Zelenskyy meets Trump ਜ਼ੇਲੈਂਸਕੀ ਵੱਲੋਂ ਵ੍ਹਾਈਟ ਹਾਊਸ ਵਿਚ ਟਰੰਪ ਨਾਲ ਮੁਲਾਕਾਤ
ਵਾਸ਼ਿੰਗਟਨ, 28 ਫਰਵਰੀ
Zelenskyy meets Trump ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਇਥੇ ਓਵਲ ਦਫ਼ਤਰ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੀ। ਯੂਕਰੇਨੀ ਸਦਰ ਨੇ ਅਮਰੀਕਾ ਤੋਂ ਰੂਸ ਦੇ ਭਵਿੱਖੀ ਹਮਲੇ ਖਿਲਾਫ਼ ਸੁਰੱਖਿਆ ਦਾ ਭਰੋਸਾ ਮੰਗਿਆ। ਜ਼ੇਲੈਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਅਤਿਵਾਦੀ ਦਸਦਿਆਂ ਕਿਹਾ ਕਿ ਯੂਕਰੇਨ ਅਤੇ ਦੁਨੀਆ ਨੂੰ ‘ਕਾਤਲ ਨਾਲ ਕੋਈ ਸਮਝੌਤਾ ਕਰਨ ਦੀ ਲੋੜ ਨਹੀਂ’ ਹੈ। ਉਨ੍ਹਾਂ ਕਿਹਾ, ‘‘ਜੰਗ ਵੇਲੇ ਵੀ ਕੁਝ ਨੇਮ ਹੁੰਦੇ ਹਨ।’’
ਜ਼ੇਲੈਂਸਕੀ ਬੈਠਕ ਲਈ ਵ੍ਹਾਈਟ ਹਾਊਸ ਪਹੁੰਚੇ ਤਾਂ ਉਨ੍ਹਾਂ ਪੱਤਰਕਾਰਾਂ ਨਾਲ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਆਪਣੀ ਰਵਾਇਤੀ ਫੌਜੀ ਹਰੀ ਟੀ-ਸ਼ਰਟ ਦੀ ਥਾਂ ਵਧੇਰੇ ਫੋਰਮਲ ਕਾਲਾ ਟੌਪ ਪਾਇਆ ਹੋਇਆ ਸੀ। ਜ਼ੇਲੈਂਸਕੀ ਨਾਲ ਆਏ ਯੂਕਰੇਨੀ ਵਫ਼ਦ ਨੂੰ ਅਮਰੀਕਾ ਨਾਲ ਇੱਕ ਇਤਿਹਾਸਕ ਆਰਥਿਕ ਸਮਝੌਤੇ 'ਤੇ ਦਸਤਖਤ ਕਰਨ ਦੀ ਉਮੀਦ ਹੈ ਜਿਸ ਦਾ ਮੰਤਵ ਜੰਗ ਦੇ ਝੰਬੇ ਯੂਕਰੇਨ ਦੇ ਪੁਨਰ ਨਿਰਮਾਣ ਲਈ ਵਿੱਤੀ ਸਹਾਇਤ ਪ੍ਰਦਾਨ ਕਰਨਾ ਹੈ। ਇੱਕ ਅਜਿਹਾ ਸਮਝੌਤਾ ਜੋ ਆਉਣ ਵਾਲੇ ਸਾਲਾਂ ਲਈ ਦੋਵਾਂ ਦੇਸ਼ਾਂ ਨੂੰ ਹੋਰ ਨੇੜੇ ਲੈ ਕੇ ਆਏਗਾ। ਇਹ ਸਮਝੌਤਾ, ਜਿਸ ਨੂੰ ਤਿੰਨ ਸਾਲਾਂ ਦੀ ਜੰਗ ਖਤਮ ਕਰਨ ਵੱਲ ਇੱਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਯੂਕਰੇਨ ਦੀ ਸੁਰੱਖਿਆ ਦੀ ਅਹਿਮੀਅਤ ਦਾ ਹਵਾਲਾ ਦਿੰਦਾ ਹੈ।
ਯੂਕਰੇਨੀ ਸਦਰ ਨੂੰ ਓਵਲ ਦਫਤਰ ਵਿੱਚ ਮਿਲਣ ਮਗਰੋਂ ਟਰੰਪ ਨੇ ਕਿਹਾ ਕਿ ਸਮਝੌਤੇ ’ਤੇ ਜਲਦੀ ਹੀ ਵ੍ਹਾਈਟ ਹਾਊਸ ਦੇ ਈਸਟ ਰੂਮ ਵਿੱਚ ਦਸਤਖਤ ਕੀਤੇ ਜਾਣਗੇ। ਟਰੰਪ ਨੇ ਕਿਹਾ, ‘‘ਸਾਡੇ ਕੋਲ ਕੁਝ ਅਜਿਹਾ ਹੈ ਜੋ ਬਹੁਤ ਹੀ ਨਿਰਪੱਖ ਸੌਦਾ ਹੈ। ਇਹ ਅਮਰੀਕਾ ਵੱਲੋਂ ਇੱਕ ਵੱਡੀ ਵਚਨਬੱਧਤਾ ਹੈ।’’ ਉਨ੍ਹਾਂ ਕਿਹਾ ਕਿ ਅਮਰੀਕਾ ਜੰਗ ਵਿੱਚ ਕਤਲੇਆਮ ਨੂੰ ਬੰਦ ਹੁੰਦਾ ਦੇਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਲਈ ਅਮਰੀਕੀ ਪੈਸੇ ਨੂੰ ‘ਦੇਸ਼ ਦੇ ਪੁਨਰ ਨਿਰਮਾਣ’ ਲਈ ਵਰਤਿਆ ਜਾਣਾ ਚਾਹੀਦਾ ਹੈ। -ਏਪੀ