ਸ਼ੀ ਵੱਲੋਂ ਵਿਕਾਸ ਬੈਂਕ ਦੀ ਸਥਾਪਨਾ ਦਾ ਸੱਦਾ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਦੇ ਮੈਂਬਰ ਮੁਲਕਾਂ ਨੂੰ ਵਿਕਾਸ ਬੈਂਕ ਦੀ ਸਥਾਪਨਾ ਦਾ ਕੰਮ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ।
ਚੀਨ ਬ੍ਰਿਕਸ ਦੇ ਨਿਊ ਡਿਵੈਲਪਮੈਂਟ ਬੈਂਕ ਅਤੇ ਏਸ਼ੀਅਨ ਇਨਵੈਸਟਮੈਂਟ ਇੰਫਰਾਸਟ੍ਰੱਕਚਰ ਬੈਂਕ ਦੀ ਤਰਜ਼ ’ਤੇ ਵਿਕਾਸ ਬੈਂਕ ਬਣਾਉਣ ਦੀ ਵਕਾਲਤ ਕਰ ਰਿਹਾ ਹੈ। ਚੀਨ ਅਧਾਰਿਤ ਦੋਵੇਂ ਬੈਂਕ, ਵਿਸ਼ਵ ਬੈਂਕ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਨੂੰ ਟੱਕਰ ਦੇ ਰਹੇ ਹਨ। ਸ਼ੀ ਨੇ ਆਪਣੇ ਉਦਘਾਟਨੀ ਭਾਸ਼ਨ ’ਚ ਕਿਹਾ ਕਿ ਐੱਸ ਸੀ ਓ ਦੁਨੀਆ ਦੇ ਸਭ ਤੋਂ ਵੱਡੇ ਖੇਤਰੀ ਸੰਗਠਨ ’ਚ ਬਦਲ ਗਿਆ ਹੈ ਜਿਸ ’ਚ 26 ਮੁਲਕ ਦੀ ਸ਼ਮੂਲੀਅਤ ਅਤੇ 50 ਤੋਂ ਵੱਧ ਖ਼ਿੱਤਿਆਂ ਦਾ ਸਹਿਯੋਗ ਹੈ। ਉਨ੍ਹਾਂ ਕਿਹਾ ਕਿ ਸਾਂਝੇ ਤੌਰ ’ਤੇ ਕਰੀਬ 30 ਖ਼ਰਬ ਡਾਲਰ ਦੀ ਆਰਥਿਕਤਾ ਇਕ ਮੰਚ ’ਤੇ ਹੈ।
ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਐੱਸਸੀਓ ਦਾ ਕੌਮਾਂਤਰੀ ਪੱਧਰ ’ਤੇ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਸ਼ੀ ਨੇ ਪਹਿਲਾਂ ਐੱਸ ਸੀ ਓ ਅਤੇ ਫਿਰ ਐੱਸ ਸੀ ਓ ਪਲੱਸ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਗਲੋਬਲ ਗਵਰਨੈਂਸ ਇਨੀਸ਼ਿਏਟਿਵ ਦੀ ਵੀ ਤਜਵੀਜ਼ ਪੇਸ਼ ਕੀਤੀ। ਉਨ੍ਹਾਂ ਆਸ ਜਤਾਈ ਕਿ ਊਰਜਾ, ਬੁਨਿਆਦੀ ਢਾਂਚੇ, ਗਰੀਨ ਇੰਡਸਟਰੀ, ਡਿਜੀਟਲ ਅਰਥਚਾਰੇ, ਮਸਨੂਈ ਬੌਧਿਕਤਾ ਅਤੇ ਹੋਰ ਖੇਤਰਾਂ ’ਚ ਸਹਿਯੋਗ ਵਧੇਗਾ।
ਸ਼ੀ ਨੇ ਐਂਟੀ ਡਰੱਗ ਸੈਂਟਰ ਤੇ ਸੁਰੱਖਿਆ ਧਮਕੀਆਂ ਤੇ ਚੁਣੌਤੀਆਂ ਦੇ ਟਾਕਰੇ ਲਈ ਯੂਨੀਵਰਸਲ ਸੈਂਟਰ ਵਰਤਣ ਦੀ ਵੀ ਅਪੀਲ ਕੀਤੀ। ਚੀਨ ਲੋੜਵੰਦ ਮੈਂਬਰ ਮੁਲਕਾਂ ’ਚ 100 ‘ਛੋਟੇ ਅਤੇ ਸੁੰਦਰ’ ਰੋਜ਼ੀ-ਰੋਟੀ ਸਬੰਧੀ ਪ੍ਰਾਜੈਕਟ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਸਬੰਧੀ ਮੈਂਬਰ ਬੈਂਕਾਂ ਨੂੰ ਦੋ ਅਰਬ ਯੂਆਨ ਦੀ ਫੰਡਿੰਗ ਤੇ 10 ਅਰਬ ਯੂਆਨ ਦਾ ਵਾਧੂ ਕਰਜ਼ ਦਿੱਤਾ ਜਾਵੇਗਾ।