ਰਾਇਸਿਨ ਤਿਆਰ ਕੀਤਾ ਸੀ। ਇਸ ਘਟਨਾ ਨੇ ਇਹ ਗੱਲ ਉਭਾਰੀ ਕਿ ਕਿਵੇਂ ਘੱਟ-ਤਕਨੀਕੀ ਜ਼ਹਿਰਾਂ ਨੂੰ ਵੀ ਇਰਾਦੇ ਦੇ ਪੱਕੇ ਅਤੇ ਤਕਨੀਕੀ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਵੱਲੋਂ ਹਥਿਆਰ ਬਣਾਇਆ ਜਾ ਸਕਦਾ ਹੈ।

​ਇਸ ਸੰਦਰਭ ਵਿੱਚ ਸਰਕਾਰ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਵਧੇਰੇ ਚੌਕਸ ਰਹਿਣ ਦੀ ਲੋੜ ਹੈ, ਖ਼ਾਸ ਤੌਰ ’ਤੇ ਉਦੋਂ ਜਦ ਰੁਝਾਨ ਦਰਸਾਉਂਦੇ ਹੋਣ ਕਿ ਰਸਾਇਣਕ ਜਾਂ ਜੈਵਿਕ ਅਤਿਵਾਦ ਦੀ ਸੰਭਾਵਨਾ ਮਹਿਜ਼ ਕਿਆਸਅਰਾਈ ਨਹੀਂ ਸਗੋਂ ਹਕੀਕਤ ਹੈ। ਹਾਲੀਆ ਘਟਨਾਵਾਂ ਵਿੱਚ ਚੰਗੇ ਪੜ੍ਹੇ-ਲਿਖੇ ਪੇਸ਼ੇਵਰਾਂ ਦੀ ਸ਼ਮੂਲੀਅਤ ਦੱਸਦੀ ਹੈ ਕਿ ਅੱਜ ਦੇ ਜ਼ਮਾਨੇ ’ਚ ਕੱਟੜਪੰਥੀਆਂ ਦੀ ਭਰਤੀ ਗ਼ਰੀਬੀ ਜਾਂ ਸਿੱਖਿਆ ਦੀ ਘਾਟ ਦੀਆਂ ਪੁਰਾਣੀਆਂ ਧਾਰਨਾਵਾਂ ਨਾਲ ਮੇਲ ਨਹੀਂ ਖਾਂਦੀ। ਇਹ ਹਕੀਕਤ ਬਹੁਤ ਸਾਰੇ ਖੇਤਰਾਂ ਜਾਂ ਸੰਸਥਾਵਾਂ ਵਿੱਚ ਵਿਆਪਕ ਤੇ ਬਾਰੀਕ ਨਿਗਰਾਨੀ ਦੀ ਲੋੜ ਨੂੰ ਉਭਾਰਦੀ ਹੈ ਜੋ ਸਿੱਧੇ-ਅਸਿੱਧੇ ਤੌਰ ’ਤੇ ਸੰਵੇਦਨਸ਼ੀਲ ਵਿਗਿਆਨਕ, ਉਦਯੋਗਿਕ, ਖੇਤੀਬਾੜੀ ਜਾਂ ਲੌਜਿਸਟਿਕ ਪ੍ਰਕਿਰਿਆਵਾਂ ਨਾਲ ਜੁੜੇ ਹੋਏ ਹਨ। ਇਨ੍ਹਾਂ ’ਚ ਬਾਇਓਟੈਕਨਾਲੋਜੀ ਫਰਮਾਂ ਅਤੇ ਯੂਨੀਵਰਸਿਟੀਆਂ (ਮੈਡੀਕਲ ਕਾਲਜ ਅਤੇ ਖੇਤੀਬਾੜੀ ਯੂਨੀਵਰਸਿਟੀਆਂ) ਵੀ ਸ਼ਾਮਲ ਹਨ, ਅਜਿਹੀਆਂ ਸੰਸਥਾਵਾਂ ਜਿਨ੍ਹਾਂ ਨੂੰ ਰਵਾਇਤੀ ਤੌਰ ’ਤੇ ਅਤਿਵਾਦ ਦੀ ਨਿਗ੍ਹਾ ਨਾਲ ਨਹੀਂ ਦੇਖਿਆ ਜਾਂਦਾ। ਇਸ ਦੇ ਨਾਲ ਹੀ ਜਾਂਚਕਰਤਾਵਾਂ ਅਤੇ ਪੁੱਛਗਿੱਛ ਕਰਨ ਵਾਲਿਆਂ ਨੂੰ ਰਸਾਇਣਕ ਅਤੇ ਜੈਵਿਕ ਖ਼ਤਰਿਆਂ ਨਾਲ ਜੁੜੇ ਤਰੀਕਿਆਂ, ਸੂਚਕਾਂ ਅਤੇ ਖ਼ਤਰਿਆਂ ਬਾਰੇ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਜਾਣਕਾਰੀ ਤੋਂ ਬਿਨਾਂ ਅਹਿਮ ਕੜੀਆਂ ਨਜ਼ਰੋਂ ਓਹਲੇ ਰਹਿ ਸਕਦੀਆਂ ਹਨ।

Advertisement
×