ਰੂਸ ਨਾਲ ਕਾਰੋਬਾਰ ਕਰਨ ਵਾਲੇ ਕਿਸੇ ਵੀ ਮੁਲਕ ਖਿਲਾਫ਼ ‘ਬਹੁਤ ਸਖ਼ਤ ਪਾਬੰਦੀਆਂ’ ਲਗਾਵਾਂਗੇ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਨਾਲ ਵਪਾਰ ਜਾਂ ਕਾਰੋਬਾਰ ਕਰਨ ਵਾਲੇ ਕਿਸੇ ਵੀ ਮੁਲਕ ਨੂੰ ‘ਬਹੁਤ ਸਖ਼ਤ ਪਾਬੰਦੀਆਂ’ ਦਾ ਸਾਹਮਣਾ ਕਰਨਾ ਪਏਗਾ। ਟਰੰਪ ਨੇ ਇਹ ਧਮਕੀ ਅਜਿਹੇ ਮੌਕੇ ਦਿੱਤੀ ਹੈ ਜਦੋਂ ਉਨ੍ਹਾਂ ਦੇ ਪ੍ਰਸ਼ਾਸਨ ਤੇ ਰਿਪਬਲਿਕਨ ਕਾਨੂੰਨਘਾੜੇ ਮਾਸਕੋ ਨੂੰ ਨਿਸ਼ਾਨਾ ਬਣਾਉਂਦਿਆਂ ਸਖ਼ਤ ਕਾਨੂੰਨ ਬਣਾਉਣ ਦੀ ਦਿਸ਼ਾ ਵੱਲ ਵੱਧ ਰਹੇ ਹਨ।
ਪੱਤਰਕਾਰਾਂ ਦੇ ਜਦੋਂ ਪੁੱਛਿਆ ਕਿ ਕੀ ਕਾਂਗਰਸ ਲਈ ਰੂਸ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ’ਤੇ ਦਬਾਅ ਪਾਉਣ ਲਈ ਕਾਨੂੰਨ ਪਾਸ ਕਰਨ ਦਾ ਸਮਾਂ ਆ ਗਿਆ ਹੈ ਤਾਂ ਟਰੰਪ ਨੇ ਕਿਹਾ, ‘‘ਮੈਂ ਸੁਣਿਆ ਹੈ ਕਿ ਉਹ ਅਜਿਹਾ ਕਰ ਰਹੇ ਹਨ, ਅਤੇ ਇਹ ਮੇਰੇ ਲਈ ਠੀਕ ਹੈ।’’ ਅਮਰੀਕੀ ਸਦਰ ਨੇ ਕਿਹਾ, ‘‘ਉਹ ਕਾਨੂੰਨ ਪਾਸ ਕਰ ਰਹੇ ਹਨ... ਰਿਪਬਲਿਕਨ ਕਾਨੂੰਨ ਬਣਾ ਰਹੇ ਹਨ... ਰੂਸ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ’ਤੇ ਬਹੁਤ ਸਖ਼ਤ ਪਾਬੰਦੀਆਂ ਲਾਈਆਂ ਜਾਣਗੀਆਂ... ਉਹ ਇਸ ਵਿੱਚ ਇਰਾਨ ਨੂੰ ਸ਼ਾਮਲ ਕਰ ਸਕਦੇ ਹਨ... ਮੈਂ ਇਹ ਸੁਝਾਅ ਦਿੱਤਾ ਸੀ।’’
ਕਾਬਿਲੇਗੌਰ ਹੈ ਕਿ ਟਰੰਪ ਪ੍ਰਸ਼ਾਸਨ ਨੇ ਰੂਸੀ ਤੇਲ ਖਰੀਦਣ ਬਦਲੇ ਭਾਰਤ ’ਤੇ ਜੁਰਮਾਨੇ ਵਜੋਂ 25 ਫੀਸਦ ਵਾਧੂ ਟੈਕਸ ਲਗਾਇਆ ਸੀ। ਅਮਰੀਕਾ ਇਸ ਵੇਲੇ ਭਾਰਤ ਤੋਂ ਦਰਾਮਦ ਵਸਤਾਂ ’ਤੇ 50 ਫੀਸਦ ਟੈਰਿਫ ਵਸੂਲਦਾ ਹੈ। ਸੈਨੇਟਰ ਲਿੰਡਸੇ ਗ੍ਰਾਹਮ ਵੱਲੋਂ ਪੇਸ਼ ਕੀਤੇ ਗਏ ਬਿੱਲ ਵਿੱਚ ਰੂਸੀ ਤੇਲ ਦੀ ਸੈਕੰਡਰੀ ਖਰੀਦ ਅਤੇ ਮੁੜ ਵਿਕਰੀ ’ਤੇ 500 ਫੀਸਦ ਟੈਰਿਫ ਦੀ ਤਜਵੀਜ਼ ਰੱਖੀ ਗਈ ਹੈ। ਇਸ ਤਜਵੀਜ਼ ਨੂੰ ਸੈਨੇਟ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੀ ਤਰਕੀਬਨ ਸਰਬਸੰਮਤੀ ਨਾਲ ਹਮਾਇਤ ਪ੍ਰਾਪਤ ਹੈ।
