ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧਾਰਮਿਕ ਆਜ਼ਾਦੀ ਅਤੇ ਨੌਵੇਂ ਗੁਰੂ ਦੀਆਂ ਸਿੱਖਿਆਵਾਂ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦਾ ਸਾਢੇ ਤਿੰਨ ਸੌ ਸਾਲਾ ਦਿਹਾੜਾ ਖ਼ਾਲਸਾ ਪੰਥ ਵੱਲੋਂ ਵੱਡੇ ਪੱਧਰ ਉੱਤੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਹ ਸਾਡੀ ਪੀੜ੍ਹੀ ਲਈ ਇਤਿਹਾਸਕ ਮੌਕਾ ਹੈ...
Advertisement

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦਾ ਸਾਢੇ ਤਿੰਨ ਸੌ ਸਾਲਾ ਦਿਹਾੜਾ ਖ਼ਾਲਸਾ ਪੰਥ ਵੱਲੋਂ ਵੱਡੇ ਪੱਧਰ ਉੱਤੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਹ ਸਾਡੀ ਪੀੜ੍ਹੀ ਲਈ ਇਤਿਹਾਸਕ ਮੌਕਾ ਹੈ ਜਦੋਂ ਸ਼ਹੀਦੀ ਦਿਹਾੜੇ ਦੇ ਨਾਲ-ਨਾਲ ਅਸੀਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਢੇ ਤਿੰਨ ਸੌ ਸਾਲਾ ਗੁਰਗੱਦੀ ਦਿਵਸ ਮਨਾ ਰਹੇ ਹਾਂ। ਨੌਵੇਂ ਪਾਤਸ਼ਾਹ ਨੇ ਆਪਣੀ ਸ਼ਹਾਦਤ ਨਾਲ ਇਸ ਖਿੱਤੇ ਵਿੱਚ ਧਾਰਮਿਕ ਆਜ਼ਾਦੀ ਦੀ ਬਹੁਤ ਡੂੰਘੀ ਤੇ ਮਜ਼ਬੂਤ ਨੀਂਹ ਰੱਖੀ, ਜਿਸ ਉੱਤੇ ਗੁਰੂ ਸਾਹਿਬ ਦੇ ਸਿਧਾਤਾਂ ਤੇ ਸਿੱਖਿਆਵਾਂ ਨੂੰ ਪ੍ਰਣਾਇਆ ਸਮਾਜ ਸਿਰਜਣ ਦੀ ਵੱਡੀ ਲੋੜ ਹੈ।

