ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬੀ ਭਾਸ਼ਾ ਦਾ ਮਹੱਤਵ ਅਤੇ ਚੁਣੌਤੀਆਂ

ਪੰਜਾਬੀ ਭਾਸ਼ਾ ਆਪਣੇ ਅਮੀਰ ਪਿਛੋਕੜ ਤੇ ਗੌਰਵਮਈ ਵਿਰਾਸਤ ਨਾਲ ਜੁੜੀ ਹੋਈ ਹੈ ਅਤੇ ਮਾਨਵੀ ਆਵਾਜ਼ਾਂ ਤੇ ਧੁਨੀਆਂ ਦਾ ਸ਼ਾਨਦਾਰ ਢੰਗ ਨਾਲ ਪ੍ਰਗਟਾਵਾ ਕਰਨ ਦੇ ਸਮਰੱਥ ਹੈ। ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਲਗਪਗ 7100 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਇਨ੍ਹਾਂ...
Advertisement

ਪੰਜਾਬੀ ਭਾਸ਼ਾ ਆਪਣੇ ਅਮੀਰ ਪਿਛੋਕੜ ਤੇ ਗੌਰਵਮਈ ਵਿਰਾਸਤ ਨਾਲ ਜੁੜੀ ਹੋਈ ਹੈ ਅਤੇ ਮਾਨਵੀ ਆਵਾਜ਼ਾਂ ਤੇ ਧੁਨੀਆਂ ਦਾ ਸ਼ਾਨਦਾਰ ਢੰਗ ਨਾਲ ਪ੍ਰਗਟਾਵਾ ਕਰਨ ਦੇ ਸਮਰੱਥ ਹੈ। ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਲਗਪਗ 7100 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚੋਂ ਪੰਜਾਬੀ ਦਾ 10ਵਾਂ ਸਥਾਨ ਹੈ। ਸਾਰੇ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਲਗਪਗ 15 ਕਰੋੜ ਹੈ।

