'Pushpa 2' ਦੀ ਸਕ੍ਰੀਨਿੰਗ ਦੌਰਾਨ ਧੱਕਾ-ਮੁੱਕੀ ਦੌਰਾਨ ਔਰਤ ਦੀ ਮੌਤ, ਪੁੱਤਰ ਜ਼ਖਮੀ
ਹੈਦਰਾਬਾਦ, 5 ਦਸੰਬਰ
ਅਭਿਨੇਤਾ ਅੱਲੂ ਅਰਜੁਨ ਦੀ ਫਿਲਮ "ਪੁਸ਼ਪਾ 2: ਦ ਰੂਲ" ਦੇ ਪ੍ਰੀਮੀਅਰ ਸ਼ੋਅ ਦੌਰਾਨ ਇੱਥੇ ਇੱਕ ਫਿਲਮ ਥੀਏਟਰ ਵਿੱਚ ਭਗਦੜ ਅਤੇ ਧੱਕਾ-ਮੁੱਕੀ ਹੋਣ ਕਾਰਨ ਔਰਤ ਦੀ ਮੌਤ ਹੋ ਗਈ ਅਤੇ ਉਸਦੇ ਪੁੱਤਰ ਨੂੰ ਸਾਹ ਘੁੱਟਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਅਭਿਨੇਤਾ ਦੀ ਇੱਕ ਝਲਕ ਪਾਉਣ ਲਈ ਸਿਨੇਮਾ ਹਾਲ ਵਿੱਚ ਇਕੱਠੇ ਹੋ ਗਏ। ਪੁਲੀਸ ਨੇ ਕਿਹਾ ਕਿ ਥੀਏਟਰ ਪ੍ਰਬੰਧਨ ਵੱਲੋਂ ਕੋਈ ਵਿਸ਼ੇਸ਼ ਪ੍ਰਬੰਧ ਜਾਂ ਅਦਾਕਾਰ ਸਮੇਤ ਫਿਲਮ ਦੇ ਹੋਰ ਮੈਂਬਰਾਂ ਦੇ ਆਉਣ ਦੀ ਪਹਿਲਾਂ ਤੋਂ ਸੂਚਨਾ ਨਹੀਂ ਸੀ। ਭਾਰੀ ਭੀੜ ਅੱਗੇ ਵਧੀ ਅਤੇ ਥੀਏਟਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਔਰਤ ਅਤੇ ਉਸ ਦਾ ਪੁੱਤਰ ਭੀੜ ਵੱਲੋਂ ਧੱਕਾ ਦਿੱਤੇ ਜਾਣ ਤੋਂ ਬਾਅਦ ਦਮ ਘੁੱਟ ਕੇ ਬੇਹੋਸ਼ ਹੋ ਗਏ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਥੀਏਟਰ ਛੋਟਾ ਸੀ ਅਤੇ ਭੀੜ ਬਹੁਤ ਜ਼ਿਆਦਾ ਸੀ। ਘਟਨਾ ਦੌਰਾਨ ਕਰਮਚਾਰੀਆਂ ਨੇ ਔਰਤ ਅਤੇ ਉਸਦੇ ਪੁੱਤਰ ਦਾ ਕਾਰਡੀਓਪਲਮੋਨਰੀ ਰੀਸਸੀਟੇਸ਼ਨ (ਸੀਪੀਆਰ) ਕੀਤਾ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਭੇਜ ਦਿੱਤਾ, ਜਿੱਥੇ ਔਰਤ ਦੀ ਮੌਤ ਹੋ ਗਈ ਅਤੇ ਉਸਦੇ ਪੁੱਤਰ ਦਾ ਇਲਾਜ ਚੱਲ ਰਿਹਾ ਹੈ। ਸਥਿਤੀ ਨੂੰ ਕਾਬੂ ਕਰਨ ਲਈ ਪੁਲੀਸ ਨੇ ਹਲਕੀ ਤਾਕਤ ਦੀ ਵਰਤੋਂ ਕੀਤੀ। ਘਟਨਾ ਦੇ ਸਬੰਧ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੀਟੀਆਈ