ਮੋਦੀ-ਪੂਤਿਨ ਮਿਲਣੀ ਦੇ ਅਰਥ
ਹੁਣ ਸਭ ਸਾਫ਼ ਹੋ ਗਿਆ ਹੈ ਤੇ ਸੰਖਨਾਦ ਹੋ ਚੁੱਕਾ ਹੈ। ਜੱਫੀਆਂ ਇਤਿਹਾਸ ਦੇ ਕਾਲ-ਚੱਕਰ ’ਤੇ ਆਪਣੀ ਛਾਪ ਛੱਡ ਚੁੱਕੀਆਂ ਹਨ। ਇੱਕ ਛੋਟਾ ਜਿਹਾ ਆਦਾਨ-ਪ੍ਰਦਾਨ ਹੈ ਜੋ ਪ੍ਰਧਾਨ ਮੰਤਰੀ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਹੁਣੇ-ਹੁਣੇ ਸੰਪੰਨ ਹੋਈ ਮਿਲਣੀ ਨੂੰ ਦਰਸਾਉਂਦਾ ਹੈ- ਇੱਕ ਤਸਵੀਰ ਜਿਸ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੂੰ ਰੂਸੀ ਭਾਸ਼ਾ ਵਿੱਚ ਭਗਵਦ ਗੀਤਾ ਦੀ ਇੱਕ ਕਾਪੀ ਤੋਹਫ਼ੇ ਵਜੋਂ ਦੇ ਰਹੇ ਹਨ।
ਤੁਸੀਂ ਪੁੱਛ ਸਕਦੇ ਹੋ ਕਿ ਫਿਰ ਕੀ ਹੋਇਆ? ਪਰ ਜ਼ਰਾ ਧਿਆਨ ਨਾਲ ਦੇਖੋ। ਭਗਵਦ ਗੀਤਾ ਪ੍ਰਾਪਤ ਕਰਦਿਆਂ ਰੂਸੀ ਰਾਸ਼ਟਰਪਤੀ ਅਚੰਭੇ ਨਾਲ ਮੁਸਕਰਾਉਂਦਾ ਹੈ। ਪ੍ਰਧਾਨ ਮੰਤਰੀ ਵਧੇਰੇ ਸ਼ਾਂਤ ਦਿਸਦੇ ਹਨ ਅਤੇ ਇਸ ਵਿੱਚ ਕਈ ਗੁੱਝੇ ਸੁਨੇਹੇ ਹਨ- ਸਭਿਅਤਾ ਨਾਲ ਜੁੜੀਆਂ ਗੀਤਾ ਦੀਆਂ ਸਦੀਆਂ ਪੁਰਾਣੀਆਂ ਸਿੱਖਿਆਵਾਂ; ਕੁਰੂਕਸ਼ੇਤਰ ਦੇ ਮੈਦਾਨ ਤੋਂ ਇੱਕ ਧਰਮੀ ਜੰਗ ਲੜਨ ਦਾ ਸੰਦੇਸ਼; ਪੂਤਿਨ ਵੱਲੋਂ ਯੂਕਰੇਨ ਵਿੱਚ ਤਿੰਨ ਸਾਲਾਂ ਤੋਂ ਲਏ ਜਾ ਰਹੇ ਜੋਖ਼ਮ ’ਤੇ ਅਸਿੱਧੀ ਟਿੱਪਣੀ ਅਤੇ ਸਾਰੇ ਪੱਛਮੀ ਜਗਤ ਲਈ ਸੰਦੇਸ਼, ਜੋ ਭਾਰਤ ਵੱਲੋਂ ਇੱਕ ਅਜਿਹੇ ਵਿਅਕਤੀ ਦਾ ਵਿਸ਼ੇਸ਼ ਸਵਾਗਤ ਵੇਖ ਰਿਹਾ ਹੈ ਜਿਸ ’ਤੇ ਉਨ੍ਹਾਂ ਨੇ ਸਖ਼ਤ ਰੋਕਾਂ ਲਾਈਆਂ ਸਨ; ਭਾਰਤ ਸ਼ਾਂਤੀ ਦੇ ਪੱਖ ’ਚ ਰਹਿੰਦਾ ਹੈ, ਪਰ ਯੂਕਰੇਨ ਸੰਘਰਸ਼ ਵਿੱਚ ‘ਨਿਰਪੱਖ’ ਨਹੀਂ ਹੈ।
