ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜ਼ੀਰਕਪੁਰ ਬਾਈਪਾਸ ਯੋਜਨਾ: ਪੰਜਾਬ ਵਿਚ ਪਹਿਲੇ ਜੰਗਲੀ ਜੀਵ ਲਾਂਘੇ ਨੂੰ ਮਨਜ਼ੂਰੀ

ਜੰਗਲੀ ਜੀਵਾਂ ਦੀ ਆਵਾਜਾਈ ਨੂੰ ਸੁਰੱਖਿਅਤ ਰੱਖਣ ਲਈ ਜੰਗਲੀ ਖੇਤਰ ’ਚੋਂ 3 ਕਿਲੋਮੀਟਰ ਦੀ ਐਲੀਵੇਟਿਡ ਸੜਕ ਬਣੇਗੀ
ਸੰਕੇਤਕ ਤਸਵੀਰ
Advertisement

ਰਾਜਮੀਤ ਸਿੰਘ

ਚੰਡੀਗੜ੍ਹ, 30 ਮਈ

Advertisement

ਪੰਜਾਬ ਵਿਚ ਵਿਛ ਰਹੇ ਸੜਕਾਂ ਦੇ ਜਾਲ ਕਾਰਨ ਜੰਗਲੀ ਜੀਵਾਂ ਦੇ ਕੁਦਰਤੀ ਮਾਹੌਲ ਵਿਚ ਰਹਿਣ ਪੱਖੋਂ ਪੈਦਾ ਹੋ ਰਹੇ ਅੜਿੱਕਿਆਂ ਦੇ ਮੱਦੇਨਜ਼ਰ ਪੰਜਾਬ ਵਿਚ ਪਹਿਲੀ ਵਾਰ ਜੰਗਲੀ ਜੀਵ ਲਾਂਘਾ (wildlife corridor) ਬਣਾਇਆ ਜਾਵੇਗਾ। ਇਹ ਜੰਗਲੀ ਜੀਵ ਲਾਂਘਾ ਕੇਂਦਰੀ ਕੈਬਨਿਟ ਵੱਲੋਂ ਮਨਜ਼ੂਰ ਕੀਤੇ ਗਏ ਪ੍ਰਸਤਾਵਿਤ ਛੇ-ਮਾਰਗੀ ਜ਼ੀਰਕਪੁਰ ਬਾਈਪਾਸ ਸੜਕ ਪ੍ਰਾਜੈਕਟ ਅਧੀਨ ਤਿਆਰ ਕੀਤਾ ਜਾਵੇਗਾ।

ਇਸ ਤਹਿਤ ਇਸ ਸੜਕ ਦੇ ਰਾਹ ਵਿਚ ਆ ਰਹੇ ਜੰਗਲ, ਜਿਹੜਾ ਇਸ ਕਾਰਨ ਇਸ ਪ੍ਰਾਜੈਕਟ ’ਚ ਰੁਕਾਵਟ ਬਣ ਰਿਹਾ ਸੀ, ’ਤੋਂ 3 ਕਿਲੋਮੀਟਰ ਲੰਬੀ ਐਲੀਵੇਟਿਡ ਸੜਕ ਬਣਾਈ ਜਾਵੇਗੀ ਤਾਂ ਕਿ ਉਸ ਦੇ ਹੇਠੋਂ ਜੰਗਲੀ ਜੀਵ ਆਸਾਨੀ ਨਾਲ ਇਕ ਤੋਂ ਦੂਜੇ ਪਾਸੇ ਆ-ਜਾ ਸਕਣ ਅਤੇ ਸੜਕ ਕਾਰਨ ਜੰਗਲੀ ਖੇਤਰ ਨਾ ਵੰਡਿਆ ਜਾਵੇ। ਘੱਗਰ ਦਰਿਆ ਨੇੜਲੇ ਇਸ ਖੇਤਰ ਵਿੱਚ ਅਕਸਰ ਆਉਣ ਵਾਲੇ ਤੇਂਦੂਏ, ਸਾਂਬਰਾਂ ਅਤੇ ਹੋਰ ਜੰਗਲੀ ਜੀਵਾਂ ਨੂੰ ਸੁਰੱਖਿਅਤ ਰਾਹ ਦੇਣ ਕਰਨ ਲਈ ਇਹ ਪ੍ਰਾਜੈਕਟ ਉਲੀਕਿਆ ਗਿਆ ਹੈ। ਜੰਗਲਾਤ ਵਿਭਾਗ ਦਰਿਆ ਦੇ ਨਾਲ ਲੱਗਦੇ ਪੀਰ ਮੁਛੱਲਾ (ਜ਼ੀਰਕਪੁਰ) ਵਿੱਚ ਲਗਭਗ 400 ਏਕੜ ਸੁਰੱਖਿਅਤ ਜੰਗਲ ਦਾ ਪ੍ਰਬੰਧਨ ਕਰਦਾ ਹੈ।

ਜ਼ਿਕਰਯੋਗ ਹੈ ਕਿ ਇਹ ਸੜਕੀ ਪ੍ਰਾਜੈਕਟ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਲਟਕ ਰਿਹਾ ਸੀ ਕਿਉਂਕਿ ਜੰਗਲ ਦੀ ਜ਼ਮੀਨ ਇਸ ਵਿਚ ਇੱਕ ਰੁਕਾਵਟ ਬਣ ਗਈ ਸੀ। ਇਸ ਮਾਮਲੇ ’ਤੇ ਜੰਗਲਾਤ ਸੰਭਾਲ ਐਕਟ (FCA) ਅਧੀਨ ਕਾਰਵਾਈ ਕੀਤੀ ਜਾਣੀ ਸੀ। ਇਸ ਕਾਰਨ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਐਲੀਵੇਟਿਡ ਸੜਕ ਦੀ ਤਜਵੀਜ਼ ਰੱਖੀ ਗਈ ਸੀ।