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਬਚਿੱਤਰ ਨਾਟਕ ਵਿੱਚ ਇਹ ਮੋਹਰ ਲਗਾਈ ਹੈ ਕਿ ‘‘ਤਿਲਕ ਜੰਞੂ ਰਾਖਾ ਪ੍ਰਭ ਤਾ ਕਾ।। ਕੀਨੋ ਬਡੋ ਕਲੂ ਮਹਿ ਸਾਕਾ।। ਇਸ ਲਈ ਇਸ ਗੱਲ ਤੋਂ ਦੁਨੀਆ ਦਾ ਕੋਈ ਵੀ ਵਿਅਕਤੀ ਮੁਨਕਰ ਨਹੀਂ ਹੋ ਸਕਦਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਅਤੇ ਜੰਞੂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਨੌਵੇਂ ਪਾਤਸ਼ਾਹ ਨੇ ਅਜਿਹੇ ਔਖੇ ਸਮੇਂ ਹਿੰਦੂ ਧਰਮ ਦੀ ਰੱਖਿਆ ਕੀਤੀ ਜਦੋਂ ਔਰੰਗਜ਼ੇਬ ਵੱਲੋਂ ਇਸ ਖਿੱਤੇ ਅੰਦਰ ਹਿੰਦੂਆਂ ਦੇ ਸਵਾ-ਸਵਾ ਮਣ ਜਨੇਊ ਲਾਹੇ ਜਾਂਦੇ ਸਨ। ਉਦੋਂ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਖ਼ਤਰੇ ਵਿੱਚ ਸੀ ਤਾਂ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਿਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਆ ਕੇ ਰੱਖਿਆ ਲਈ ਅਰਜ਼ੋਈ ਕੀਤੀ। ਨੌਂ ਸਾਲ ਦੀ ਉਮਰ ਵਿੱਚ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ) ਜੀ ਨੇ ਸਹਿਜ-ਸੁਭਾਅ ਹੀ ਆਪਣੇ ਗੁਰੂ ਪਿਤਾ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਨਾਲੋਂ ਸਤਿ ਪੁਰਖ ਅਤੇ ਮਹਾਤਮਾ ਹੋਰ ਕੌਣ ਹੋ ਸਕਦਾ ਹੈ। ਨੌਵੇਂ ਪਾਤਸ਼ਾਹ ਦਾ ਦੇਣਾ ਇਸ ਦੇਸ਼ ਦੇ ਲੋਕ ਨਹੀਂ ਦੇ ਸਕਦੇ ਅਤੇ ਅੱਜ ਇਸ ਗੱਲ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਜੇਕਰ ਉਸ ਸਮੇਂ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਇਸ ਦੇਸ਼ ਦਾ ਨਕਸ਼ਾ ਅੱਜ ਵਰਗਾ ਨਾ ਹੁੰਦਾ।

Advertisement

ਕੁਝ ਲੋਕ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਿਰਫ਼ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ ਵੇਖਦੇ ਹਨ ਜਦੋਂਕਿ ਇਸੇ ਤਰ੍ਹਾਂ ਕੁਝ ਲੋਕ ਇਸ ਅਦੁੱਤੀ ਸਾਕੇ ਨੂੰ ਆਪਣੀ ਧਾਰਮਿਕ ਆਜ਼ਾਦੀ ਦੀ ਰੱਖਿਆ ਵਜੋਂ ਦੇਖਦੇ ਹਨ, ਪਰ ਗੁਰੂ ਸਾਹਿਬ ਦਾ ਸਿਧਾਂਤ ਤੇ ਪਰਉਪਕਾਰ ਵਿਸ਼ਵਵਿਆਪੀ ਹੈ ਅਤੇ ਸਾਰੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਵਾਲਾ ਹੈ। ਇਸ ਅਦੁੱਤੀ ਸਾਕੇ ਅਤੇ ਨੌਵੇਂ ਪਾਤਸ਼ਾਹ ਦੀ ਦੂਰਅੰਦੇਸ਼ੀ ਨੂੰ ਬਿਆਨ ਕਰਨਾ ਇਤਨਾ ਸੁਖਾਲਾ ਨਹੀਂ। ਸਾਡੀ ਸੂਝ-ਸਮਝ ਹਾਲੇ ਇਤਨੀ ਨਹੀਂ ਕਿ ਅਸੀਂ ਨੌਵੇਂ ਪਾਤਸ਼ਾਹ ਦੀ ਅਦੁੱਤੀ ਸ਼ਹਾਦਤ ਨੂੰ ਆਪਣੀ ਮੱਤ ਅਨੁਸਾਰ ਬਿਆਨ ਕਰ ਸਕੀਏ। ਇਸ ਲਈ ਸਾਨੂੰ ਗੁਰਮਤਿ ਅਨੁਸਾਰ ਸੋਚ ਕੇ ਫ਼ੈਸਲਾ ਕਰਨਾ ਪਵੇਗਾ ਜੋ ਕਿ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ।

