Volvo bus overturns ਮੰਡੀ ਵਿਚ ਕੀਰਤਪੁਰ-ਮਨਾਲੀ ਸੜਕ ’ਤੇ ਵੋਲਵੋ ਬੱਸ ਪਲਟੀ, 31 ਜ਼ਖ਼ਮੀ
ਐਤਵਾਰ ਵੱਡੇ ਤੜਕੇ ਮੰਡੀ ਜ਼ਿਲ੍ਹੇ ਦੇ ਸ਼ਿਲਾ ਕਿੱਪਰ ਨੇੜੇ ਵਾਪਰਿਆ ਹਾਦਸਾ, ਸਾਰੇ ਜ਼ਖ਼ਮੀ ਮੰਡੀ ਦੇ ਜ਼ੋਨਲ ਹਸਪਤਾਲ ਤਬਦੀਲ
ਦੀਪੇਂਦਰ ਮੰਟਾ
ਮੰਡੀ, 13 ਅਪਰੈਲ
Volvo bus overturns ਮੰਡੀ ਜ਼ਿਲ੍ਹੇ ਦੇੇ ਸ਼ਿਲਾ ਕਿੱਪਰ ਵਿਚ ਐਤਵਾਰ ਵੱਡੇ ਤੜਕੇ ਕੀਰਤਪੁਰ-ਮਨਾਲੀ ਚਹੁੰਮਾਰਗੀ ਸੜਕ ’ਤੇ ਵੋਲਵੋ ਬੱਸ ਪਲਟਣ ਕਰਕੇ ਬੱਸ ਵਿਚ ਸਵਾਰ ਘੱਟੋ-ਘੱਟ 31 ਸਵਾਰੀਆਂ ਜ਼ਖ਼ਮੀ ਹੋ ਗਈਆਂ।
ਬੱਸ ਮੰਡੀ ਵਾਲੇ ਪਾਸਿਓਂ ਮਨਾਲੀ ਨੂੰ ਜਾ ਰਹੀ ਸੀ ਜਦੋਂ ਬੇਕਾਬੂ ਹੋ ਕੇ ਪਲਟ ਗਈ। ਪੁਲੀਸ ਸੂਤਰਾਂ ਮੁਤਾਬਕ ਹਾਦਸਾ ਐਤਵਾਰ ਵੱਡੇ ਤੜਕੇ ਹੋਇਆ ਤੇ ਉਸ ਮੌਕੇ ਬਹੁਤੇ ਯਾਤਰੀ ਸੁੱਤੇ ਪਏ ਸਨ। ਹਾਦਸੇ ਵਿਚ ਕਈ ਸਵਾਰੀਆਂ ਜ਼ਖ਼ਮੀਆਂ ਹੋ ਗਈਆਂ, ਜਿਨ੍ਹਾਂ ਵਿਚੋਂ ਕੁਝ ਦੇ ਮਾਮੂਲੀ ਤੇ ਕੁਝ ਦੇ ਗੰਭੀਰ ਸੱਟਾਂ ਲੱਗੀਆਂ ਹਨ। ਉਂਝ ਹਾਲ ਦੀ ਘੜੀ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੈ।
ਸਥਾਨਕ ਅਥਾਰਿਟੀਜ਼ ਨੇ ਐਂਬੂਲੈਂਸ ਸੇਵਾਵਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਮੰਡੀ ਦੇ ਜ਼ੋਨਲ ਹਸਪਤਾਲ ਵਿਚ ਤਬਦੀਲ ਕੀਤਾ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਮੰਡੀ ਪੁਲੀਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਉਂਝ ਮੁੱਢਲੀ ਰਿਪੋਰਟਾਂ ਮੁਤਾਬਕ ਹਾਦਸੇ ਦੀ ਵਜ੍ਹਾ ਬੱਸ ਦੀ ਲੋੜੋਂ ਵੱਧ ਰਫ਼ਤਾਰ ਜਾਂ ਫਿਰ ਕੋਈ ਤਕਨੀਕੀ ਨੁਕਸ ਹੋ ਸਕਦਾ ਹੈ, ਪਰ ਅਜੇ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।