ਵਿਲੀਅਮਜ਼ ਅਤੇ ਵਿਲਮੋਰ...ਅਸੀਂ ਤੁਹਾਨੂੰ ਲੈਣ ਲਈ ਆ ਰਹੇ ਹਾਂ: ਟਰੰਪ
ਨਿਊਯਾਰਕ/ਵਾਸ਼ਿੰਗਟਨ, 7 ਮਾਰਚ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੇ ਵਾਲਾਂ ਦੀ ਪ੍ਰਸ਼ੰਸਾ ਕੀਤੀ, ਜਦੋਂ ਉਨ੍ਹਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਫਸੇ ਪੁਲਾੜ ਯਾਤਰੀਆਂ ਦੀ ਜੋੜੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੂੰ ਕਿਹਾ, ‘‘ਅਸੀਂ ਤੁਹਾਨੂੰ ਲੈਣ ਲਈ ਆ ਰਹੇ ਹਾਂ।’’ 78 ਸਾਲਾ ਟਰੰਪ ਨੇ ਵੀਰਵਾਰ ਨੂੰ ਪੁਲਾੜ ਯਾਤਰੀਆਂ ਵਿਲਮੋਰ ਅਤੇ ਵਿਲੀਅਮਜ਼ ਨੂੰ ਧਰਤੀ ’ਤੇ ਵਾਪਸ ਲਿਆਉਣ ਵਿੱਚ ਮਦਦ ਕਰਨ ਲਈ ਇੱਕ ਬਚਾਅ ਟੀਮ ਨੂੰ ਨਿੱਜੀ ਤੌਰ ’ਤੇ ਆਰਬਿਟ ਵਿੱਚ ਲਾਂਚ ਕਰਨ ਦੀ ਸੰਭਾਵਨਾ ਜ਼ਾਹਿਰ ਕੀਤੀ। ਉਨ੍ਹਾਂ ਉਨ੍ਹਾਂ ਦੇ ਅੱਠ ਦਿਨਾਂ ਦੇ ਮਿਸ਼ਨ ਨੂੰ ਨੌਂ ਮਹੀਨਿਆਂ ਤੱਕ ਲੰਮਾ ਹੋਣ ’ਤੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਨਿੰਦਾ ਕੀਤੀ।
ਟਰੰਪ ਨੇ ਓਵਲ ਦਫਤਰ ਵਿੱਚ ਪੱਤਰਕਾਰਾਂ ਨੂੰ ਕਿਹਾ, "ਬਾਇਡਨ ਨੇ ਉਨ੍ਹਾਂ ਨੂੰ ਉੱਥੇ ਛੱਡ ਦਿੱਤਾ, ਮੈਂ ਐਲਨ ਮਸਕ ਨੂੰ ਕਿਹਾ ਹੈ ਸਾਡੇ ਕੋਲ ਦੋ ਪੁਲਾੜ ਯਾਤਰੀ ਹਨ ਜੋ ਪੁਲਾੜ ਵਿੱਚ ਫਸੇ ਹੋਏ ਹਨ। ਮੇਰੇ ’ਤੇ ਇੱਕ ਅਹਿਸਾਨ ਕਰੋ। ਕੀ ਤੁਸੀਂ ਉਨ੍ਹਾਂ ਨੂੰ ਬਾਹਰ ਕੱਢ ਸਕਦੇ ਹੋ?’’ ਉਸਨੇ (ਮਸਕ) ਨੇ ਕਿਹਾ ਹਾਂ, ਉਹ ਦੋ ਹਫ਼ਤਿਆਂ ਵਿੱਚ ਪੁਲਾੜ ਜਾਣ ਲਈ ਜਹਾਜ਼ ਤਿਆਰ ਕਰ ਰਿਹਾ ਹੈ।
ਟਰੰਪ ਨੇ ਵੀਰਵਾਰ ਨੂੰ ਓਵਲ ਦਫ਼ਤਰ ਵਿੱਚ ਵਿਲੀਅਮਜ਼ ਬਾਰੇ ਗੱਲ ਕਰਦੇ ਹੋਏ ਟਿੱਪਣੀ ਦੌਰਾਨ ਕਿਹਾ ਮੈਂ ਉਸ ਔਰਤ ਨੂੰ ਚੰਗੇ, ਮਜ਼ਬੂਤ ਵਾਲਾਂ ਵਾਲੀ ਮਹਿਲਾ ਵਜੋਂ ਦੇਖਦਾ ਹਾਂ। ਇਸ ਵਿਚ ਕੋਈ ਮਜ਼ਾਕ ਨਹੀਂ ਹੈ, ਉਸਦੇ ਵਾਲ ਕੋਈ ਖੇਡ ਨਹੀਂ ਹਨ।’’ ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਦੋਵਾਂ ਪੁਲਾੜ ਯਾਤਰੀਆਂ ਲਈ ਉਨ੍ਹਾਂ ਦਾ ਕੀ ਸੰਦੇਸ਼ ਹੈ ਤਾਂ ਟਰੰਪ ਨੇ ਕਿਹਾ, ‘‘ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਅਤੇ ਲੈਣ ਲਈ ਆ ਰਹੇ ਹਾਂ ਅਤੇ ਤੁਹਾਨੂੰ ਇੰਨੇ ਸਮੇਂ ਤੱਕ ਉੱਥੇ ਨਹੀਂ ਰਹਿਣਾ ਚਾਹੀਦਾ ਸੀ।’’
ਮਸਕ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਪੁਲਾੜ ਯਾਤਰੀਆਂ ਨੂੰ ਸਿਰਫ਼ 8 ਦਿਨਾਂ ਲਈ ਉੱਥੇ ਹੋਣਾ ਚਾਹੀਦਾ ਸੀ ਪਰ ਉਹ 9 ਮਹੀਨਿਆਂ ਤੋਂ ਉੱਥੇ ਹਨ। ਸਪੇਸਐਕਸ ਇੱਕ ਹੋਰ ਡਰੈਗਨ ਭੇਜ ਸਕਦਾ ਸੀ ਅਤੇ ਉਨ੍ਹਾਂ ਨੂੰ 6 ਮਹੀਨੇ ਪਹਿਲਾਂ ਘਰ ਲਿਆ ਸਕਦਾ ਸੀ, ਪਰ ਬਾਇਡਨ ਵ੍ਹਾਈਟ ਹਾਊਸ (ਨਾਸਾ ਨਹੀਂ) ਨੇ ਇਸਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਲਈ ਕਿਹਾ ਅਤੇ ਅਸੀਂ ਅਜਿਹਾ ਕਰ ਰਹੇ ਹਾਂ।’’ ਜ਼ਿਕਰਯੋਗ ਹੈ ਕਿ ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਜੂਨ 2024 ਵਿੱਚ ਬੋਇੰਗ ਦੇ ਸਟਾਰਲਾਈਨਰ ’ਤੇ ISS ਲਈ ਅੱਠ ਦਿਨਾਂ ਦੇ ਮਿਸ਼ਨ ’ਤੇ ਪੁਲਾੜ ਵਿਚ ਗਏ ਸਨ। ਹਾਲਾਂਕਿ, ਹੀਲੀਅਮ ਲੀਕ ਅਤੇ ਥਰੱਸਟਰ ਖਰਾਬੀ ਸਮੇਤ ਤਕਨੀਕੀ ਕਾਰਨਾ ਕਰਕੇ ਸਟਾਰਲਾਈਨਰ ਦੀ ਵਾਪਸੀ ਨਹੀਂ ਹੋ ਸਕੀ। -ਪੀਟੀਆਈ