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਾਹਿਬ ਦੀ ਸ਼ਹਾਦਤ ਲਈ ‘ਕੀਨੋ ਬਡੋ ਕਲੂ ਮਹਿ ਸਾਕਾ।।’ ਸ਼ਬਦ ਲਿਖੇ ਹਨ। ਇਸ ਤੁਕ ਨੂੰ ਸਹਿਜੇ ਸਮਝੀਏ ਤਾਂ ਇਸ ਦਾ ਭਾਵ ਹੈ ਕਿ ਗੁਰੂ ਸਾਹਿਬ ਜੀ ਨੇ ਕਲਯੁਗ ਵਿੱਚ ਵੱਡਾ ਸਾਕਾ ਵਰਤਾਇਆ ਹੈ। ਔਰੰਗਜ਼ੇਬ ਦਾ ਰਾਜ ਇਸ ਖਿੱਤੇ ਦੇ ਲੋਕਾਂ ਉੱਤੇ ਕਲਯੁਗ ਦਾ ਕਹਿਰ ਢਾਹ ਰਿਹਾ ਸੀ ਕਿ ਨੌਵੇਂ ਪਾਤਸ਼ਾਹ ਨੇ ਵੱਡੀ ਸ਼ਹਾਦਤ ਦੇ ਕੇ ਜ਼ਾਲਮ ਰਾਜ ਦੀਆਂ ਜੜ੍ਹਾਂ ਪੁੱਟਣ ਦਾ ਮੁੱਢ ਬੰਨ੍ਹਿਆ। ਸਾਕਾ ਤੋਂ ਭਾਵ ਹੈ: ਇਤਿਹਾਸਕ ਘਟਨਾ, ਖ਼ਾਸਕਰ ਜਿਸ ਵਿੱਚ ਦੁਰਲੱਭ ਬਹਾਦਰੀ ਜਾਂ ਸ਼ਹਾਦਤ ਸ਼ਾਮਲ ਹੋਵੇ। ਇਹ ਸਮਝਣ ਦੀ ਲੋੜ ਹੈ ਕਿ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਤਾਂ ਉਸ ਵੇਲੇ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿੱਚ ਹਕੂਮਤ ਦੇ ਵਿਰੋਧ ਦੀ ਸਜ਼ਾ ਸਿਰ ਕਲਮ ਹੋਣਾ ਹੁੰਦੀ ਸੀ। ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਨਾਲ ਇਸ ਖਿੱਤੇ ਦੇ ਸਮਾਜ ਅੰਦਰ ਚੇਤਨਤਾ ਦੀ ਐਸੀ ਚਿਣਗ ਜਗਾਈ, ਜਿਸ ਦਾ ਆਨੰਦ ਅੱਜ ਅਸੀਂ ਸਭ ਮਾਣ ਰਹੇ ਹਨ। ਇਸ ਲਈ ਸਾਡੇ ਸਾਰਿਆਂ ਦੇ ਸਿਰਾਂ ਉੱਤੇ ਗੁਰੂ ਦਾ ਅਜਿਹਾ ਕਰਜ਼ਾ ਹੈ, ਜਿਸ ਨੂੰ ਅਸੀਂ ਕਦੇ ਨਹੀਂ ਉਤਾਰ ਸਕਦੇ।

ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਤਿੰਨ ਅਨਿੰਨ ਸਿੱਖਾਂ - ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਯਾਦ ਕਰਨਾ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਸਿੱਖੀ ਸਿਦਕ ਵਿੱਚ ਪੱਕੇ ਰਹੇ ਅਤੇ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੇ। ਜਿਵੇਂ ਦਸਵੇਂ ਪਾਤਸ਼ਾਹ ਨੇ ਲਿਖਿਆ ਹੈ: ਧਰਮ ਹੇਤ ਸਾਕਾ ਜਿਨਿ ਕੀਆ।। ਸੀਸੁ ਦੀਆ ਪਰੁ ਸਿਰਰੁ ਨ ਦੀਆ।। ਉਵੇਂ ਹੀ ਅੱਜ ਲੋੜ ਹੈ ਕਿ ਸਿੱਖ ਆਪਣੇ ਧਰਮ ਵਿੱਚ ਪਰਪੱਕ ਰਹਿਣ ਤੇ ਸਾਬਤ ਸੂਰਤ ਸਿੱਖ ਪਛਾਣ ਕਾਇਮ ਰੱਖਣ। ਗੁਰੂ ਸਾਹਿਬ ਸਿੱਖਾਂ ਦੇ ਨਾਲ-ਨਾਲ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਇਹੀ ਸਿੱਖਿਆ ਦਿੰਦੇ ਹਨ ਕਿ ਉਹ ਆਪੋ-ਆਪਣੇ ਧਰਮ ਵਿੱਚ ਪੱਕੇ ਰਹਿਣ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਸਿਧਾਂਤ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹੈ। ਗੁਰੂ ਦਾ ਸਿਧਾਂਤ ਹਮੇਸ਼ਾ ਇਹ ਰਿਹਾ ਹੈ ਕਿ ਦੁਨੀਆ ਵਿੱਚ ਕਿਤੇ ਵੀ ਕਿਸੇ ਦੀ ਧਾਰਮਿਕ ਆਜ਼ਾਦੀ ਨਾਲ ਕੋਈ ਧੱਕਾ ਨਾ ਕੀਤਾ ਜਾਵੇ, ਕਿਸੇ ਦੀ ਵੀ ਧਾਰਮਿਕ ਪਛਾਣ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਇਸ ਨੂੰ ਖ਼ਤਮ ਨਾ ਕੀਤਾ ਜਾਵੇ। ਹਰ ਧਰਮ ਦੇ ਲੋਕਾਂ ਨੂੰ ਆਪਣੀ ਧਾਰਮਿਕ ਪਛਾਣ ਕਾਇਮ ਰੱਖਣ ਦਾ ਪੂਰਾ ਹੱਕ ਹੈ। ਇਸ ਲਈ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਇਹ ਵੱਡਾ ਸੰਕਲਪ ਵੀ ਹੈ।

ਅੱਜ ਜੇਕਰ ਸਿੱਖਾਂ ਦੇ ਆਪਣੇ ਹੀ ਦੇਸ਼ ਅੰਦਰ ਕਿਤੇ ਸਿੱਖ ਕਕਾਰ ਕਿਰਪਾਨ ਜਾਂ ਕੜਾ ਲੁਹਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹਾ ਵਿਤਕਰਾ ਕਰਨ ਵਾਲਿਆਂ ਨੂੰ ਸਜ਼ਾ ਮਿਲੇ, ਦੇਸ਼ ਭਰ ਵਿੱਚ ਮਿਸਾਲ ਕਾਇਮ ਹੋਵੇ ਤਾਂ ਜੋ ਦੁਬਾਰਾ ਕੋਈ ਅਜਿਹਾ ਨਾ ਕਰ ਸਕੇ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਿਲੱਖਣ ਤੇ ਅੱਡਰੀ ਪਛਾਣ ਦੇ ਕੇ ਨਿਵਾਜਿਆ ਹੈ। ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਸਿੱਖ ਸਿਧਾਂਤ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।’ ਨੂੰ ਸਮਝਣ ਦੀ ਲੋੜ ਹੈ। ਗੁਰੂ ਦੇ ਬਖ਼ਸ਼ੇ ਇਸ ਸਿਧਾਂਤ ਉੱਤੇ ਚੱਲਦਿਆਂ ਸਿੱਖ ਨਾ ਕਿਸੇ ਨੂੰ ਡਰਾਉਂਦੇ ਹਨ ਅਤੇ ਨਾ ਕਿਸੇ ਦੇ ਡਰਾਵੇ ਨੂੰ ਮੰਨਦੇ ਹਨ, ਸਗੋਂ ਨਿਰਭਉ ਅਤੇ ਨਿਰਵੈਰ ਵਾਲਾ ਜੀਵਨ ਬਤੀਤ ਕਰਦੇ ਹਨ। ਜੇਕਰ ਕੋਈ ਉਨ੍ਹਾਂ ਉੱਤੇ ਚੜ੍ਹ ਕੇ ਆਵੇ ਤਾਂ ਉਹ ਉਸ ਦਾ ਜਵਾਬ ਆਪਣੀਆਂ ਰਵਾਇਤਾਂ ਮੁਤਾਬਿਕ ਦੇਣਾ ਜਾਣਦੇ ਹਨ।