ਬਾਕੀ ਦੇਸ਼ਾਂ ਦੇ ਮੁਕਾਬਲੇ ਪੰਜਾਬੀ ਬੋਲਣ ਵਾਲੇ ਸਭ ਤੋਂ ਵੱਧ ਲੋਕ ਪਾਕਿਸਤਾਨ ਵਿੱਚ ਹਨ। ਸਾਲ 2023 ਦੀ ਜਨਗਣਨਾ ਅਨੁਸਾਰ ਪਾਕਿਸਤਾਨ ਵਿੱਚ 37 ਫ਼ੀਸਦੀ ਲੋਕ ਪੰਜਾਬੀ ਬੋਲਦੇ ਹਨ, ਹਾਲਾਂਕਿ ਨਾਂ-ਮਾਤਰ ਲੋਕਾਂ ਨੂੰ ਛੱਡ ਕੇ ਬਹੁਤੇ ਆਮ ਲੋਕ ਗੁਰਮੁਖੀ ਲਿਪੀ ਦੀ ਥਾਂ ਸ਼ਾਹਮੁਖੀ ਲਿਪੀ ਵਿੱਚ ਹੀ ਪੰਜਾਬੀ ਲਿਖਦੇ ਹਨ। ਭਾਰਤ ਵਿੱਚ 2011 ਦੀ ਜਨਗਣਨਾ ਅਨੁਸਾਰ ਕੇਵਲ 2.74 ਫ਼ੀਸਦੀ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ। ਇੰਗਲੈਂਡ ਵਿੱਚ ਪੰਜਾਬੀ ਨੂੰ ਤੀਜਾ ਤੇ ਕੈਨੇਡਾ ਵਿੱਚ ਪੰਜਵਾਂ ਸਥਾਨ ਪ੍ਰਾਪਤ ਹੈ। ਹਾਲਾਂਕਿ ਸਾਊਦੀ ਅਰਬ ਵਿੱਚ ਵੀ ਪੰਜਾਬੀ ਬੋਲਣ ਵਾਲੇ ਕਾਫ਼ੀ ਲੋਕ ਮੌਜੂਦ ਹਨ। ਪੰਜਾਬੀ ਭਾਸ਼ਾ ਨੂੰ ਪਹਿਲੀ ਸਭ ਤੋਂ ਵੱਡੀ ਸੱਟ ਅੰਗਰੇਜ਼ਾਂ ਦੀ ਆਮਦ ਤੋਂ ਬਾਅਦ ਵੱਜੀ, ਜਦੋਂ ਉਨ੍ਹਾਂ ਨੇ ਏਥੇ ਆ ਕੇ ਸੰਨ 1850 ਦੇ ਨੇੜੇ ਅੰਗਰੇਜ਼ੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾ ਦਿੱਤਾ। ਇਉਂ ਪੰਜਾਬੀ ਭਾਸ਼ਾ ਦੇਸ਼ ’ਚ ਹਾਸ਼ੀਏ ’ਤੇ ਚਲੀ ਗਈ। ਦੂਜੀ ਸੱਟ ਹੁਣ ਵੱਜੀ ਹੈ ਜਦ ਆਇਲਜ਼ ਕਰਕੇ ਸਾਡੀ ਨਵੀਂ ਪੀੜ੍ਹੀ ਵਿਦੇਸ਼ਾਂ ਨਾਲ ਜੁੜਨ ਲਈ ਅੰਗਰੇਜ਼ੀ ਵੱਲ ਖਿੱਚੀ ਗਈ। ਕਈ ਦਹਾਕੇ ਪਹਿਲਾਂ ਪੰਜਾਬੀ ਭਾਸ਼ਾ ਨੂੰ ਸਿੱਖਾਂ ਨਾਲ ਜੋੜਨ ਦੀਆਂ ਨਿਰਮੂਲ ਧਾਰਨਾਵਾਂ ਕਰਕੇ ਪੰਜਾਬ ਵਿੱਚ ਹੀ ਬਹੁਤ ਸਾਰੇ ਗ਼ੈਰ-ਸਿੱਖ ਲੋਕ ਬੋਲਦੇ ਤਾਂ ਪੰਜਾਬੀ ਹੀ ਸਨ ਪਰ ਜਨਗਣਨਾ ਸਮੇਂ ਪੰਜਾਬੀ ਦੀ ਥਾਂ ਹਿੰਦੀ ਨੂੰ ਆਪਣੀ ਬੋਲਚਾਲ ਦੀ ਭਾਸ਼ਾ ਲਿਖਵਾਉਣ ਲੱਗ ਪਏ ਸਨ, ਪਰ ਪਿੱਛੋਂ ਉਨ੍ਹਾਂ ਨੇ ਆਪਣੀ ਗ਼ਲਤੀ ਸੁਧਾਰ ਲਈ ਸੀ। ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਪਿਛਲੀ ਅਤੇ ਇਸ ਤੋਂ ਅਗਲੀ ਪੀੜ੍ਹੀ ਦੇ ਪੰਜਾਬੀਆਂ ਨੇ ਪੰਜਾਬੀ ਭਾਸ਼ਾ ਨੂੰ ਆਪਣੀ ਜ਼ਿੰਦਗੀ ਅਤੇ ਆਪਣੇ ਸਮਾਜ ਨਾਲ ਜੋੜ ਕੇ ਰੱਖਣ ਦੇ ਸੁਹਿਰਦ ਯਤਨ ਕੀਤੇ ਹਨ। ਕੁਝ ਵਿਕਸਤ ਦੇਸ਼ ਬਾਹਰੋਂ ਆਏ ਲੋਕਾਂ ਦੀਆਂ ਭਾਸ਼ਾਵਾਂ ਦੇ ਵਿਕਾਸ ਤੇ ਉਥਾਨ ਲਈ ਗਰਾਂਟਾਂ ਵੀ ਦਿੰਦੇ ਹਨ।

