ਅਗਲੇ 24 ਘੰਟਿਆਂ ਵਿਚ ਭਾਰਤ ’ਤੇ ਟੈਰਿਫ ‘ਬਹੁਤ ਜ਼ਿਆਦਾ’ ਵਧਾ ਦੇਵਾਂਗਾ: ਟਰੰਪ
ਅਮਰੀਕੀ ਸਦਰ ਨੇ ਕਿਹਾ, ‘‘ਭਾਰਤ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਹੈ, ਕਿਉਂਕਿ ਉਹ ਸਾਡੇ ਨਾਲ ਬਹੁਤ ਸਾਰਾ ਕਾਰੋਬਾਰ ਕਰਦੇ ਹਨ, ਪਰ ਅਸੀਂ ਉਨ੍ਹਾਂ ਨਾਲ ਕਾਰੋਬਾਰ ਨਹੀਂ ਕਰਦੇ। ਇਸ ਲਈ ਅਸੀਂ 25% (ਟੈਰਿਫ) ’ਤੇ ਸਮਝੌਤਾ ਕੀਤਾ, ਪਰ ਮੈਨੂੰ ਲੱਗਦਾ ਹੈ ਕਿ ਮੈਂ ਅਗਲੇ 24 ਘੰਟਿਆਂ ਵਿੱਚ ਇਸ ਨੂੰ ਬਹੁਤ ਜ਼ਿਆਦਾ ਵਧਾਉਣ ਜਾ ਰਿਹਾ ਹਾਂ, ਕਿਉਂਕਿ ਉਹ ਰੂਸੀ ਤੇਲ ਖਰੀਦ ਰਹੇ ਹਨ। ਉਹ ਜੰਗੀ ਮਸ਼ੀਨ ਨੂੰ ਹਵਾ ਦੇ ਰਹੇ ਹਨ। ਅਤੇ ਜੇਕਰ ਉਹ ਅਜਿਹਾ ਕਰਨ ਜਾ ਰਹੇ ਹਨ, ਤਾਂ ਮੈਂ ਖੁਸ਼ ਨਹੀਂ ਹੋਵਾਂਗਾ।’’ ਟਰੰਪ ਨੂੰ ਜਦੋਂ ਭਾਰਤ ਨਾਲ ਹੋਣ ਵਾਲੇ ਵਪਾਰਕ ਸਮਝੌਤੇ ਬਾਰੇ ਪੁੱਛਿਆ ਗਿਆ ਜੋ ਨੇੜੇ ਜਾਪਦਾ ਸੀ, ਤਾਂ ਅਮਰੀਕੀ ਸਦਰ ਨੇ ਕਿਹਾ ਕਿ ਭਾਰਤ ਨਾਲ ‘ਮੁਸ਼ਕਲ’ ਇਹ ਹੈ ਕਿ ਇਸ ਦੇ ਟੈਰਿਫ ਬਹੁਤ ਜ਼ਿਆਦਾ ਹਨ। ਰਾਸ਼ਟਰਪਤੀ ਨੇ ਕਿਹਾ, ‘‘ਹੁਣ ਮੈਂ ਕਹਾਂਗਾ ਕਿ ਭਾਰਤ ਹੁਣ ਤੱਕ ਦੇ ਸਭ ਤੋਂ ਉੱਚੇ ਟੈਰਿਫ ਤੋਂ ਸਾਨੂੰ ਜ਼ੀਰੋ ਟੈਰਿਫ ਦੇਵੇਗਾ... ਪਰ ਉਹ ਤੇਲ ਨਾਲ ਜੋ ਕੁਝ ਕਰ ਰਹੇ ਹਨ, ਉਸ ਨੂੰ ਦੇਖਦਿਆਂ ਇਹ ਕਾਫ਼ੀ ਨਹੀਂ ਹੈ।’’
ਚੇਤੇ ਰਹੇ ਕਿ ਇੱਕ ਦਿਨ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹ ਭਾਰਤ ’ਤੇ ਅਮਰੀਕੀ ਟੈਰਿਫਾਂ ਨੂੰ ‘ਕਾਫ਼ੀ’ ਵਧਾਏਗਾ। ਟਰੰਪ ਨੇ ਦੋਸ਼ ਲਾਇਆ ਸੀ ਕਿ ਭਾਰਤ ਰੂਸ ਤੋਂ ਕੱਚਾ ਤੇਲ ਸਸਤੇ ਭਾਅ ਖਰੀਦ ਕੇ ਇਸ ਨੂੰ ਅੱਗੇ ਮੁਨਾਫ਼ੇ ਲਈ ਮਹਿੰਗੇ ਭਾਅ ਵੇਚ ਰਿਹਾ ਹੈ। ਹਾਲਾਂਕਿ ਟਰੰਪ ਦੇ ਇਸ ਬਿਆਨ ਤੋਂ ਕੁੱਝ ਘੰਟਿਆਂ ਬਾਅਦ ਭਾਰਤ ਨੇ ਅਮਰੀਕਾ ਤੇ ਯੂਰਪੀ ਯੂਨੀਅਨ ’ਤੇ ਤਿੱਖਾ ਪਲਟਵਾਰ ਕਰਦਿਆਂ ਰੂਸ ਤੋਂ ਕੱਚੇ ਤੇਲ ਦੀ ਖਰੀਦ ਲਈ ਨਵੀਂ ਦਿੱਲੀ ਨੂੰ ‘ਨਾਜਾਇਜ਼ ਅਤੇ ਗੈਰ-ਵਾਜਬ’ ਨਿਸ਼ਾਨਾ ਬਣਾਉਣ ਲਈ ਉਨ੍ਹਾਂ ਦੀ ਨਿਖੇਧੀ ਕੀਤੀ।
