‘ਅਸੀਂ ਪ੍ਰਭਾਵਾਂ ਦਾ ਅਧਿਐਨ ਕਰ ਰਹੇ ਹਾਂ’
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੱਲੋਂ ਬੁੱਧਵਾਰ ਨੂੰ ਰਿਆਧ ਦੀ ਆਪਣੀ ਸਰਕਾਰੀ ਫੇਰੀ ਦੌਰਾਨ ਇੱਕ ਰਣਨੀਤਕ ਆਪਸੀ ਰੱਖਿਆ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਇਹ ਪ੍ਰਤੀਕਿਰਿਆ ਆਈ ਹੈ, ਜਿਸ ਵਿੱਚ ਦੋਵਾਂ ਦੇਸ਼ਾਂ ਨੂੰ ਇੱਕ ’ਤੇ ਹਮਲੇ ਨੂੰ ਦੋਵਾਂ ਖ਼ਿਲਾਫ਼ ਹਮਲਾ ਮੰਨਣ ਦਾ ਵਾਅਦਾ ਕੀਤਾ ਗਿਆ ਹੈ।
ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਦੇ ਸੱਦੇ ’ਤੇ ਸਹੀਬੱਧ ਹੋਇਆ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਾਲੇ ਲਗਭਗ ਅੱਠ ਦਹਾਕਿਆਂ ਦੇ ਫ਼ੌਜੀ ਅਤੇ ਸਿਆਸੀ ਸਹਿਯੋਗ ਨੂੰ ਮਹੱਤਵਪੂਰਨ ਹੁਲਾਰਾ ਦਿੰਦਾ ਹੈ।
ਸਾਊਦੀ ਕਰਾਊਨ ਪ੍ਰਿੰਸ ਅਤੇ ਰੱਖਿਆ ਮੰਤਰੀ ਖਾਲਿਦ ਬਿਨ ਸਲਮਾਨ ਨੇ ਸਮਝੌਤਾ ਸਹੀਬੱਧ ਹੋਣ ਮਗਰੋਂ ਐਕਸ ’ਤੇ ਪੋਸਟ ਕੀਤਾ, “ਕੇਐੱਸਏ ਅਤੇ ਪਾਕਿਸਤਾਨ...ਕਿਸੇ ਵੀ ਹਮਲਾਵਰ ਖ਼ਿਲਾਫ਼ ਇੱਕ ਮੋਰਚਾ...ਹਮੇਸ਼ਾ ਤੇ ਹਮੇਸ਼ਾ ਲਈ।”
ਇਸ ਮਹੱਤਵਪੂਰਨ ਸਮਝੌਤੇ ’ਤੇ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਜਾਣਦੀ ਹੈ ਕਿ ਇਹ ਘਟਨਾਕ੍ਰਮ, ਜੋ ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਪ੍ਰਬੰਧ ਨੂੰ ਰਸਮੀ ਬਣਾਉਂਦਾ ਹੈ, ਵਿਚਾਰ ਅਧੀਨ ਸੀ।
ਉਨ੍ਹਾਂ ਕਿਹਾ, ‘‘ਅਸੀਂ ਇਸ ਘਟਨਾਕ੍ਰਮ ਦੇ ਸਾਡੀ ਕੌਮੀ ਸੁਰੱਖਿਆ ਦੇ ਨਾਲ-ਨਾਲ ਖੇਤਰੀ ਅਤੇ ਵਿਸ਼ਵਵਿਆਪੀ ਸਥਿਰਤਾ ਲਈ ਪ੍ਰਭਾਵਾਂ ਦਾ ਅਧਿਐਨ ਕਰਾਂਗੇ। ਸਰਕਾਰ ਭਾਰਤ ਦੇ ਕੌਮੀ ਹਿੱਤਾਂ ਦੀ ਰਾਖੀ ਕਰਨ ਅਤੇ ਸਾਰੇ ਖੇਤਰਾਂ ਵਿੱਚ ਵਿਆਪਕ ਕੌਮੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।’’
ਭਾਰਤ ਅਤੇ ਸਾਊਦੀ ਅਰਬ ਸਦੀਆਂ ਪੁਰਾਣੇ ਆਰਥਿਕ ਅਤੇ ਸਮਾਜਿਕ-ਸੱਭਿਆਚਾਰਕ ਆਦਾਨ-ਪ੍ਰਦਾਨ ਵਿੱਚ ਜੁੜੇ ਸੁਹਿਰਦ ਸਬੰਧਾਂ ਦਾ ਆਨੰਦ ਮਾਣਦੇ ਰਹਿੰਦੇ ਹਨ। ਦੋਵੇਂ ਦੇਸ਼, ਜਿਨ੍ਹਾਂ ਨੇ 1947 ਵਿੱਚ ਕੂਟਨੀਤਕ ਸਬੰਧ ਸਥਾਪਤ ਕੀਤੇ ਸਨ, ਰੱਖਿਆ ਅਤੇ ਸੁਰੱਖਿਆ ਤੋਂ ਲੈ ਕੇ ਊਰਜਾ, ਨਿਵੇਸ਼, ਸਿਹਤ ਅਤੇ ਸਿੱਖਿਆ ਤੱਕ ਦੇ ਖੇਤਰਾਂ ਵਿੱਚ ਰਣਨੀਤਕ ਭਾਈਵਾਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਤੋਂ ਲੈ ਕੇ ਹਾਲ ਹੀ ਵਿੱਚ ਇਸ ਸਾਲ ਅਪਰੈਲ ਵਿੱਚ ਕੀਤੇ ਦੌਰੇ ਸਣੇ ਹੁਣ ਤੱਕ ਤਿੰਨ ਵਾਰ ਸਾਊਦੀ ਅਰਬ ਦਾ ਦੌਰਾ ਕਰ ਚੁੱਕੇ ਹਨ।
ਸਾਊਦੀ-ਪਾਕਿਸਤਾਨ ਰੱਖਿਆ ਸਮਝੌਤੇ ਨੂੰ ਅਲ-ਯਾਮਾਮਾਹ ਪੈਲੇਸ ਵਿੱਚ ਅੰਤਿਮ ਰੂਪ ਦਿੱਤਾ ਗਿਆ ਸੀ, ਜਿੱਥੇ ਸ਼ਰੀਫ ਅਤੇ ਕਰਾਊਨ ਪ੍ਰਿੰਸ ਨੇ ਖੇਤਰੀ ਸੁਰੱਖਿਆ ਚੁਣੌਤੀਆਂ ਦੀ ਵੀ ਸਮੀਖਿਆ ਕੀਤੀ। ਜਦੋਂ ਕਿ ਸ਼ਰੀਫ ਨੇ ਸਾਊਦੀ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਸਬੰਧਾਂ ਨੂੰ ਡੂੰਘਾ ਕਰਨ ਲਈ ਪਾਕਿਸਤਾਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਕਰਾਊਨ ਪ੍ਰਿੰਸ ਨੇ ਪਾਕਿਸਤਾਨ ਦੀ ਸਥਿਰਤਾ ਅਤੇ ਖੁਸ਼ਹਾਲੀ ਲਈ ਨਿਰੰਤਰ ਸਮਰਥਨ ਦਾ ਵਾਅਦਾ ਕੀਤਾ।
ਇਹ ਸਮਝੌਤਾ ਰਿਆਧ-ਇਸਲਾਮਾਬਾਦ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਨਵੇਂ ਅਧਿਆਏ ਦੀ ਨਿਸ਼ਾਨਦੇਹੀ ਕਰਦਾ ਹੈ, ਜੋ ਬਦਲਦੇ ਖਾੜੀ ਅਤੇ ਦੱਖਣੀ ਏਸ਼ੀਆਈ ਭੂ-ਰਾਜਨੀਤੀ ਦੇ ਵਿਚਕਾਰ ਰੱਖਿਆ ਸਹਿਯੋਗ ਨੂੰ ਉਨ੍ਹਾਂ ਦੇ ਰਣਨੀਤਕ ਗੱਠਜੋੜ ਦੇ ਕੇਂਦਰ ਵਿੱਚ ਰੱਖਦਾ ਹੈ।