ਵਿਆਹ ਤੋਂ 15 ਦਿਨਾਂ ਬਾਅਦ ਔਰਤ ਨੇ ਪਤੀ ਨੂੰ ਕੁਹਾੜੀ ਨਾਲ ਵੱਢਿਆ
ਸਾਂਗਲੀ, 12 ਜੂਨ
ਮੇਘਾਲਿਆ ਵਿਚ ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਉਸਦੀ ਪਤਨੀ ਵੱਲੋਂ ਕੀਤੇ ਕਥਿਤ ਕਤਲ ਦਾ ਮਾਮਲਾ ਹਾਲੇ ਠੰਢਾ ਨਹੀ ਪਿਆ ਸੀ, ਪਰ ਕੁੱਝ ਹੀ ਦਿਨਾਂ ਦੇ ਵਿਚ ਅਜਿਹਾ ਇੱਕ ਹੋਰ ਮਾਮਲਾ ਮਹਾਰਾਸ਼ਟਰ ਦੇ ਸਾਂਗਲੀ ਵਿੱਚ ਸਾਹਮਣੇ ਆਇਆ ਹੈ। ਇੱਥੇ ਇੱਕ 27 ਸਾਲਾ ਔਰਤ ਨੇ ਆਪਣੇ ਵਿਆਹ ਤੋਂ ਸਿਰਫ਼ ਪੰਦਰਾਂ ਦਿਨ ਬਾਅਦ ਹੀ ਆਪਣੇ ਪਤੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਪੁਲੀਸ ਨੇ ਦੱਸਿਆ ਕਿ ਔਰਤ ਨੇ ਬੁੱਧਵਾਰ ਨੂੰ ਸਵੇਰੇ 12:30 ਵਜੇ ਦੇ ਕਰੀਬ ਆਪਣੇ 53 ਸਾਲਾ ਪਤੀ ਅਨਿਲ ਲੋਖੰਡੇ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਜੋੜਾ ਸਾਂਗਲੀ ਜ਼ਿਲ੍ਹੇ ਦੀ ਕੁਪਵਾੜ ਤਹਿਸੀਲ ਦਾ ਵਸਨੀਕ ਸੀ। ਉਨ੍ਹਾਂ ਕਿਹਾ ਕਿ ਲੋਖੰਡੇ ਦੀ ਪਹਿਲੀ ਪਤਨੀ ਕੈਂਸਰ ਨਾਲ ਮੌਤ ਹੋ ਗਈ ਸੀ ਅਤੇ ਇਹ ਉਸ ਦਾ ਦੂਜਾ ਵਿਆਹ ਸੀ।
ਪੁਲੀਸ ਦੇ ਅਨੁਸਾਰ ਲੋਖੰਡੇ ਵੱਲੋਂ ਸਰੀਰਕ ਸਬੰਧ ਬਣਾਉਣ ਲਈ ਜ਼ੋਰ ਪਾਏ ਜਾਣ ਕਰਕੇ ਉਸ ਦੀ ਪਤਨੀ ਨਾਰਾਜ਼ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਕਾਫ਼ੀ ਬਹਿਸ ਹੋਈ। ਕੁਪਵਾੜ ਐੱਮਆਈਡੀਸੀ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਗੁੱਸੇ ਵਿੱਚ ਆ ਕੇ ਦੋਸ਼ੀ,ਜਿਸਦੀ ਪਛਾਣ ਰਾਧਿਕਾ ਵਜੋਂ ਹੋਈ ਹੈ, ਨੇ ਆਪਣੇ ਪਤੀ ’ਤੇ ਕੁਹਾੜੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਜਦੋਂ ਉਹ ਬਿਸਤਰੇ ’ਤੇ ਸੌਂ ਰਿਹਾ ਸੀ।’’ ਉਨ੍ਹਾਂ ਕਿਹਾ ਕਿ ਔਰਤ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