ਹਿਮਾਚਲ ਪ੍ਰਦੇਸ਼: ਭਾਰੀ ਮੀਂਹ ਦੌਰਾਨ ਚਾਰ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ; 1,311 ਸੜਕਾਂ ਬੰਦ
ਹਿਮਾਚਲ ਪ੍ਰਦੇਸ਼ ਵਿੱਚ ਅੱਜ ਰਾਜ ਦੇ ਮੌਸਮ ਵਿਭਾਗ ਵੱਲੋਂ ਕਾਂਗੜਾ, ਕੁੱਲੂ, ਚੰਬਾ ਅਤੇ ਲਾਹੌਲ-ਸਪਿਤੀ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤੇ ਜਾਣ ਕਾਰਨ ਅਲੱਗ-ਅਲੱਗ ਖੇਤਰਾਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬਾਕੀ ਸੂਬੇ ਲਈ ਇੱਕ ਸੰਤਰੀ ਅਰਲਟ ਜਾਰੀ ਕੀਤਾ ਗਿਆ ਹੈ।
ਸੂਬੇ ਭਰ ਵਿੱਚ ਭਾਰੀ ਮੀਂਹ ਕਾਰਨ ਛੇ ਕੌਮੀ ਰਾਜਮਾਰਗਾਂ (NH) ਸਮੇਤ ਕੁੱਲ 1,311 ਸੜਕਾਂ ਵਾਹਨਾਂ ਦੀ ਆਵਾਜਾਈ ਲਈ ਬੰਦ ਹੋ ਗਈਆਂ ਹਨ।ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਅਨੁਸਾਰ ਮੰਡੀ ਵਿੱਚ NH 03 ਸਮੇਤ 257, ਸ਼ਿਮਲਾ ਵਿੱਚ 241, ਚੰਬਾ ਵਿੱਚ 239, ਕੁੱਲੂ ਵਿੱਚ NH 305 ਸਮੇਤ 168, ਸਿਰਮੌਰ ਵਿੱਚ NH 707 ਸਮੇਤ 127, ਸੋਲਨ ਵਿੱਚ 50, ਕਾਂਗੜਾ ਵਿੱਚ 60, ਲਾਹੌਲ ਅਤੇ ਸਪਿਤੀ ਵਿੱਚ NH 505 ਸਮੇਤ 44, ਬਿਲਾਸਪੁਰ ਵਿੱਚ NH 21 ਸਮੇਤ 39, ਊਨਾ ਵਿੱਚ 37, ਕਿੰਨੌਰ ਵਿੱਚ NH 05 ਸਮੇਤ 8 ਅਤੇ ਹਮੀਰਪੁਰ ਜ਼ਿਲ੍ਹੇ ਵਿੱਚ 7 ਸੜਕਾਂ ਬੰਦ ਹਨ।
ਇਸ ਤੋਂ ਇਲਾਵਾ ਰਾਜ ਦੇ ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਨੂੰ ਪ੍ਰਭਾਵਿਤ ਕਰਦੇ ਹੋਏ ਲਗਪਗ 3,263 ਬਿਜਲੀ ਟਰਾਂਸਫਾਰਮਰ ਵੀ ਖਰਾਬ ਹੋ ਗਏ ਹਨ, ਜਿਨ੍ਹਾਂ ਵਿੱਚ ਸ਼ਿਮਲਾ ਵਿੱਚ 725, ਸਿਰਮੌਰ ਵਿੱਚ 691, ਮੰਡੀ ਵਿੱਚ 442, ਕੁੱਲੂ ਵਿੱਚ 428, ਸੋਲਨ ਵਿੱਚ 382, ਚੰਬਾ ਵਿੱਚ 207, ਹਮੀਰਪੁਰ ਵਿੱਚ 129, ਲਾਹੌਲ ਅਤੇ ਸਪਿਤੀ ਵਿੱਚ 117, ਕਿੰਨੌਰ ਵਿੱਚ 77, ਊਨਾ ਵਿੱਚ 63, ਅਤੇ ਕਾਂਗੜਾ ਜ਼ਿਲ੍ਹੇ ਵਿੱਚ 2 ਟਰਾਂਸਫਾਰਮਰ ਸ਼ਾਮਲ ਹਨ।
ਇਸ ਦੌਰਾਨ ਪਿਛਲੇ 24 ਘੰਟਿਆਂ ਵਿਚ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚ ਭਾਰੀ ਮੀਂਹ ਅਤੇ ਬਹੁਤ ਭਾਰੀ ਮੀਂਹ ਜਾਰੀ ਰਿਹਾ। ਬਿਲਾਸਪੁਰ ਵਿੱਚ ਨੈਨਾ ਦੇਵੀ ਵਿਖੇ 198.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜੋ ਕਿ ਰਾਜ ਵਿੱਚ ਸਭ ਤੋਂ ਵੱਧ ਸੀ। ਇਸੇ ਤਰ੍ਹਾਂ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਵਿੱਚ 80 ਮਿਲੀਮੀਟਰ, ਧਰਮਸ਼ਾਲਾ ਵਿੱਚ 52.3 ਮਿਲੀਮੀਟਰ, ਊਨਾ ਵਿੱਚ 49 ਮਿਲੀਮੀਟਰ, ਭੂੰਤਰ ਵਿੱਚ 47.7 ਮਿਲੀਮੀਟਰ, ਨਾਹਨ ਵਿੱਚ 46.7 ਮਿਲੀਮੀਟਰ, ਬਿਲਾਸਪੁਰ ਵਿੱਚ 40.2 ਮਿਲੀਮੀਟਰ, ਕਸੌਲੀ ਵਿੱਚ 40 ਮਿਲੀਮੀਟਰ, ਪਾਉਂਟਾ ਸਾਹਿਬ ਵਿੱਚ 37.2 ਮਿਲੀਮੀਟਰ, ਮੰਡੀ ਵਿੱਚ 36.2 ਮਿਲੀਮੀਟਰ, ਕੇਲੋਂਗ ਵਿੱਚ 30 ਮਿਲੀਮੀਟਰ, ਸੁੰਦਰਨਗਰ ਵਿੱਚ 28.7 ਮਿਲੀਮੀਟਰ, ਕਾਂਗੜਾ ਵਿੱਚ 26 ਮਿਲੀਮੀਟਰ, ਸੋਲਨ ਵਿੱਚ 25.8 ਮਿਲੀਮੀਟਰ, ਪਾਲਮਪੁਰ ਵਿੱਚ 24.2 ਮਿਲੀਮੀਟਰ, ਕੁਫਰੀ ਵਿੱਚ 24 ਮਿਲੀਮੀਟਰ, ਸ਼ਿਮਲਾ ਵਿੱਚ 20.6 ਮਿਲੀਮੀਟਰ, ਚੰਬਾ ਵਿੱਚ 17 ਮਿਲੀਮੀਟਰ ਅਤੇ ਕਲਪਾ ਵਿੱਚ 7.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।