ਬਹੁਤ ਸਮੇਂ ਬਾਅਦ ਇਸ ਹਫ਼ਤੇ ਅਜਿਹਾ ਜਾਪਿਆ ਜਿਵੇਂ ਭਾਰਤ ਆਪਣੇ ਅਸਲੀ ਰੰਗ ’ਚ ਪਰਤ ਆਇਆ। ਪਿਛਲੇ ਕੁਝ ਮਹੀਨਿਆਂ ਦੌਰਾਨ ਭਾਰਤ ਨੂੰ ਟਰੰਪ ਤੋਂ ਮਿਲੀ ਘੂਰੀ ਦੇ ਮੱਦੇਨਜ਼ਰ (ਵਪਾਰ ’ਤੇ, ਅਮਰੀਕੀ ਰਾਸ਼ਟਰਪਤੀ ਦੇ ਇਹ ਜ਼ੋਰ ਦੇਣ ਕਾਰਨ ਕਿ ਉਸ ਨੇ ਅਪਰੇਸ਼ਨ ਸਿੰਧੂਰ ਖ਼ਤਮ ਕਰਨ ਵਿੱਚ ਵਿਚੋਲਗੀ ਕੀਤੀ ਅਤੇ ਵ੍ਹਾਈਟ ਹਾਊਸ ਵਿੱਚ ਆਸਿਮ ਮੁਨੀਰ ਦੇ ਸ਼ਾਹੀ ਸਵਾਗਤ ਕਾਰਨ) ਮੋਦੀ ਨੇ ਫ਼ੈਸਲਾ ਕੀਤਾ ਹੋਵੇਗਾ ਕਿ ਹੁਣ ਬਹੁਤ ਹੋ ਗਿਆ ਹੈ ਅਤੇ ਦਲੇਰ ਬਣਨ ਦਾ ਸਮਾਂ ਆ ਗਿਆ ਹੈ।
ਪੂਤਿਨ ਨੂੰ ਬਹੁਤ ਦੇਰ ਤੋਂ ਸੱਦਾ ਦੇਣ ਬਾਰੇ ਸੋਚਿਆ ਜਾ ਰਿਹਾ ਸੀ। ਦਰਅਸਲ, ਰੂਸੀ ਰਾਸ਼ਟਰਪਤੀ ਆਖ਼ਰੀ ਵਾਰ ਚਾਰ ਸਾਲ ਪਹਿਲਾਂ ਭਾਰਤ ਆਏ ਸਨ। ਮੋਦੀ ਨੇ ਪੂਤਿਨ ਦਾ ਸ਼ਾਨਦਾਰ ਸਵਾਗਤ ਸਿਰਫ਼ ਇਸ ਕਾਰਨ ਹੀ ਨਹੀਂ ਕੀਤਾ ਕਿ ਟਰੰਪ ਆਸਿਮ ਮੁਨੀਰ ਨਾਲ ਜੋਟੀ ਬਣਾ ਰਹੇ ਹਨ, ਜਾਂ ਭਾਰਤ-ਅਮਰੀਕਾ ਵਪਾਰ ਸੌਦਾ ਚਿਰਾਂ ਤੋਂ ਖੇਤੀ ਨਾਲ ਸਬੰਧਿਤ ਅੜਿੱਕਿਆਂ ਦਾ ਸਾਹਮਣਾ ਕਰ ਰਿਹਾ ਹੈ, ਜਾਂ ਭਾਰਤ-ਰੂਸ ਦੇ 64 ਅਰਬ ਡਾਲਰ ਦੇ ਦੁਵੱਲੇ ਵਪਾਰ ਵਿੱਚੋਂ ਭਾਰਤ ਦਾ ਊਰਜਾ ਦਰਾਮਦ ਬਿੱਲ ਹੀ ਇਕੱਲਾ 55 ਅਰਬ ਡਾਲਰ ਬਣਦਾ ਹੈ; ਸਗੋਂ ਇਸ ਦਾ ਕਾਰਨ ਭੂ-ਰਾਜਨੀਤੀ ਦੇ ਬੁਨਿਆਦੀ ਸਬਕ ਵੀ ਹਨ। ਕੋਈ ਵੀ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਬਲਕਿ ਹਿੱਤ ਹੀ ਸਥਾਈ ਹੁੰਦੇ ਹਨ।