Advertisement

ਸੰਨ 1990 ਵਿੱਚ ਮੈਂ ਇੰਗਲੈਂਡ ਗਿਆ ਤਾਂ ਦੇਖਿਆ ਕਿ ਉੱਥੇ ਪੰਜਾਬੀ ਪੜ੍ਹਾਉਣ ਵਾਲੇ ਸਕੂਲਾਂ ਨੂੰ ਉੱਥੋਂ ਦੀ ਸਰਕਾਰ ਵੱਲੋਂ ਖੁੱਲ੍ਹੇ ਦਿਲ ਨਾਲ ਗਰਾਂਟਾਂ ਦਿੱਤੀਆਂ ਗਈਆਂ ਤੇ ਇਹ ਸਕੂਲ ਬਹੁਤੀਆਂ ਥਾਵਾਂ ’ਤੇ ਗੁਰਦੁਆਰਿਆਂ ਵਿੱਚ ਹੀ ਚਲਾਏ ਗਏ ਸਨ।

ਇਸ ਪ੍ਰਸੰਗ ਵਿੱਚ ਪੰਜਾਬੀ ਦੇ ਪ੍ਰਚਲਨ ਨਾਲ ਸਬੰਧਤ ਕੁਝ ਅਫ਼ਸੋਸਨਾਕ ਘਟਨਾਵਾਂ ਵੀ ਸਾਹਮਣੇ ਆਈਆਂ। ਬਰਮਿੰਘਮ ਦੇ ਇੱਕ ਗੁਰਦੁਆਰੇ ਵਿੱਚ ਪੰਜਾਬੀ ਪੜ੍ਹਾਉਣ ਲਈ ਇੱਕ ਉੱਘੇ ਪੰਜਾਬੀ ਲੇਖਕ ਨੂੰ ਅਧਿਆਪਕ ਨਿਯੁਕਤ ਕੀਤਾ ਗਿਆ ਪਰ ਜਦੋਂ ਵਿਦਿਆਰਥੀਆਂ ਦੇ ਦਾਖਲੇ ਸ਼ੁਰੂ ਹੋਏ ਤਾਂ ਚੜ੍ਹਦੇ ਪੰਜਾਬ ਵਿੱਚੋਂ ਕਿਸੇ ਦਾ ਦਾਖ਼ਲਾ ਨਾ ਹੋਇਆ ਤੇ ਲਹਿੰਦੇ ਪੰਜਾਬ ਦੀਆਂ ਚਾਰ ਮੁਸਲਮਾਨ ਲੜਕੀਆਂ ਨੇ ਆਪਣੇ ਨਾਮ ਪੰਜਾਬੀ ਪੜ੍ਹਨ ਲਈ ਦਰਜ ਕਰਵਾਏ।

ਸਕੂਲਾਂ ਵਾਂਗ ਇੱਥੋਂ ਦੀ ਸਰਕਾਰ ਵੱਖ ਵੱਖ ਭਾਸ਼ਾਵਾਂ ਦੀਆਂ ਪੁਸਤਕਾਂ ਵਾਸਤੇ ਵੀ ਗਰਾਂਟਾਂ ਦਿੰਦੀ ਹੈ। ਇਹੋ ਦੇਖਣ ਲਈ ਕਵੈਂਟਰੀ ਦੀ ਇੱਕ ਲਾਇਬ੍ਰੇਰੀ ਵਿੱਚ ਜਾ ਕੇ ਮੈਨੂੰ ਪਤਾ ਲੱਗਿਆ ਕਿ ਕੁਝ ਸਾਲ ਪਹਿਲਾਂ ਇੱਥੇ ਪੰਜਾਬੀ ਪੁਸਤਕਾਂ ਦੇ ਸੱਤ ਰੈਕ ਸਨ ਤੇ ਹੁਣ ਸਿਰਫ਼ ਚਾਰ ਰੈਕ ਰਹਿ ਗਏ ਹਨ। ਸਬੰਧਤ ਸਰਕਾਰੀ ਅਦਾਰੇ ਨੇ ਦੇਖਿਆ ਕਿ ਪੰਜਾਬੀ ਪੁਸਤਕਾਂ ਪੜ੍ਹਨ ਵਾਲੇ ਲੋਕ ਪੁਸਤਕਾਂ ਨਹੀਂ ਪੜ੍ਹ ਰਹੇ। ਇਸ ਲਈ ਪੰਜਾਬੀ ਪੁਸਤਕਾਂ ਦੇ ਖਾਲੀ ਹੋਏ ਰੈਕਾਂ ਵਿੱਚ ਤਾਮਿਲ, ਮਲਿਆਲਮ, ਕੰਨੜ, ਮਰਾਠੀ ਅਤੇ ਬੰਗਾਲੀ ਭਾਸ਼ਾਵਾਂ ਦੀਆਂ ਪੁਸਤਕਾਂ ਆ ਗਈਆਂ ਸਨ ਕਿਉਂਕਿ ਇਨ੍ਹਾਂ ਭਾਸ਼ਾਵਾਂ ਦੇ ਪਾਠਕਾਂ ਦੀ ਗਿਣਤੀ ਸਥਿਰ ਸੀ ਅਤੇ ਵਧ ਵੀ ਰਹੀ ਸੀ। ਪੁਸਤਕਾਂ ਦੀਆਂ ਦੁਕਾਨਾਂ ਵਿੱਚ ਪੰਜਾਬੀ ਭਾਸ਼ਾ ਦਾ ਹਾਲ ਵੇਖਣ ਲਈ ਮੈਂ ਸਾਊਥਾਲ ਦੀ ਇੱਕ ਵੱਡੀ ਦੁਕਾਨ ਵਿੱਚ ਗਿਆ ਤਾਂ ਦੁਕਾਨਾਂ ਦੇ ਸੰਚਾਲਕ ਨੇ ਮੈਨੂੰ ਪੰਜਾਬੀ ਪੁਸਤਕਾਂ ਦੇ ਰੈਕ ਵਿੱਚ ਮੂਧੀ ਪਈ ਇੱਕ ਕਿਤਾਬ ਚੁੱਕ ਕੇ ਵਿਖਾਈ ਅਤੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਇੱਕ ਪਾਠਕ ਨੇ ਨਾਨਕ ਸਿੰਘ ਦਾ ਇਹ ਨਾਵਲ ਚੁੱਕ ਕੇ ਵੇਖਿਆ ਅਤੇ ਜਾਣ ਲੱਗਿਆ ਇਸ ਨੂੰ ਮੂਧਾ ਕਰਕੇ ਰੱਖ ਗਿਆ, ਪਰ ਅੱਜ ਤੱਕ ਇਸ ਨੂੰ ਚੁੱਕ ਕੇ ਸਿੱਧਾ ਕਰਨ ਵਾਲਾ ਕੋਈ ਪੁਸਤਕ ਪ੍ਰੇਮੀ ਸਾਡੀ ਦੁਕਾਨ ਵਿੱਚ ਨਹੀਂ ਆਇਆ।

ਪੰਜਾਬੀ ਭਾਸ਼ਾ ਬਾਰੇ ਪੰਜਾਬ ਦੀਆਂ ਸਰਕਾਰਾਂ ਦਾ ਰਵੱਈਆ ਵੀ ਸਕਾਰਾਤਮਕ ਨਹੀਂ ਰਿਹਾ। ਕੁਝ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਹੀ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਦੇ ਹੁਕਮ ਦਿੱਤੇ ਸਨ। ਹਾਲਾਂਕਿ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਸਿੱਖਿਆ ਸ਼ਾਸਤਰੀਆਂ ਅਤੇ ਬਾਲ ਮਨੋਵਿਗਿਆਨੀਆਂ ਵੱਲੋਂ ਬਹੁਤ ਸੋਚ ਸਮਝ ਕੇ ਬਣਾਈ ਪਹਿਲੀ ਜਮਾਤ ਤੋਂ ਪੰਜਾਬੀ, ਚੌਥੀ ਤੋਂ ਹਿੰਦੀ ਤੇ ਛੇਵੀਂ ਜਮਾਤ ਤੋਂ ਅੰਗਰੇਜ਼ੀ ਦੀ ਪੜ੍ਹਾਈ ਕਰਵਾਉਣ ਦੀ ਨੀਤੀ ਨੂੰ ਅਮਲ ਵਿੱਚ ਲਿਆਂਦਾ ਗਿਆ ਸੀ, ਜੋ ਸਫ਼ਲ ਸਾਬਤ ਹੋਈ ਸੀ। ਅੱਜ ਪੰਜਾਬ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਨੂੰ ਪਾਸੇ ਕਰਕੇ ਅੰਗਰੇਜ਼ੀ ਦੀ ਸਫ਼ ਵਿਛਾਉਣ ਦੀ ਹੋੜ ਲੱਗੀ ਹੋਈ ਹੈ।

ਕਈ ਪਬਲਿਕ ਸਕੂਲਾਂ ਵਿੱਚ ਤਾਂ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜੁਰਮਾਨੇ ਵੀ ਕੀਤੇ ਜਾਂਦੇ ਹਨ। ਅਜਿਹੀ ਘਾਤਕ ਸੋਚ ਵਿੱਚ ਕਈ ਬੱਚਿਆਂ ਦੇ ਮਾਪੇ ਵੀ ਹਿੱਸੇਦਾਰ ਹਨ ਅਤੇ ਉਨ੍ਹਾਂ ਨੂੰ ਵੀ ਆਪਣੇ ਬੱਚਿਆਂ ਦੇ ਨਾਜ਼ੁਕ ਮਨਾਂ ’ਤੇ ਅੰਗਰੇਜ਼ੀ ਦਾ ਬੋਝ ਲੱਦਣ ’ਤੇ ਕੋਈ ਇਤਰਾਜ਼ ਨਹੀਂ। ਉਹ ਤਾਂ ਅੰਗਰੇਜ਼ੀ ਦੇ ਮਾਰਗ ਰਾਹੀਂ ਆਪਣੇ ਬੱਚਿਆਂ ਨੂੰ ਵੱਡੇ ਸਰਕਾਰੀ ਅਹੁਦਿਆਂ ’ਤੇ ਬਿਰਾਜਮਾਨ ਅਤੇ ਵਿਕਸਤ ਦੇਸ਼ ਵਿੱਚ ਜਾ ਕੇ ਵਸਦਿਆਂ ਪੈਸੇ ਕਮਾਉਂਦਿਆਂ ਚਿਤਵ ਰਹੇ ਹਨ ਪਰ ਇਹ ਨਹੀਂ ਜਾਣਦੇ ਕਿ ਰੂਸ, ਜਪਾਨ, ਚੀਨ ਅਤੇ ਹੋਰ ਕਈ ਵਿਕਸਤ ਦੇਸ਼ਾਂ ਦੇ ਲੋਕਾਂ ਨੇ ਮੁੱਢਲੀ ਵਿੱਦਿਆ ਆਪਣੀਆਂ ਮਾਤਰੀ ਭਾਸ਼ਾਵਾਂ ਵਿੱਚ ਹੀ ਪ੍ਰਾਪਤ ਕਰਕੇ ਅਤੇ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਕੇ ਆਪੋ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਜੇਕਰ ਪੜ੍ਹਾਈ ਲਈ ਤੁਰਦੇ ਸਾਰ ਹੀ ਬੱਚੇ ਦੇ ਨਾਜ਼ੁਕ ਦਿਮਾਗ਼ ’ਤੇ ਇੱਕ ਗੁੰਝਲਦਾਰ ਤੇ ਗ਼ੈਰ-ਭਾਸ਼ਾ ਦਾ ਬੋਝ ਲੱਦ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਕਿ ਬੱਚਾ ਸ਼ਾਇਦ ਹੋਰ ਕਿਸੇ ਵੀ ਵਿਸ਼ੇ ਵਿੱਚ ਵੀ ਅੱਗੇ ਵਧਣ ਜੋਗਾ ਨਾ ਰਹੇ। ਸਾਡੇ ਬਹੁਤੇ ਲੋਕਾਂ ਨੇ ਵੀ ਅਕਸਰ ਪੰਜਾਬੀ ਭਾਸ਼ਾ ਨੂੰ ਸਮੇਂ ਸਮੇਂ ਪਿੱਠ ਵਿਖਾਉਣ ਤੋਂ ਗੁਰੇਜ਼ ਨਹੀਂ ਕੀਤਾ। ਕਈ ਅਨਪੜ੍ਹ ਲੋਕ ਆਪ ਫੱਟੀ ਉੱਤੇ ਪੈਂਤੀ ਅੱਖਰ ਵੀ ਲਿਖਣੇ ਨਹੀਂ ਜਾਣਦੇ, ਪਰ ਆਪਣੇ ਵਿਆਹਾਂ ਤੇ ਪਾਠਾਂ ਦੇ ਭੋਗਾਂ ਦੇ ਸੱਦਾ ਪੱਤਰ ਅੰਗਰੇਜ਼ੀ ਵਿੱਚ ਛਾਪ ਕੇ ਦੂਜਿਆਂ ਨੂੰ ਭੇਜਦੇ ਹਨ।

