Arvind Kejriwal ਜੇ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਜਾਂਦੇ ਹਨ ਤਾਂ ਇਸ ਵਿਚ ਕੀ ਗ਼ਲਤ ਹੈ: ਸੰਧਵਾਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਫਰਵਰੀ
Arvind Kejriwal ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਂ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਚੋਂ ਕਿਸੇ ਇਕ ਨੂੰ ਰਾਜ ਸਭਾ ਭੇਜਣ ਦੀ ਤਿਆਰੀ ਖਿੱਚ ਲਈ ਹੈ।
‘ਆਪ’ ਤਰਜਮਾਨ ਨੀਲ ਗਰਗ ਨੇ ਭਾਵੇਂ ਇਨ੍ਹਾਂ ਕਿਆਸਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਪਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਬਿਆਨ ਕਿਸੇ ਹੋਰ ਪਾਸੇ ਹੀ ਇਸ਼ਾਰਾ ਕਰਦਾ ਹੈ। ਸੰਧਵਾਂ ਨੇ ਕਿਹਾ ਕਿ ਪਾਰਟੀ ਕਿਸੇ ਨੂੰ ਵੀ ਕਿਤੋਂ ਵੀ ਰਾਜ ਸਭਾ ਲਈ ਨਾਮਜ਼ਦ ਕਰ ਸਕਦੀ ਹੈ। ਸੰਧਵਾਂ ਨੇ ਕਿਹਾ, ‘‘ਇਹ ਉਨ੍ਹਾਂ ਦਾ ਅਧਿਕਾਰ ਹੈ। ਇਸ ਵਿਚ ਕੀ ਗ਼ਲਤ ਹੈ? ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਕਿਸੇ ਹੋਰ ਸੂਬੇ ਤੋਂ ਰਾਜ ਸਭਾ ਵਿਚ ਗਏ ਸਨ। ਇਹ ਫੈਸਲਾ ਪਾਰਟੀ ਨੇ ਕਰਨਾ ਹੈ ਕਿ ਕਿਸ ਨੂੰ ਚੋਣ ਮੈਦਾਨ ਵਿਚ ਉਤਾਰਨਾ ਹੈ। ਉਹ ਜਿਸ ਨੂੰ ਵੀ ਉਤਾਰਨਗੇ ਮੈਂ ਉਸ ਦਾ ਸਵਾਗਤ ਕਰਾਂਗਾ।’’
ਕਿਆਸ ਲਾਏ ਜਾ ਰਹੇ ਹਨ ਕਿ ਸੰਜੀਵ ਅਰੋੜਾ ਨੂੰ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨ ਕੇ ਪਾਰਟੀ ਵੱਲੋਂ ਕੇਜਰੀਵਾਲ ਜਾਂ ਸਿਸੋਦੀਆ ਲਈ ਉਪਰਲੇ ਸਦਨ ਦਾ ਰਸਤਾ ਸਾਫ਼ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨਵੀਂ ਦਿੱਲੀ ਹਲਕੇ ਤੇ ਸਿਸੋਦੀਆ ਜੰਗਪੁਰਾ ਹਲਕੇ ਤੋਂ ਦਿੱਲੀ ਵਿਧਾਨ ਸਭਾ ਦੀ ਹਾਲੀਆ ਚੋਣ ਹਾਰ ਗਏ ਸਨ।
ਹਾਲਾਂਕਿ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਕੇਜਰੀਵਾਲ ਜਾਂ ਸਿਸੋਦੀਆ ਰਾਜ ਸਭਾ ਜਾਣਗੇ ਜਾਂ ਨਹੀਂ। ਦਿੱਲੀ ਵਿੱਚ ਪਾਰਟੀ ਦੀ ਹਾਰ ਅਤੇ ਕਰੀਬ 27 ਸਾਲਾਂ ਬਾਅਦ ਭਾਜਪਾ ਦੀ ਸੱਤਾ ’ਚ ਵਾਪਸੀ ਨਾਲ ਪੰਜਾਬ ਵਿੱਚ ਸਿਆਸੀ ਸਮੀਕਰਨ ਬਦਲ ਗਏ ਹਨ।
