ਇਰਾਨ ਅਤੇ ਇਜ਼ਰਾਈਲ ਨੇ ਜੰਗਬੰਦੀ ਦੀ ਉਲੰਘਣਾ ਕੀਤੀ: ਟਰੰਪ
Defence Minister Israel Katz instructs Israeli military to 'respond forcefully' after Iranian missile fire
ਇਰਾਨ ਵੱਲੋ ਜੰਗਬੰਦੀ ਦੀ ਉਲੰਘਣਾ ਦਾ ‘ਮੂੰਹ ਤੋੜ’ ਜਵਾਬ ਦੇਵਾਂਗੇ: ਕਾਟਜ਼
ਇਜ਼ਰਾਇਲੀ ਰੱਖਿਆ ਮੰਤਰੀ ਨੇ ਇਰਾਨ ’ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਾਇਆ; ਇਰਾਨ ਵੱਲੋ ਦੋਸ਼ਾਂ ਤੋਂ ਇਨਕਾਰ
ਵਾਸ਼ਿੰਗਟਨ/ਬੀਰਸ਼ੇਬਾ(ਇਜ਼ਰਾਈਲ), 24 ਜੂਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜਰਾਈਲ ਤੇ ਇਰਾਨ ਦੋਵਾਂ ਦੇਸ਼ਾਂ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਟਰੰਪ ਨੇ ਕਿਹਾ ਕਿ ਉਹ ਦੋਵਾਂ ਮੁਲਕਾਂ ਤੋਂ ਨਾਰਾਜ਼ ਹਨ, ਖਾਸ ਕਰਕੇ ਇਜ਼ਰਾਈਲ ਨਾ ਵੱਧ ਗੁੱਸਾ ਹੈ। ਦਿ ਹੇਗ ਵਿੱਚ ਨਾਟੋ ਸੰਮੇਲਨ ਤੋਂ ਬਾਹਰ ਆਉਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਜੰਗਬੰਦੀ ਸਮਝੌਤੇ ਬਾਰੇ ਸਹਿਮਤੀ ਮਗਰੋਂ ਇਜ਼ਰਾਈਲ ਨੇ ਉਲੰਘਣਾ ਕੀਤੀ। ਉਨ੍ਹਾਂ ਕਿਹਾ ਕਿ ਇਰਾਨ ਦੀਆਂ ਪਰਮਾਣੂ ਸਮਰੱਥਾਵਾਂ ਖਤਮ ਹੋ ਗਈਆਂ ਹਨ।
ਇਸ ਤੋਂ ਪਹਿਲਾਂ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਇਲ ਕਾਟਜ਼ ਨੇ ਇਰਾਨ ’ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਾਇਆ ਸੀ। ਕਾਟਜ਼ ਨੇ ਦਾਅਵਾ ਕੀਤਾ ਸੀ ਕਿ ਇਰਾਨ ਵੱਲੋਂ ਕੀਤੇ ਮਿਜ਼ਾਈਲ ਹਮਲੇ ਦਾ ‘ਮੂੰਹ ਤੋੜ’ ਜਵਾਬ ਦਿੱਤਾ ਜਾਵੇਗਾ। ਕਾਟਜ਼ ਨੇ ਕਿਹਾ ਜੰਗਬੰਦੀ ਲਾਗੂ ਹੋਣ ਮਗਰੋਂ ਇਰਾਨ ਨੇ ਇਜ਼ਰਾਇਲੀ ਸ਼ਹਿਰ ’ਤੇ ਮਿਜ਼ਾਈਲਾਂ ਦਾਗ਼ ਕੇ ਗੋਲੀਬੰਦੀ ਦੀ ‘ਮੁਕੰਮਲ ਉਲੰਘਣਾ’ ਕੀਤੀ ਹੈ।
ਰੱਖਿਆ ਮੰਤਰੀ ਨੇ ਇਜ਼ਰਾਇਲੀ ਫੌਜ ਨੂੰ ਇਰਾਨ ਦੇ ਨੀਮ ਫੌਜੀ ਤੇ ਸਰਕਾਰੀ ਟਿਕਾਣਿਆਂ ’ਤੇ ਮੁੜ ਤੋਂ ਹਮਲੇ ਸ਼ੁਰੂ ਕਰਨ ਦੀ ਹਦਾਇਤ ਕੀਤੀ ਹੈ। ਇਜ਼ਰਾਇਲ ਨੇ ਕਿਹਾ ਕਿ ਜੰਗਬੰਦੀ ਸਮਝੌਤਾ ਅਮਲ ਵਿਚ ਆਉਣ ਤੋਂ ਕੁਝ ਘੰਟਿਆਂ ਅੰਦਰ ਇਰਾਨ ਨੇ ਮਿਜ਼ਾਈਲਾਂ ਦਾਗੀਆਂ ਹਨ।
ਇਰਾਨ ਦੀ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਤੋਂ ਇਨਕਾਰ
ਦੁਬਈ: ਇਰਾਨ ਨੇ ਹਾਲਾਂਕਿ ਜੰਗਬੰਦੀ ਦੀ ਉਲੰਘਣਾ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੀ ਇਕ ਰਿਪੋਰਟ ਵਿਚ ਇਰਾਨ ਦੀ ਫੌਜ ਨੇ ਜੰਗਬੰਦੀ ਸਮਝੌਤਾ ਅਮਲ ਵਿਚ ਆਉਣ ਮਗਰੋਂ ਇਜ਼ਰਾਇਲੀ ਸ਼ਹਿਰਾਂ ’ਤੇ ਮਿਜ਼ਾਈਲਾਂ ਦਾਗਣ ਤੋਂ ਇਨਕਾਰ ਕੀਤਾ ਹੈ। ਰਿਪੋਰਟ ਵਿਚ ਇਰਾਨ ਦੇ ਹਥਿਆਰਬੰਦ ਬਲਾਂ ਦੇ ਜਨਰਲ ਸਟਾਫ਼ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿਚ ਨਿਯਮਤ ਫੌਜੀ ਤੇ ਇਸ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਸ਼ਾਮਲ ਹਨ। ਦੱਸ ਦੇਈਏ ਕਿ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਜੰਗਬੰਦੀ ਸ਼ੁਰੂ ਹੋਣ ਤੋਂ ਢਾਈ ਘੰਟਿਆਂ ਅੰਦਰ ਇਰਾਨ ਦੇ ਉਸ ਦੇ ਕੁਝ ਸ਼ਹਿਰਾਂ ’ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਜ਼ਰਾਈਲ ਨੇ ਜਵਾਬੀ ਕਾਰਵਾਈ ਤਹਿਤ ਇਰਾਨ ’ਤੇ ਫੌਰੀ ਹਮਲੇ ਦੇ ਹੁਕਮ ਦਿੱਤੇ ਹਨ, ਹਾਲਾਂਕਿ ਅਜੇ ਤੱਕ ਅਜਿਹੇ ਕਿਸੇ ਹਮਲੇ ਦੀ ਫੌਰੀ ਕੋਈ ਰਿਪੋਰਟ ਨਹੀਂ ਹੈ। -ਏਪੀ/-ਰਾਈਟਰਜ਼