ਪੰਜਾਬ ਸਰਕਾਰ ਦੇ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਸਿੱਖਿਆ ਨਾਲ ਸਬੰਧਿਤ ਕਿਸੇ ਵੀ ਅਦਾਰੇ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਉੱਥਾਨ ਲਈ ਓਨਾ ਕੰਮ ਸ਼ਾਇਦ ਹੀ ਕਦੇ ਕੀਤਾ ਹੋਵੇ ਜਿੰਨਾ ਕੰਮ ਇਕੱਲੇ ਭਾਸ਼ਾ ਵਿਭਾਗ ਨੇ ਆਪਣੀ ਸਥਾਪਨਾ ਦੇ ਵਰ੍ਹੇ ਤੋਂ ਲੈ ਕੇ ਨਿਰਧਾਰਤ ਕਈ ਦਹਾਕਿਆਂ ਤੱਕ ਕੀਤਾ ਹੈ। ਲੋੜਵੰਦ ਲੇਖਕਾਂ ਨੂੰ ਪੈਨਸ਼ਨਾਂ ਅਤੇ ਪੰਜਾਬੀ ਸਾਹਿਤ ਸਭਾਵਾਂ ਨੂੰ ਨਿਰੰਤਰ ਗਰਾਂਟ ਦੇਣ, ਸਾਹਿਤਕ ਗੋਸ਼ਟੀਆਂ ਅਤੇ ਕਵੀ ਦਰਬਾਰ ਕਰਵਾਉਣ, ਵੱਡੇ ਪੰਜਾਬੀ ਕੋਸ਼ ਅਤੇ ਮੱਧਕਾਲੀਨ ਪੰਜਾਬੀ ਸਾਹਿਤ ਨਾਲ ਸਬੰਧਿਤ ਪੁਸਤਕਾਂ ਛਾਪਣ ਅਤੇ ਆਪਣੀਆਂ ਪੁਸਤਕਾਂ ਛਾਪਣ ਲਈ ਪੰਜਾਬੀ ਲੇਖਕਾਂ ਨੂੰ ਸਮੇਂ-ਸਮੇਂ ਗਰਾਂਟਾਂ ਦੇਣ ਦਾ ਸਿਲਸਿਲਾ ਵੀ ਜਾਰੀ ਰੱਖਿਆ। ਅਜਿਹੀਆਂ ਕਲਿਆਣਕਾਰੀ ਸਾਹਿਤਕ ਸਰਗਰਮੀਆਂ ਨੂੰ ਭਾਸ਼ਾ ਵਿਭਾਗ ਨੇ ਕਦੇ ਬਰੇਕ ਨਹੀਂ ਸੀ ਲੱਗਣ ਦਿੱਤੀ। ਸੰਨ 1962-63 ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਕ ਪ੍ਰੋਜੈਕਟ ਸ਼ੁਰੂ ਕੀਤਾ ਸੀ। ਇਸ ਪ੍ਰੋਜੈਕਟ ਰਾਹੀਂ ਪੰਜਾਬੀ ਭਾਸ਼ਾ ਵਿੱਚ ਤਕਨੀਕੀ ਸ਼ਬਦਾਵਲੀ ਵਿਕਸਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਅਜਿਹੀ ਤਕਨੀਕੀ ਸ਼ਬਦਾਵਲੀ ਦੀਆਂ ਬਹੁਤ ਸਾਰੀਆਂ ਪੁਸਤਕਾਂ ਛਾਪੀਆਂ ਵੀ ਗਈਆਂ। ਜਦ ਭਾਸ਼ਾ ਵਿਭਾਗ ਨੂੰ ਮਿਲਣ ਵਾਲੇ ਫੰਡਾਂ ’ਤੇ ਆਰੀਆਂ ਚਲਾਈਆਂ ਗਈਆਂ ਤਾਂ ਭਾਸ਼ਾ ਵਿਭਾਗ ਦੀਆਂ ਇਹ ਸਾਹਿਤਕ ਸਰਗਰਮੀਆਂ ਦਮ ਤੋੜ ਗਈਆਂ ਤੇ ਨਾਲ ਹੀ ਪੰਜਾਬੀ ਭਾਸ਼ਾ ਵਿੱਚ ਤਕਨੀਕੀ ਸ਼ਬਦਾਵਲੀ ਵਿਕਸਤ ਕਰਨ ਵਾਲਾ ਪ੍ਰੋਜੈਕਟ ਵੀ ਬੰਦ ਹੋ ਗਿਆ ਅਤੇ ਛਾਪੀਆਂ ਗਈਆਂ ਪੁਸਤਕਾਂ ਨੂੰ ਵੀ ਸਿਉਂਕ ਨੇ ਮਿੱਟੀ ਦਾ ਢੇਰ ਬਣਾ ਦਿੱਤਾ।