ਯੂਕਰੇਨ ਸੰਕਟ ਤੋਂ ਵਧੀਆ ਉਦਾਹਰਣ ਹੋਰ ਕੋਈ ਨਹੀਂ ਹੋ ਸਕਦੀ। ਪੂਤਿਨ ਦੇ ਰੂਸ ’ਤੇ ਅਮਰੀਕਾ ਪਾਬੰਦੀਆਂ ਲਾ ਰਿਹਾ ਹੈ- ਜਿਨ੍ਹਾਂ ਵਿੱਚ ਚਾਰ ਰੂਸੀ ਕੰਪਨੀਆਂ ਸ਼ਾਮਲ ਹਨ ਜੋ ਭਾਰਤ ਨੂੰ ਤੇਲ ਸਪਲਾਈ ਕਰਦੀਆਂ ਹਨ- ਪਰ ਟਰੰਪ ਦੇ ਨਾਲ-ਨਾਲ ਉਸ ਦੇ ਸਹਿਯੋਗੀਆਂ ਨੇ ਵੀ ਜੰਗ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਲਈ ਪੂਤਿਨ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਰੂਸੀ ਰਾਸ਼ਟਰਪਤੀ ਇਸ ਦੌਰਾਨ ਆਪਣੇ ਰੁਖ਼ ’ਤੇ ਅੜੇ ਹੋਏ ਹਨ। ਉਹ ਪਿਛਲੇ ਤਿੰਨ ਸਾਲਾਂ ਤੋਂ ਨਾ ਕੇਵਲ ਯੂਕਰੇਨ ਖ਼ਿਲਾਫ਼ ਜੰਗ ਲੜ ਰਹੇ ਹਨ ਸਗੋਂ ਯੂਰੋਪੀਅਨਾਂ ਅਤੇ ਅਮਰੀਕੀਆਂ ਨਾਲ ਵੀ ਮੱਥਾ ਲਾ ਰਹੇ ਹਨ, ਜਿਨ੍ਹਾਂ ਨੇ ਯੂਕਰੇਨ ਵਿੱਚ ਰੂਸੀ ਬੋਲਣ ਵਾਲੇ ਖੇਤਰਾਂ, ਜਿਵੇਂ ਕਿ ਡੋਨਬਾਸ, ਉੱਤੇ ਕਬਜ਼ਾ ਲੈਣ ਲਈ ਯੂਕਰੇਨੀਆਂ ਦੀ ਵਿੱਤੀ ਮਦਦ ਕੀਤੀ ਹੈ।
ਇਹ ਭੂ-ਰਾਜਨੀਤੀ ਦਾ ਦੂਜਾ ਸਬਕ ਹੈ ਕਿ ਤਾਕਤਵਰ ਵਿਰੋਧੀਆਂ ਦੇ ਸਾਹਮਣੇ ਡਟਣਾ ਓਨਾ ਚਿਰ ਸੰਭਵ ਹੈ, ਜਿੰਨਾ ਚਿਰ ਤੁਹਾਡੇ ਕੋਲ ਅਜਿਹਾ ਕਰਨ ਦੀ ਤਾਕਤ ਹੈ।
ਮੋਦੀ ਜਾਣਦੇ ਹਨ ਕਿ ਵੱਡੀਆਂ ਤਾਕਤਾਂ- ਚੀਨ, ਅਮਰੀਕਾ ਅਤੇ ਰੂਸ- ਜਦੋਂ ਆਪਣੀਆਂ ਖ਼ਾਹਿਸ਼ਾਂ ਦੀ ਪੂਰਤੀ ਲਈ ਅੱਗੇ ਵਧਦੀਆਂ ਹਨ ਤਾਂ ਉਹ ਸ੍ਰੇਸ਼ਠ ਇਖ਼ਲਾਕੀ ਕਦਰਾਂ-ਕੀਮਤਾਂ ਨੂੰ ਵੀ ਪਿੱਛੇ ਛੱਡ ਸਕਦੀਆਂ ਹਨ। ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਵਾਂਗੂ ਬਣਨ ਲਈ ਭਾਰਤ ਨੂੰ ਆਰਥਿਕ ਤਾਕਤ ਜੁਟਾਉਣੀ ਚਾਹੀਦੀ ਹੈ। ਅਜਿਹਾ ਕਿਵੇਂ ਕਰ ਸਕਦੇ ਹਾਂ ਜਦੋਂ ਰੁਪਿਆ ਡਾਲਰ ਦੇ ਮੁਕਾਬਲੇ ਡਿੱਗ ਰਿਹਾ ਹੈ ਅਤੇ ਪਿਛਲੇ 15 ਸਾਲਾਂ ਵਿੱਚ ਆਪਣਾ ਅੱਧਾ ਮੁੱਲ ਗੁਆ ਚੁੱਕਾ ਹੈ, ਜਿਸ ਵਿੱਚੋਂ ਜ਼ਿਆਦਾ ਸਮਾਂ ਮੋਦੀ ਦੀ ਸਰਕਾਰ ਰਹੀ ਹੈ?