ਭਾਰਤ ਅੰਦਰ ਵੱਖ-ਵੱਖ ਸੂਬਾਈ ਸਰਕਾਰਾਂ ਅਤੇ ਕੇਂਦਰ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੁੰਦਿਆਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਚੰਗੀ ਗੱਲ ਹੈ ਕਿ ਦੇਸ਼ ਦੀਆਂ ਹੁਕਮਰਾਨ ਧਿਰਾਂ ਨੌਵੇਂ ਪਾਤਸ਼ਾਹ ਦੇ ਪਰਉਪਕਾਰ ਨੂੰ ਯਾਦ ਕਰਦਿਆਂ ਸਮਾਗਮ ਕਰ ਰਹੀਆਂ ਹਨ, ਪਰ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਕੀ ਅੱਜ ਸੱਤਾਧਾਰੀ ਧਿਰਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਸਿੱਖਾਂ ਨਾਲ ਨਿਆਂਪੂਰਨ ਹਨ ਜਾਂ ਨਹੀਂ। ਪੰਜਾਬ ਅੰਦਰ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 350 ਸਾਲਾ ਸ਼ਹੀਦੀ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਸੰਗਤ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸ਼ਹੀਦੀ ਸਮਾਗਮ ਕੌਮ ਨੂੰ ਵੰਡਣ ਵਾਲੀ ਦਿਸ਼ਾ ਵਿੱਚ ਨਹੀਂ ਹੋਣੇ ਚਾਹੀਦੇ ਸਨ ਅਤੇ ਸਰਕਾਰਾਂ ਨੂੰ ਸਿੱਖ ਸੰਸਥਾ ਦਾ ਧਾਰਮਿਕ ਸਮਾਗਮਾਂ ਵਿੱਚ ਸਹਿਯੋਗ ਕਰਨਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ। ਜੇਕਰ ਸਰਕਾਰਾਂ ਚਾਹੁਣ ਤਾਂ ਆਪਣੀ ਭੂਮਿਕਾ ਪੰਥ ਨਾਲ ਸਹਿਯੋਗ ਕਰਕੇ ਵੀ ਵੱਡੀ ਦਿਖਾ ਸਕਦੀਆਂ ਹਨ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੁੰਦਿਆਂ ਇਸ ਮੌਕੇ ਕੋਈ ਵੱਡੀ ਯਾਦਗਾਰ ਜਾਂ ਪ੍ਰੋਜੈਕਟ ਸਥਾਪਤ ਕਰਨਾ ਚਾਹੀਦਾ ਹੈ।