ਪੰਜਾਬੀ ਨੂੰ ਜਿਊਂਦਾ ਰੱਖਣ ਵਿੱਚ ਸਭ ਤੋਂ ਵੱਡਾ ਹਿੱਸਾ ਪਿੰਡਾਂ ਵਿੱਚ ਵਸਦੇ ਲੋਕਾਂ ਦਾ ਹੈ। ਜਦੋਂ ਉਹ ਇਨਸਾਫ਼ ਲੈਣ ਲਈ ਅਦਾਲਤ ਵਿੱਚ ਜਾਂਦੇ ਹਨ ਤਾਂ ਉੱਥੇ ਵਕੀਲ ਅੰਗਰੇਜ਼ੀ ਵਿੱਚ ਬਹਿਸ ਕਰਦੇ ਹਨ ਤੇ ਇਸੇ ਭਾਸ਼ਾ ਵਿੱਚ ਜੱਜ ਸਾਹਿਬ ਫ਼ੈਸਲਾ ਸੁਣਾਉਂਦੇ ਅਤੇ ਲਿਖਦੇ ਹਨ। ਪੇਸ਼ੀਆਂ ਭੁਗਤਣ ਆਏ ਅਤੇ ਇਕੱਲੀ ਪੰਜਾਬੀ ਸਮਝਣ ਵਾਲੇ ਪੇਂਡੂ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਵਕੀਲ ਤੇ ਜੱਜ ਸਾਹਿਬ ਸਾਡੇ ਕੇਸ ਬਾਰੇ ਕੀ ਕਹਿੰਦੇ ਹਨ। ਇਸ ਲਈ ਸਰਕਾਰਾਂ ਪੰਜਾਬੀ ਨੂੰ ਅਦਾਲਤੀ ਭਾਸ਼ਾ ਬਣਾਉਣ ਲਈ ਸੁਹਿਰਦਤਾ ਨਾਲ ਲਾਜ਼ਮੀ ਯਤਨ ਕਰਨ।

