Next Delhi CM ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ: ਕਈ ਚਿਹਰੇ ਭਾਜਪਾ ਲਈ ਵੱਡੀ ਸਮੱਸਿਆ
ਉਜਵਲ ਜਲਾਲੀ
ਨਵੀਂ ਦਿੱਲੀ, 9 ਫਰਵਰੀ
ਦਿੱਲੀ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ 48 ਸੀਟਾਂ ਨਾਲ ਮਿਲੀ ਸ਼ਾਨਦਾਰ ਜਿੱਤ ਮਗਰੋਂ ਹੁਣ ਸਭ ਦੀਆਂ ਨਜ਼ਰਾਂ ਅਗਲੇ ਮੁੱਖ ਮੰਤਰੀ ਚਿਹਰੇ ’ਤੇ ਹਨ। ਭਾਜਪਾ ਕੋਲ ਕਈ ਨਾਮੀ ਹਸਤੀਆਂ ਹਨ, ਜਿਸ ਕਰਕੇ ਇਸ ਅਹੁਦੇ ਲਈ ਕਿਸੇ ਸਹੀ ਵਿਅਕਤੀ ਦੀ ਚੋਣ ਭਾਜਪਾ ਲਈ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਉਂਝ ਚੁਣੇ ਜਾਣ ਵਾਲੇ ਆਗੂ ਲਈ ਸਭ ਤੋਂ ਪਹਿਲੀ ਚੁਣੌਤੀ ਪਾਰਟੀ ਵੱਲੋਂ ਕੀਤੇ ਗਏ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਰਹੇਗੀ। ਇਨ੍ਹਾਂ ਵਿਚ ਸਿੱਖਿਆ, ਸਿਹਤ ਸੰਭਾਲ ਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਸਣੇ ਕਈ ਹੋਰ ਵਾਅਦੇ ਸ਼ਾਮਲ ਹਨ। ਨਵੇਂ ਮੁੱਖ ਮੰਤਰੀ ਨੂੰ ਸਮਾਜ ਦੇ ਸਾਰੇ ਵਰਗਾਂ ਦੇ ਸਮਾਵੇਸ਼ੀ ਵਿਕਾਸ ਨੂੰ ਵੀ ਯਕੀਨੀ ਬਣਾਉਣਾ ਹੋਵੇਗਾ।
ਭਾਜਪਾ ਪਿਛਲੇ ਦਸ ਸਾਲਾਂ ਤੋਂ ਵੀ ਵਧ ਸਮੇਂ ਤੋਂ ਕੇਂਦਰ ਦੀ ਸੱਤਾ ’ਤੇ ਕਾਬਜ਼ ਹੈ, ਪਰ ਦਿੱਲੀ ਵਿਚ ਸਰਕਾਰ ਬਣਾਉਣ ’ਚ ਨਾਕਾਮ ਰਹੀ। ਇਹੀ ਨਹੀਂ ਭਾਜਪਾ ਪਿਛਲੇ 25 ਸਾਲਾਂ ਵਿਚ ਸੀਐੱਮ ਦੇ ਅਹੁਦੇ ਲਈ ਕੋਈ ਮਕਬੂਲ ਚਿਹਰਾ ਵੀ ਨਹੀਂ ਦੇ ਸਕੀ। ਸਾਹਿਬ ਸਿੰਘ ਵਰਮਾ 1996 ਵਿਚ ਦਿੱਲੀ ਐੱਨਸੀਟੀ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਨੇ ਢਾਈ ਸਾਲ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਪਰ ਸ਼ਹਿਰ ਵਿੱਚ ਪਿਆਜ਼ ਦੀ ਕੀਮਤ ਦੇ ਸੰਕਟ ਤੋਂ ਬਾਅਦ ਵਰਮਾ ਦੀ ਥਾਂ ਸੁਸ਼ਮਾ ਸਵਰਾਜ ਨੇ ਲੈ ਲਈ। ਸਵਰਾਜ ਨੇ 52 ਦਿਨਾਂ ਤੱਕ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਜਿਸ ਤੋਂ ਬਾਅਦ ਚੋਣਾਂ ਦਾ ਐਲਾਨ ਕੀਤਾ ਗਿਆ। ਇਸ ਮਗਰੋਂ ਭਾਜਪਾ ਕੌਮੀ ਰਾਜਧਾਨੀ ਵਿੱਚ ਸਰਕਾਰ ਬਣਾਉਣ ਵਿੱਚ ਨਾਕਾਮ ਰਹੀ।
ਭਾਜਪਾ ਨੇ 2013 ਵਿੱਚ ਸੁਸ਼ਮਾ ਸਵਰਾਜ, ਡਾ: ਹਰਸ਼ਵਰਧਨ, 2015 ਵਿੱਚ ਕਿਰਨ ਬੇਦੀ ਅਤੇ ਅੰਤ ਵਿੱਚ 2019 ਵਿੱਚ ਮਨੋਜ ਤਿਵਾੜੀ ਵਰਗੇ ਕਈ ਵੱਡੇ ਨਾਵਾਂ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਪੇਸ਼ ਕੀਤਾ ਪਰ ਇਹ ਸਭ ਅਸਫਲ ਰਹੇ ਕਿਉਂਕਿ ‘ਆਪ’ ਨੇ ਜਿੱਤ ਪ੍ਰਾਪਤ ਕੀਤੀ ਅਤੇ ਦੋ ਵਾਰ ਸਰਕਾਰ ਬਣਾਈ। ਹਾਲਾਂਕਿ ਐਤਕੀਂ ਭਾਜਪਾ ਨੇ ‘ਆਪ'’ ਤੋਂ ਸੱਤਾ ਖੋਹ ਲਈ ਹੈ ਅਤੇ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਯੋਗ ਉਮੀਦਵਾਰ ਲੱਭਣਾ ਹੋਵੇਗਾ।