ਸਮੱਸਿਆ ਇਹ ਹੈ ਕਿ ਅਮਰੀਕੀ ਬਾਜ਼ਾਰ ’ਤੇ ਦਿੱਲੀ ਬਹੁਤ ਨਿਰਭਰ ਹੈ। ਇਸੇ ਲਈ ਇਸ ਨੂੰ ਇੱਕ ਚੰਗੇ ਭਾਰਤ ਪੱਖੀ ਵਪਾਰ ਸੌਦੇ ਦੀ ਜ਼ਰੂਰਤ ਹੈ ਕਿਉਂਕਿ ਚੀਨ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਘੱਟ ਪੈਸੇ ਵਿੱਚ ਮਿਆਰੀ ਸਾਮਾਨ ਵੇਚਦਾ ਹੈ, ਇਸ ਲਈ 100 ਅਰਬ ਡਾਲਰ ਦਾ ਦੁਵੱਲਾ ਵਪਾਰ ਜ਼ਿਆਦਾ ਕਰਕੇ ਚੀਨ ਦੇ ਪੱਖ ਵਿੱਚ ਹੈ; ਅਤੇ ਜਿੱਥੋਂ ਤੱਕ ਰੂਸੀ ਬਾਜ਼ਾਰ ਦੀ ਗੱਲ ਹੈ, ਭਾਰਤ ਸਸਤੇ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਲਈ ਰੂਸ ’ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ, ਜਿਸ ਨਾਲ ਭਾਰਤ ਦੀ ਆਰਥਿਕਤਾ ਦੇ ਪਹੀਏ ਸੁਚਾਰੂ ਢੰਗ ਨਾਲ ਘੁੰਮਦੇ ਰਹਿੰਦੇ ਹਨ ਕਿਉਂਕਿ ਬਹੁਤ ਉੱਚੀਆਂ ਕੌਮਾਂਤਰੀ ਦਰਾਂ ’ਤੇ ਤੇਲ ਖਰੀਦਣ ਨਾਲੋਂ ਤਾਂ ਇਹ ਬਿਹਤਰ ਵਿਕਲਪ ਹੈ।
ਇਸ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਕਿਉਂ ਨਾ ਕੀਤੀ ਜਾਵੇ ਅਤੇ ਹਰੇਕ ਨਾਲ ਸਾਰਥਕ ਸਬੰਧ ਕਿਉਂ ਨਾ ਬਣਾਏ ਜਾਣ? ਇਸ ਨੂੰ ਬਹੁ-ਧਰੁਵੀ ਸਬੰਧ ਕਹਿ ਲਓ ਜਾਂ ਗੁੱਟ-ਨਿਰਲੇਪਤਾ ਕਹਿ ਲਓ।
ਇਸੇ ਲਈ ਸ਼ੁੱਕਰਵਾਰ ਨੂੰ ਜਦੋਂ ਪੂਤਿਨ ਦਾ ਜਹਾਜ਼ ਦਿੱਲੀ ਦੇ ਪਾਲਮ ਹਵਾਈ ਅੱਡੇ ’ਤੇ ਉਤਰਿਆ ਤਾਂ ਸ਼ਾਮ ਦੀ ਠੰਢ ਵਿੱਚ ਪੂਤਿਨ ਨੂੰ ਮਿਲਣ ਲਈ ਮੋਦੀ ਨੇ ਪ੍ਰੋਟੋਕੋਲ ਤੋੜਿਆ। ਦੋਵਾਂ ਨੇਤਾਵਾਂ ਨੇ ਇਕੱਠੇ ਭਾਰਤੀ ਨ੍ਰਿਤ ਕਲਾਕਾਰਾਂ ਨੂੰ ਰੂਸੀ ਰਾਸ਼ਟਰਪਤੀ ਦਾ ਸਵਾਗਤ ਕਰਦੇ ਦੇਖਿਆ ਅਤੇ ਰਾਤ ਦੇ ਖਾਣੇ ਲਈ ਘਰ ਚਲੇ ਗਏ। ਮਹੱਤਵਪੂਰਨ ਗੱਲ ਇਹ ਹੈ ਕਿ ਦੋਵਾਂ ਪੱਖਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੋਇਆ, ਸਿਰਫ਼ ਸਮਝੌਤਾ ਪੱਤਰਾਂ ’ਤੇ ਦਸਤਖ਼ਤ ਹੋਏ ਹਨ। ਇਹ ਬੇਚੈਨ ਪੱਛਮੀ ਮੁਲਕਾਂ, ਖ਼ਾਸਕਰ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਦੇ ਆਗੂਆਂ ਲਈ ਇੱਕ ਚੰਗਾ ਸੰਕੇਤ ਹੈ, ਜੋ ਅਗਲੇ ਮਹੀਨੇ ਭਾਰਤ ਦੇ ਗਣਤੰਤਰ ਦਿਵਸ ਸਮਾਗਮ ਲਈ ਮੁੱਖ ਮਹਿਮਾਨਾਂ ਵਜੋਂ ਆ ਰਹੇ ਹਨ ਕਿ ਭਾਰਤ ਰੂਸੀ ਗੱਠਜੋੜ ਅੱਗੇ ਨਹੀਂ ਝੁਕੇਗਾ ਭਾਵੇਂ ਇਸ ਨੂੰ ਰੂਸੀ ਤੇਲ ਦੀ ਸਖ਼ਤ ਜ਼ਰੂਰਤ ਹੈ।
ਇਸ ਲਈ ਹੁਣ ਚੰਗੇ-ਮਾੜੇ ਪੁਰਾਣੇ ਦਿਨਾਂ ਵਰਗੀ ਕੋਈ ਹਿੰਦੀ-ਰੂਸੀ ਭਾਈ-ਭਾਈ ਦੀ ਨਾਅਰੇਬਾਜ਼ੀ ਨਹੀਂ ਹੈ। ਹੁਣ ਜ਼ਿਆਦਾ ਬਿਆਨਬਾਜ਼ੀ ਇੱਕ ਰਣਨੀਤਕ ਸੁਧਾਰ ਬਾਰੇ ਹੈ, ਪਰ ਕਿਸੇ ਹੋਰ ਰਿਸ਼ਤੇ ਦੀ ਕੀਮਤ ’ਤੇ ਨਹੀਂ।
ਸਪੱਸ਼ਟ ਹੈ ਕਿ ਪੂਤਿਨ ਮੋਦੀ ਦੀ ਅਮਰੀਕੀ ਮੁਸ਼ਕਿਲ ਨੂੰ ਸਮਝਦੇ ਹਨ। ਉਹ ਜਾਣਦੇ ਹਨ ਕਿ ਭਾਰਤ ਨੂੰ ਅਮਰੀਕਾ ਨਾਲ ਵਪਾਰ ਸੌਦੇ ਦੀ ਜ਼ਰੂਰਤ ਹੈ। ਜੇ ਦਿੱਲੀ ਰੂਸ ਨਾਲ ਆਪਣੇ ਰਿਸ਼ਤਿਆਂ ਬਾਰੇ ਅਮਰੀਕਾ ਦੀ ਬੇਚੈਨੀ ਘਟਾ ਸਕਦੀ ਹੈ ਤਾਂ ਇਹ ਟਰੰਪ ਨੂੰ ਅਗਲੇ ਸਾਲ ਕੁਝ ਸਮੇਂ ਲਈ ਭਾਰਤ ਆਉਣ ਲਈ ਵੀ ਲੁਭਾ ਸਕਦੀ ਹੈ, ਖ਼ਾਸਕਰ ਜੇ ਇਸ ਦੌਰਾਨ ਯੂਕਰੇਨ ਬਾਰੇ ਅਮਰੀਕਾ-ਰੂਸ ਦਾ ਸਮਝੌਤਾ ਹੋ ਸਕਦਾ ਹੈ। ਹਾਲਾਂਕਿ ਟਰੰਪ ਨੇ ਅਗਲੇ ਸਾਲ ਅਪਰੈਲ ਵਿੱਚ ਚੀਨ ਜਾਣ ਦੀ ਵਚਨਬੱਧਤਾ ਜ਼ਾਹਿਰ ਕੀਤੀ ਹੈ।