ਇੱਥੋਂ ਤੱਕ ਕਿ ਪੰਜਾਬ ਦੀ ਖੇਤੀਬਾੜੀ ਦੇ ਵੱਖ-ਵੱਖ ਰੂਪਾਂ ਬਾਰੇ ਸੈਮੀਨਾਰਾਂ ਆਦਿ ਦੌਰਾਨ ਸਾਡੇ ਮਾਹਿਰਾਂ ਅਤੇ ਖੇਤੀ ਵਿਗਿਆਨੀਆਂ ਦੀ ਸਾਰੀ ਚਰਚਾ ਅੰਗਰੇਜ਼ੀ ਵਿੱਚ ਹੁੰਦੀ ਹੈ। ਇਉਂ ਪਿੰਡ ਬੈਠੇ ਤੇ ਇਕੱਲੀ ਪੰਜਾਬੀ ਜਾਣਦੇ ਕਿਸਾਨ ਅਜਿਹੀ ਚਰਚਾ ਸਮਝਣ ਅਤੇ ਲਾਭ ਉਠਾਉਣ ਤੋਂ ਅਕਸਰ ਵਾਂਝੇ ਰਹਿ ਜਾਂਦੇ ਹਨ, ਹਾਲਾਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਮੁਸ਼ਕਿਲ ਨੂੰ ਸਮਝ ਕੇ ਖੋਜ ਪੱਤਰਾਂ ’ਤੇ ਚਰਚਾ ਲਈ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਤੋਂ ਗੁਰੇਜ਼ ਕਰਨ ਵੱਲ ਧਿਆਨ ਦਿੱਤਾ ਹੈ।

ਦਰਅਸਲ, ਪੰਜਾਬੀ ਕਿਸੇ ਇੱਕ ਫਿਰਕੇ ਜਾਂ ਇੱਕ ਵਰਗ ਦੀ ਭਾਸ਼ਾ ਨਹੀਂ, ਇਹ ਸਮੁੱਚੇ ਪੰਜਾਬੀਆਂ ਦੀ ਮਾਖਿਓਂ ਮਿੱਠੀ ਮਾਂ ਬੋਲੀ ਹੈ। ਇਸ ਦੀਆਂ ਸ਼ਬਦਾਂ ਤੇ ਵਾਕਾਂ ਵਿਚਲੀਆਂ ਖ਼ੂਬਸੂਰਤ ਤੰਦਾਂ ਨੂੰ ਹਿੰਦੂਆਂ, ਮੁਸਲਮਾਨਾਂ ਤੇ ਹੋਰ ਵਰਗਾਂ ਦੇ ਲੋਕਾਂ ਨੇ ਰਲ਼ ਕੇ ਬੁਣਿਆ ਹੈ। ਕਵੀ ਫ਼ਿਰੋਜ਼ਦੀਨ ਸ਼ਰਫ਼ ਨੇ ਪੰਜਾਬੀ ਭਾਸ਼ਾ ਲਈ ਖ਼ੈਰ ਇਨ੍ਹਾਂ ਸ਼ਬਦਾਂ ਰਾਹੀਂ ਮੰਗੀ ਸੀ:

ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ,/ ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।/ ਵਾਰਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ,/ ਡੋਬ ਡੋਬ ਜ਼ਿੰਦਗੀ ਰੰਗਦਾ ਹਾਂ।/ ਰਹਾਂ ਏਥੇ ਤੇ ਯੂ-ਪੀ (ਹਿੰਦੀ) ਵਿੱਚ ਕਰਾਂ ਗੱਲਾਂ,/ ਐਸੀ ਅਕਲ ਨੂੰ ਛਿੱਕੇ ’ਤੇ ਟੰਗਦਾ ਹਾਂ।/ ਲੌਂਗ ਕਿਸੇ ਪੰਜਾਬਣ ਦੀ ਨੱਥ ਦਾ ਹਾਂ,/ ਟੋਟਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ।/ ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ,/ ­ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।

ਸੰਪਰਕ: 94632-33991

Advertisement
Show comments