ਪਾਰਟੀ ਨੇ ਅਜੇ ਤੱਕ ਰਸਮੀ ਤੌਰ ’ਤੇ ਕਿਸੇ ਨਾਂ ਦਾ ਐਲਾਨ ਨਹੀਂ ਕੀਤਾ ਹੈ, ਪਰ ਕਈ ਪ੍ਰਮੁੱਖ ਹਸਤੀਆਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ, ਜਿਨ੍ਹਾਂ ਵਿੱਚ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਵੀ ਸ਼ਾਮਲ ਹਨ, ਜਿਨ੍ਹਾਂ ਨਵੀਂ ਦਿੱਲੀ ਹਲਕੇ ਤੋਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਹੈ। ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਦੇ ਦਿੱਲੀ ਦੀ ਸਿਆਸਤ ਵਿੱਚ ਡੂੰਘੇ ਸਬੰਧ ਹਨ ਅਤੇ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ।
ਇੱਕ ਹੋਰ ਉਮੀਦਵਾਰ ਰੋਹਿਣੀ ਤੋਂ ਵਿਧਾਇਕ ਵਿਜੇਂਦਰ ਗੁਪਤਾ ਹੋ ਸਕਦੇ ਹਨ। ਉਹ ਤਜਰਬੇਕਾਰ ਸਿਆਸਤਦਾਨ ਹਨ, ਜੋ ਪਹਿਲਾਂ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੇਵਾ ਨਿਭਾ ਚੁੱਕੇ ਹਨ। ਦਿੱਲੀ ਦੇ ਸਿਆਸੀ ਦ੍ਰਿਸ਼ ਵਿੱਚ ਆਪਣੇ ਸੰਗਠਨਾਤਮਕ ਹੁਨਰ ਅਤੇ ਤਜਰਬੇ ਲਈ ਜਾਣੇ ਜਾਂਦੇ ਹਨ। ਗੁਪਤਾ ਨੂੰ ਇੱਕ ਸਮਰੱਥ ਪ੍ਰਸ਼ਾਸਕ ਵਜੋਂ ਦੇਖਿਆ ਜਾਂਦਾ ਹੈ ਜੋ ਰਾਜਧਾਨੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕਰ ਸਕਦੇ ਹਨ।
ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ, ਜਿਨ੍ਹਾਂ ‘ਆਪ’ ਦੀ ਧਨਵਤੀ ਚੰਦੇਲਾ ਨੂੰ ਹਰਾਇਆ ਹੈ, ਨੂੰ ਵੀ ਇਸ ਅਹੁਦੇ ਲਈ ਪ੍ਰਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਸਿਰਸਾ ਇੱਕ ਉੱਘੇ ਸਿੱਖ ਆਗੂ ਹਨ ਅਤੇ ਉਨ੍ਹਾਂ ਦੀ ਵੱਧ ਰਹੀ ਸਿਆਸੀ ਪੈਂਠ ਉਨ੍ਹਾਂ ਨੂੰ ਸਹੀ ਉਮੀਦਵਾਰ ਬਣਾਉਂਦੀ ਹੈ। ਇਸ ਦਾ ਪ੍ਰਭਾਵ ਪੰਜਾਬ ਵਿੱਚ ਵੀ ਵਰਤਿਆ ਜਾ ਸਕਦਾ ਹੈ ਜਿੱਥੇ 2027 ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਉੱਘੇ ਦਲਿਤ ਆਗੂ ਦੁਸ਼ਯੰਤ ਗੌਤਮ ਇਸ ਅਹੁਦੇ ਦੀ ਦੌੜ ਵਿੱਚ ਇੱਕ ਹੋਰ ਚੋਟੀ ਦਾ ਨਾਮ ਹੈ। ਭਾਵੇਂ ਉਹ ਚੋਣਾਂ ਹਾਰ ਗਏ ਸਨ, ਪਰ ਗੌਤਮ ਆਪਣੇ ਜ਼ਮੀਨੀ ਪੱਧਰ ਦੇ ਸਮਰਥਨ ਲਈ ਜਾਣੇ ਜਾਂਦੇ ਹਨ। ਕਰੋਲ ਬਾਗ ਸੀਟ ’ਤੇ ਉਨ੍ਹਾਂ ਦਾ ਮੁਕਾਬਲਾ ‘ਆਪ’ ਦੇ ਵਿਸ਼ੇਸ਼ ਰਵੀ ਨਾਲ ਸੀ।
ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਉਪਾਧਿਆਏ ਦੀਆਂ ਸੰਭਾਵਨਾਵਾਂ ਵੀ ਚੰਗੀਆਂ ਹਨ ਕਿਉਂਕਿ ਉਨ੍ਹਾਂ ਨੇ ਮਾਲਵੀਆ ਨਗਰ ਤੋਂ ‘ਆਪ’ ਦੇ ਸੋਮਨਾਥ ਭਾਰਤੀ ਨੂੰ ਹਰਾ ਕੇ 32 ਸਾਲਾਂ ਬਾਅਦ ਸੀਟ ’ਤੇ ਕਬਜ਼ਾ ਕੀਤਾ ਹੈ।