ਇਸ ਦਲੇਰ, ਨਵੀਂ ਮਿਲੀ-ਜੁਲੀ ਦੁਨੀਆ, ਜਿਸ ਵਿੱਚ ਵੱਡੀਆਂ ਸ਼ਕਤੀਆਂ ਵਿਆਪਕ ਛਾਪ ਛੱਡਦੀਆਂ ਹਨ, ਭਾਰਤ ਵਰਗੀਆਂ ਛੋਟੀਆਂ ਸ਼ਕਤੀਆਂ ਨੂੰ ਗੱਲਬਾਤ ਕਰਨਾ, ਪਾਸੇ ਹੋਣਾ, ਘੁੰਮ ਕੇ ਆਉਣਾ ਅਤੇ ਵਿਚੋਲਗੀ ਕਰਨਾ ਸਿੱਖਣਾ ਚਾਹੀਦਾ ਹੈ। ਇਹ ਉਹੀ ਕੁਝ ਹੈ ਜੋ ਭਾਰਤ ਆਜ਼ਾਦੀ ਤੋਂ ਬਾਅਦ ਦੇ ਸ਼ੁਰੂਆਤੀ ਔਖੇ ਦਿਨਾਂ ਤੋਂ ਕਰ ਰਿਹਾ ਹੈ, ਜਦੋਂ ਇਸ ਨੇ ਵੱਡੀਆਂ ਤਾਕਤਾਂ ਦੇ ਦਬਾਅ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ ਜਿਨ੍ਹਾਂ ਨੇ ਦਿੱਲੀ ਨੂੰ ਇੱਕ ਗੱਠਜੋੜ ਦਾ ਲਾਲਚ ਦਿੱਤਾ ਸੀ।
ਸਿਰਫ਼ ਇਕੱਲੇ ਅਮਰੀਕਾ ਨਾਲ ਨਹੀਂ ਸਗੋਂ ਹਰ ਕਿਸੇ ਨਾਲ ਸੁਖਾਵੇਂ ਤੇ ਲਾਹੇਵੰਦ ਸਬੰਧ ਕਾਇਮ ਕਰਨ ਦੀ ਇਹ ਕਾਬਲੀਅਤ ਭਾਰਤ ਲਈ ਲਾਹੇਵੰਦ ਹੈ ਕਿਉਂਕਿ ਇਹ ਪ੍ਰਾਚੀਨ ਸੱਭਿਅਤਾ ਦੀ ਇੱਕ ਵੱਡੀ ਤਾਕਤ ਹੈ। ਇਸ ਵਿੱਚ ਬੁਲੰਦ ਨੈਤਿਕ ਆਧਾਰ ਦਾ ਪ੍ਰਚਾਰ ਕਰਨ ਦੀ ਯੋਗਤਾ ਹੈ ਪਰ ਇਹ ਸਾਮ, ਦਾਮ, ਦੰਡ, ਭੇਦ ਦਾ ਅਭਿਆਸ ਕਰਦੀ ਹੈ।
ਮੋਦੀ ਸਮਝਦੇ ਹਨ ਕਿ ਦੁਨੀਆ ਦੇ ਤਾਕਤਵਰ ਮੁਲਕਾਂ ਦੀ ਗਿਣਤੀ ਵਿੱਚ ਆਉਣ ਲਈ ਭਾਰਤ ਨੂੰ ਆਰਥਿਕ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਇਸ ਨੂੰ ਪੁਰਾਣੇ ਸਾਥੀ, ਡੇਂਗ ਸ਼ਿਆਓਪਿੰਗ ਦੇ ਨਿਰੋਲ ਪੂੰਜੀਵਾਦੀ ਨਾਅਰੇ ਨੂੰ ਦਿਲੋਂ ਮੰਨਣਾ ਚਾਹੀਦਾ ਹੈ ਅਤੇ ਇਸ ਨੂੰ ਆਪਣੀ ਮਿਸ਼ਰਤ ਅਰਥਵਿਵਸਥਾ ਦਾ ਕੇਂਦਰੀ ਸਿਧਾਂਤ ਬਣਾਉਣਾ ਚਾਹੀਦਾ ਹੈ। ਸਾਨੂੰ ਅੰਬ ਖਾਣ ਨਾਲ ਮਤਲਬ ਹੋਣਾ ਚਾਹੀਦਾ ਹੈ, ਗੁਠਲੀਆਂ ਗਿਣਨ ਨਾਲ ਨਹੀਂ।
ਇਸੇ ਲਈ ਪੂਤਿਨ ਦਾ ਦੌਰਾ ਮੋਦੀ ਅਤੇ ਪੂਤਿਨ ਦੋਵਾਂ ਲਈ ਮਹੱਤਵਪੂਰਨ ਹੈ। ਇਸ ਨਾਲ ਰੂਸੀ ਰਾਸ਼ਟਰਪਤੀ ਦੁਨੀਆ ਨੂੰ ਇਹ ਦੱਸ ਸਕਣਗੇ ਕਿ ਸਾਰੀਆਂ ਪੱਛਮੀ ਪਾਬੰਦੀਆਂ ਦੇ ਬਾਵਜੂਦ ਰੂਸ ਅਲੱਗ-ਥਲੱਗ ਨਹੀਂ ਹੈ। ਪੂਤਿਨ ਨੂੰ ਇਸ ਲਈ ਮੋਦੀ ਦਾ ਧੰਨਵਾਦ ਕਰਨਾ ਚਾਹੀਦਾ ਹੈ। ਇਹ ਗੱਲ ਵੀ ਓਨੀ ਹੀ ਮਹੱਤਵਪੂਰਨ ਹੈ ਕਿ ਭਾਰਤ ਦੇ ਦੌਰੇ ਸਦਕਾ ਪੂਤਿਨ ਆਪਣੇ ਚੰਗੇ ਮਿੱਤਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਇਹ ਸੁਨੇਹਾ ਦੇ ਸਕਣਗੇ ਕਿ ਮਾਓ ਦੇ “ਲੈੱਟ ਏ ਹੰਡਰਡਸ ਫਲਾਵਰਜ਼ ਬਲੂਮਿੰਗ” (ਚੀਨੀ ਨੇਤਾ ਵੱਲੋਂ ਦਿੱਤਾ ਗਿਆ ਨਾਅਰਾ) ਵਾਲੇ ਬਾਗ਼ ਵਿੱਚ ਹੋਰ ਵੀ ਫੁੱਲ ਖਿੜ ਰਹੇ ਹਨ ਜਿਵੇਂ ਭਾਰਤ।
ਇਸੇ ਲਈ ਬਹੁਤ ਸਮੇਂ ਬਾਅਦ ਇਸ ਹਫ਼ਤੇ ਅਜਿਹਾ ਲੱਗਿਆ ਜਿਵੇਂ ਭਾਰਤ ਆਪਣੇ ਅਸਲੀ ਰੂਪ ਵਿੱਚ ਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਪੁਰਾਣੇ ਦੋਸਤ ਦੀ ਤਰ੍ਹਾਂ ਰੂਸੀ ਰਾਸ਼ਟਰਪਤੀ ਦਾ ਸਵਾਗਤ ਕੀਤਾ, ਪਰ ਬਾਕੀ ਦੋਸਤਾਂ ਦਾ ਵੀ ਧਿਆਨ ਰੱਖਿਆ। ਬਹੁ-ਧਰੁਵੀਕਰਨ ਜਾਂ ਗੁੱਟ-ਨਿਰਲੇਪਤਾ ਦਾ ਸੰਦੇਸ਼ ਸਪੱਸ਼ਟ ਸੀ।
*ਲੇਖਕਾ ਦਿ ਟ੍ਰਿਬਿਊਨ ਦੇ ਮੁੱਖ ਸੰਪਾਦਕ ਹਨ।
