ਦੱਖਣੀ ਅਫ਼ਰੀਕਾ ਵਿੱਚ ਹੋਣ ਵਾਲੇ G20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਵਾਂਗਾ: ਟਰੰਪ
ਦੱਖਣੀ ਅਫ਼ਰੀਕਾ, ਜਿਸ ਨੇ 1 ਦਸੰਬਰ 2024 ਨੂੰ ਇੱਕ ਸਾਲ ਲਈ G20 ਦੀ ਪ੍ਰਧਾਨਗੀ ਸੰਭਾਲੀ ਸੀ, 22 ਤੋਂ 23 ਨਵੰਬਰ ਤੱਕ ਜੋਹਾਨਸਬਰਗ ਵਿੱਚ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਇਹ ਪਹਿਲੀ ਵਾਰ ਹੈ ਜਦੋਂ G20 ਨੇਤਾਵਾਂ ਦੀ ਇਹ ਮੀਟਿੰਗ ਅਫ਼ਰੀਕੀ ਧਰਤੀ ’ਤੇ ਹੋਵੇਗੀ।
ਬੁੱਧਵਾਰ ਨੂੰ ਫਲੋਰੀਡਾ ਵਿੱਚ ਅਮਰੀਕਾ ਬਿਜ਼ਨਸ ਫੋਰਮ ਮਿਆਮੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ, “ਮੈਂ ਨਹੀਂ ਜਾ ਰਿਹਾ ਹਾਂ। ਦੱਖਣੀ ਅਫ਼ਰੀਕਾ ਵਿੱਚ ਸਾਡੀ G20 ਦੀ ਮੀਟਿੰਗ ਹੈ। ਦੱਖਣੀ ਅਫ਼ਰੀਕਾ ਨੂੰ ਤਾਂ ਹੁਣ 'ਜੀਜ਼' ਵਿੱਚ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਉੱਥੇ ਜੋ ਹੋਇਆ ਹੈ ਉਹ ਬੁਰਾ ਹੈ। ਮੈਂ ਨਹੀਂ ਜਾ ਰਿਹਾ ਹਾਂ। ਮੈਂ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਮੈਂ ਨਹੀਂ ਜਾ ਰਿਹਾ ਹਾਂ। ਮੈਂ ਉੱਥੇ ਆਪਣੇ ਦੇਸ਼ ਦੀ ਨੁਮਾਇੰਦਗੀ ਨਹੀਂ ਕਰਾਂਗਾ। ਇਸ ਨੂੰ ਉੱਥੇ ਨਹੀਂ ਹੋਣਾ ਚਾਹੀਦਾ।”
ਅਮਰੀਕਾ 1 ਦਸੰਬਰ 2025 ਤੋਂ ਦੱਖਣੀ ਅਫ਼ਰੀਕਾ ਤੋਂ G20 ਦੀ ਪ੍ਰਧਾਨਗੀ ਸੰਭਾਲੇਗਾ ਅਤੇ 30 ਨਵੰਬਰ, 2026 ਤੱਕ ਸਮੂਹ ਦੀ ਪ੍ਰਧਾਨਗੀ ਕਰੇਗਾ। ਟਰੰਪ ਨੇ ਪਹਿਲਾਂ ਕਿਹਾ ਸੀ ਕਿ ਉਹ 2026 G20 ਸੰਮੇਲਨ ਦੀ ਮੇਜ਼ਬਾਨੀ ਮਿਆਮੀ ਨੇੜੇ ਆਪਣੇ ਗੋਲਫ ਕਲੱਬ ਵਿੱਚ ਕਰਨ ਦੀ ਯੋਜਨਾ ਬਣਾ ਰਹੇ ਹਨ।
ਭਾਰਤ ਨੇ ਦਸੰਬਰ 2022 ਤੋਂ ਨਵੰਬਰ 2023 ਤੱਕ G20 ਦੀ ਪ੍ਰਧਾਨਗੀ ਕੀਤੀ ਸੀ ਅਤੇ ਸਤੰਬਰ 2023 ਵਿੱਚ ਨਵੀਂ ਦਿੱਲੀ ਵਿੱਚ 18ਵੇਂ G20 ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸ਼ਿਰਕਤ ਕੀਤੀ ਸੀ। -ਪੀਟੀਆਈ