ਜੰਗਲ ਵਿੱਚੋਂ ਛੇ-ਮਾਰਗੀ ਸੜਕ ਬਣਾਉਣ ਨਾਲ 50 ਏਕੜ ਦਾ ਹਿੱਸਾ ਪ੍ਰਭਾਵਿਤ ਹੋਣਾ ਸੀ, ਪਰ ਜੰਗਲਾਤ ਵਿਭਾਗ ਵੱਲੋਂ ਐਲੀਵੇਟਿਡ ਵਿਕਲਪ ਨੂੰ ਮਨਜ਼ੂਰੀ ਦੇਣ ਨਾਲ ਜੰਗਲੀ ਜੀਵਾਂ ਦੀ ਆਵਾਜਾਈ ਨਿਰਵਿਘਨ ਰਹੇਗੀ ਅਤੇ ਇਹ ਸੜਕੀ ਆਵਾਜਾਈ ਦੇ ਪ੍ਰਵਾਹ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਵਿੱਚ ਸ਼ਾਮਲ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿੱਚ 19.2 ਕਿਲੋਮੀਟਰ ਲੰਬਾ ਜ਼ੀਰਕਪੁਰ ਬਾਈਪਾਸ ਪ੍ਰਾਜੈਕਟ 1,878.31 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ, ਜਿਸ ਵਿੱਚ ਐਲੀਵੇਟਿਡ ਸਟ੍ਰੈਚ ਲਈ 200 ਕਰੋੜ ਰੁਪਏ ਵਾਧੂ ਖਰਚ ਹੋਣ ਦਾ ਅਨੁਮਾਨ ਹੈ।

ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਹਾਈਬ੍ਰਿਡ ਐਨੂਇਟੀ ਮੋਡ ਦੇ ਤਹਿਤ ਛੇ-ਮਾਰਗੀ ਸੜਕ ਨੂੰ ਮਨਜ਼ੂਰੀ ਦੇ ਦਿੱਤੀ ਸੀ। ਪ੍ਰਸਤਾਵਿਤ ਬਾਈਪਾਸ ਜ਼ੀਰਕਪੁਰ ਅਤੇ ਪੰਚਕੂਲਾ ਦੇ ਭਾਰੀ ਸ਼ਹਿਰੀ ਖੇਤਰਾਂ ਵਿੱਚ ਭੀੜ ਨੂੰ ਘੱਟ ਕਰੇਗਾ। ਜੰਗਲਾਤ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਜੰਗਲੀ ਜੀਵ ਲਾਂਘੇ ਜੰਗਲੀ ਜੀਵਾਂ ਵੱਲੋਂ ਜੰਗਲ ਵਿਚ ਉਰੇ-ਪਰੇ ਬਣਾਏ ਗਏ ਆਪਣੇ ਰਹਿਣ ਵਾਲੇ ਟਿਕਾਣਿਆਂ ਨੂੰ ਇਕ-ਦੂਜੇ ਨਾਲ ਜੋੜਦੇ ਹਨ ਅਤੇ ਇਸ ਤਰ੍ਹਾਂ ਜਾਨਵਰਾਂ ਨੂੰ ਪਰਵਾਸ ਕਰਨ, ਚਾਰਾ ਲੈਣ ਤੇ ਸ਼ਿਕਾਰ ਕਰਲ ਅਤੇ ਆਜ਼ਾਦਾਨਾ ਢੰਗ ਨਾਲ ਆਪਣੀ ਨਸਲ ਵਿਚ ਵਾਧਾ ਕਰਨ ਦੇ ਯੋਗ ਬਣਾਉਂਦੇ ਹਨ।

ਇਨ੍ਹਾਂ ਗਲਿਆਰਿਆਂ ਵਿੱਚ ਜੰਗਲੀ ਪੱਟੀਆਂ, ਨਦੀ ਦੇ ਕਿਨਾਰੇ, ਅੰਡਰਪਾਸ ਅਤੇ ਓਵਰਪਾਸ ਸ਼ਾਮਲ ਹੋ ਸਕਦੇ ਹਨ। ਇਹ ਜੈਵ ਵਿਭਿੰਨਤਾ ਅਤੇ ਵਾਤਾਵਰਣ ਸੰਪਰਕ ਬਣਾਈ ਰੱਖ ਕੇ ਲੰਬੇ ਸਮੇਂ ਦੇ ਵਾਤਾਵਰਣ ਸੰਤੁਲਨ ਵਿਚ ਮਦਦਗਾਰ ਬਣਦੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਪੰਜਾਬ ਦਾ ਪਹਿਲਾ ਸ਼ਹਿਰੀ ਜੰਗਲੀ ਜੀਵ ਕੋਰੀਡੋਰ ਹੋਵੇਗਾ। ਐਲੀਵੇਟਿਡ ਸੜਕ ਪੂਰੀ ਹੋਣ ਤੋਂ ਬਾਅਦ ਸੁਰੱਖਿਅਤ ਜੰਗਲ ਦੇ ਆਲੇ ਦੁਆਲੇ ਵਾਧੂ ਜੰਗਲੀਕਰਨ ਅਤੇ ਸੰਭਾਲ ਉਪਾਅ ਕੀਤੇ ਜਾਣਗੇ।

Advertisement