ਸੰਜੀਵ ਅਰੋੜਾ ਨੂੰ 10 ਅਪਰੈਲ, 2022 ਨੂੰ ਰਾਜ ਸਭਾ ਭੇਜਿਆ ਗਿਆ ਸੀ। ਉਨ੍ਹਾਂ ਦਾ ਕਾਰਜਕਾਲ 9 ਅਪਰੈਲ, 2028 ਤੱਕ ਹੈ। ਦਿੱਲੀ ਵਿੱਚ ਲਗਾਤਾਰ ਤਿੰਨ ਵਾਰ ਸੱਤਾ ਵਿੱਚ ਰਹੀ ‘ਆਪ’ ਇਸ ਵਾਰ ਸੱਤਾ ’ਚੋਂ ਬਾਹਰ ਹੋ ਗਈ। ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 48 ਸੀਟਾਂ ਜਿੱਤ ਕੇ, ਭਾਜਪਾ ਨੇ ਕਰੀਬ 27 ਸਾਲਾਂ ਬਾਅਦ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਹੈ। ਆਮ ਆਦਮੀ ਪਾਰਟੀ ਨੇ 22 ਸੀਟਾਂ ਜਿੱਤੀਆਂ ਹਨ।
ਇਹ ਵੀ ਪੜ੍ਹੋ:
Ludhiana west Bypoll ‘ਆਪ’ ਨੇ ਲੁਧਿਆਣਾ ਪੱਛਮੀ ਹਲਕੇ ਤੋਂ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ
Kejriwal ਜਾਂ Sisodia ਨੂੰ ਰਾਜ ਸਭਾ ਭੇਜਣ ਦੇ ਦਾਅਵਿਆਂ ’ਚ ਕੋਈ ਸੱਚਾਈ ਨਹੀਂ: ‘ਆਪ’
ਨਵੀਂ ਦਿੱਲੀ ਸੀਟ ਤੋਂ ਲਗਾਤਾਰ ਚੋਣ ਜਿੱਤਣ ਵਾਲੇ ਅਰਵਿੰਦ ਕੇਜਰੀਵਾਲ ਨੂੰ ਐਤਕੀਂ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਸਾਹਿਬ ਵਰਮਾ ਨੇ ਹਰਾਇਆ। ਅਜਿਹੀ ਸਥਿਤੀ ਵਿੱਚ ਆਮ ਆਦਮੀ ਪਾਰਟੀ ਵਿਚ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀ ਘੁਸਰ ਮੁਸਰ ਸ਼ੁਰੂ ਹੋ ਗਈ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ ਬੁੱਧਵਾਰ ਨੂੰ ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨ ਦਿੱਤਾ, ਜਿਸ ਨਾਲ ਪਾਰਟੀ ਦੇ ਇਰਾਦਿਆਂ ਅਤੇ ਰਾਜਨੀਤਿਕ ਹਲਕਿਆਂ ਵਿੱਚ ਚੱਲ ਰਹੀਆਂ ਚਰਚਾਵਾਂ ਨੂੰ ਹੋਰ ਬਲ ਮਿਲਿਆ ਹੈ।
ਬਾਜਵਾ ਨੇ ਚੁਟਕੀ ਲਈ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਭੇਜੇਗੀ। ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ, ਉਨ੍ਹਾਂ ਦੇ ਇਹ ਦਾਅਵੇ ਸਹੀ ਸਾਬਤ ਹੁੰਦੇ ਜਾ ਰਹੇ ਹਨ। ਬਾਜਵਾ ਨੇ ਮਜ਼ਾਕ ਉਡਾਉਂਦੇ ਹੋਏ ਕਿਹਾ, ‘‘ਪਹਿਲਾਂ ਅਰਵਿੰਦ ਕੇਜਰੀਵਾਲ ਲੁਧਿਆਣਾ ਪੱਛਮੀ ਤੋਂ ਜ਼ਿਮਨੀ ਚੋਣ ਲੜਨਾ ਚਾਹੁੰਦੇ ਸਨ। ਪਰ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਇਸ ਦਾ ਪੰਜਾਬ ਵਿੱਚ ਬਹੁਤ ਵੱਡਾ ਅਸਰ ਪਏਗਾ ਤੇ ਪੰਜਾਬੀ ਬਾਹਰੀ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਨਗੇ, ਤਾਂ ਉਹ ਪਿੱਛੇ ਹਟ ਗਿਆ।’’