ਅਜਿਹੇ ਇਤਿਹਾਸਕ ਦਿਹਾੜੇ ਜਿੱਥੇ ਕੌਮੀ ਏਕਤਾ ਲਈ ਚੰਗੇ ਮੌਕੇ ਹੁੰਦੇ ਹਨ, ਉੱਥੇ ਹੀ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਲਈ ਵੀ ਮੰਥਨ ਦਾ ਸਮਾਂ ਹਨ। ਇਹ ਸ਼ਹੀਦੀ ਦਿਹਾੜਾ ਕਈ ਪੱਖਾਂ ਤੋਂ ਕੌਮ ਨੂੰ ਚਿੰਤਨ ਕਰਨ ਲਈ ਪ੍ਰੇਰਿਤ ਕਰਦਾ ਹੈ। ਅੱਜ ਕੌਮ ਨੂੰ ਦੇਸ਼ ਦੁਨੀਆ ਅੰਦਰ ਕਈ ਚੁਣੌਤੀਆਂ ਦਰਪੇਸ਼ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਸੋਚਣਾ ਬਣਦਾ ਹੈ। ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਕੌਮ ਲਈ ਬੁਲੰਦ ਆਵਾਜ਼ ਦੀ ਮੰਗ ਕਰ ਰਿਹਾ ਹੈ। ਇਹ ਸਰਕਾਰਾਂ ਲਈ ਵੀ ਸੋਚਣ ਦਾ ਵਿਸ਼ਾ ਹੈ ਕਿ ਕਿਸੇ ਨੂੰ ਕਿੰਨੇ ਸਾਲਾਂ ਤੱਕ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਰੱਖਿਆ ਜਾ ਸਕਦਾ ਹੈ। ਜੇਕਰ ਸਰਕਾਰ ਨੇ ਸੰਵਿਧਾਨ ਦੀ ਸੱਚੀ ਪਾਲਣਹਾਰ ਬਣਨਾ ਹੈ ਤਾਂ ਇਸ ਸ਼ਹੀਦੀ ਦਿਹਾੜੇ ਮੌਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਸੰਵਿਧਾਨਕ ਫਰਜ਼ ਪਾਲ਼ੇ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਇਲਜ਼ਾਮ ਤੋਂ ਬਚੇ।

ਇਹ ਵੀ ਜ਼ਰੂਰੀ ਹੈ ਕਿ ਸਰਕਾਰਾਂ ਧਾਰਮਿਕ ਸਰੋਕਾਰਾਂ ਅਤੇ ਅਕੀਦਿਆਂ ਪ੍ਰਤੀ ਸੰਜੀਦਾ ਹੁੰਦਿਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਆਪਸੀ ਪ੍ਰੇਮ, ਸਤਿਕਾਰ ਤੇ ਇਤਫ਼ਾਕ ਨੂੰ ਆਪਣੀ ਨੀਤੀ ਦਾ ਹਿੱਸਾ ਬਣਾਉਣ ਅਤੇ ਦੇਸ਼ ਅੰਦਰ ਘੱਟਗਿਣਤੀਆਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਅਨਸਰਾਂ ਖ਼ਿਲਾਫ਼ ਕਾਰਵਾਈਆਂ ਕਰਨ।

ਨੌਵੇਂ ਪਾਤਸ਼ਾਹ ਦੇ ਇਸ ਸ਼ਹੀਦੀ ਦਿਹਾੜੇ ਉੱਤੇ ਮੈਂ ਇਹ ਆਸ ਵੀ ਕਰਦਾ ਹਾਂ ਅਤੇ ਵਿਸ਼ਵਾਸ ਰੱਖਦਾ ਹਾਂ ਕਿ ਗੁਰੂ ਸਾਹਿਬ ਦੇ ਸੰਦੇਸ਼ ਦੀ ਰੋਸ਼ਨੀ ਵਿੱਚ ਪੂਰੀ ਮਾਨਵਤਾ ਸੁਖੀ ਵੱਸੇ ਅਤੇ ਭਵਿੱਖ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਨਿਰਧਾਰਤ ਕਰੇ। ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਅੱਜ ਲੋੜ ਹੈ ਕਿ ਅਸੀਂ ਉਸ ਖ਼ਾਲਸਈ ਸੋਚ ਨੂੰ ਪ੍ਰਣਾਏ ਹੋਈਏ। ਆਓ! ਦੇਸ਼, ਕੌਮ ਤੇ ਸਮਾਜ ਲਈ ਆਪਣੀ ਜ਼ਿੰਮੇਵਾਰੀ ਸਮਝੀਏ ਅਤੇ ਹਰ ਬਸ਼ਰ ਦੀ ਖੁਸ਼ਹਾਲੀ ਲਈ ਅਰਦਾਸ ਕਰੀਏ।

* ਕਾਰਜਕਾਰੀ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ।

ਈ-ਮੇਲ: info@sriakaltakhatsahibji.net

ਸੰਪਰਕ: 0183-2540820

Advertisement
Show comments