ਭਾਰਤ ਨੇ ਇਸ ਮੁੱਦੇ ’ਤੇ ਉਸ ਨੂੰ ਨਿਸ਼ਾਨਾ ਬਣਾਉਣ ਵਿੱਚ ਦੋਹਰੇ ਮਾਪਦੰਡਾਂ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੋਵੇਂ ਰੂਸ ਨਾਲ ਆਪਣੇ ਵਪਾਰਕ ਸਬੰਧ ਜਾਰੀ ਰੱਖ ਰਹੇ ਹਨ।
ਉਧਰ ਰੂਸ ਨੇ ਭਾਰਤ ਦੇ ਵਪਾਰਕ ਭਾਈਵਾਲਾਂ ਦੀ ਚੋਣ ਕਰਨ ਦੇ ਅਧਿਕਾਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਪ੍ਰਭੂਸੱਤਾ ਸੰਪੰਨ ਦੇਸ਼ਾਂ ਨੂੰ ਆਪਣੇ ਹਿੱਤਾਂ ਦੇ ਅਧਾਰ ’ਤੇ ਵਪਾਰ ਅਤੇ ਆਰਥਿਕ ਸਹਿਯੋਗ ਵਿੱਚ ਆਪਣੇ ਭਾਈਵਾਲਾਂ ਦੀ ਚੋਣ ਕਰਨ ਦਾ ਅਧਿਕਾਰ ਹੈ। ਕਰੈਮਲਿਨ ਦੇ ਬੁਲਾਰੇ ਦਮਿੱਤਰੀ ਪੈਸਕੋਵ ਨੇ ਭਾਰਤ ਨੂੰ ਦਿੱਤੀਆਂ ਅਮਰੀਕੀ ਧਮਕੀਆਂ ’ਤੇ ਟਿੱਪਣੀ ਕਰਦੇ ਹੋਏ ਕਿਹਾ, ‘‘ਸਾਡਾ ਮੰਨਣਾ ਹੈ ਕਿ ਪ੍ਰਭੂਸੱਤਾ ਸੰਪੰਨ ਦੇਸ਼ਾਂ ਨੂੰ ਆਪਣੇ ਵਪਾਰਕ ਭਾਈਵਾਲਾਂ, ਵਪਾਰ ਅਤੇ ਆਰਥਿਕ ਸਹਿਯੋਗ ਵਿੱਚ ਭਾਈਵਾਲਾਂ ਨੂੰ ਆਪਣੇ ਤੌਰ ’ਤੇ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਨਿਰਪੱਖ ਤੌਰ ’ਤੇ ਵਪਾਰ ਅਤੇ ਆਰਥਿਕ ਸਹਿਯੋਗ ਦੇ ਉਨ੍ਹਾਂ ਤਰੀਕਿਆਂ ਨੂੰ ਨਿਰਧਾਰਤ ਕਰਨਾ ਚਾਹੀਦਾ ਹੈ ਜੋ ਕਿਸੇ ਦੇਸ਼ ਦੇ ਹਿੱਤਾਂ ਦੇ ਅਨੁਕੂਲ ਹੋਣ।’’
ਇਸ ਤੋਂ ਪਹਿਲਾਂ ਸੋਮਵਾਰ ਨੂੰ ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਕਾਹਰੋਵਾ ਨੇ ਅਮਰੀਕੀ ਪ੍ਰਸ਼ਾਸਨ ’ਤੇ ਅਮਰੀਕੀ ਸਰਦਾਰੀ ਬਣਾਈ ਰੱਖਣ ਲਈ ਗਲੋਬਲ ਸਾਊਥ ਦੇ ਦੇਸ਼ਾਂ ਵਿਰੁੱਧ ਨਵ-ਬਸਤੀਵਾਦੀ ਨੀਤੀ ਜਾਰੀ ਰੱਖਣ ਦਾ ਦੋਸ਼ ਲਗਾਇਆ ਸੀ। ਜ਼ਕਾਹਰੋਵਾ ਨੇ ਇਕ ਬਿਆਨ ਵਿਚ ਕਿਹਾ, ‘‘ਪਾਬੰਦੀਆਂ ਤੇ ਪ੍ਰਤੀਬੰਧ ਅੱਜ ਦੇ ਇਤਿਹਾਸਕ ਪੜਾਅ ਦੀ ਇੱਕ ਅਫਸੋਸਜਨਕ ਹਕੀਕਤ ਹਨ, ਜੋ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦੀਆਂ ਹਨ।’’