Video: ਅਮਰੀਕਾ ਦੇ ਡੈਨਵਰ ’ਚ ਟੇਕਆਫ਼ ਤੋਂ ਪਹਿਲਾਂ ਜਹਾਜ਼ ਦੇ ਪਹੀਆਂ ਨੂੰ ਅੱਗ ਲੱਗੀ
American Airlines plane fire: ਅਮਰੀਕਾ ਦੇ ਡੈਨਵਰ ਕੌਮਾਂਤਰੀ ਹਵਾਈ ਅੱਡੇ (Denver International Airport) ਉੱਤੇ ਵੱਡਾ ਜਹਾਜ਼ ਹਾਦਸਾ ਟਲ ਗਿਆ ਜਦੋਂ ਅਮਰੀਕੀ ਏਅਰਲਾਈਨਜ਼ ਦੀ ਉਡਾਣ 3023 ਦੇ ਲੈਂਡਿੰਗ ਗੇਅਰ ਵਿਚ ਅਚਾਨਕ ਤਕਨੀਕੀ ਖਰਾਬੀ ਆ ਗਈ। ਇਸ ਜਹਾਜ਼ ਨੇ ਡੈਨਵਰ ਤੋਂ ਮਿਆਮੀ ਲਈ ਉਡਾਣ ਭਰਨੀ ਸੀ, ਪਰ ਟੇਕਆਫ਼ ਤੋਂ ਠੀਕ ਪਹਿਲਾਂ ਉਸ ਦੇ ਪਹੀਆਂ ਵਿਚ ਅੱਗ ਲੱਗ ਗਈ।
ਬੋਇੰਗ 737 ਮੈਕਸ 8 ਜਹਾਜ਼ ਵਿਚ ਸਵਾਰ 173 ਯਾਤਰੀਆਂ ਤੇ ਅਮਲੇ ਦੇ 6 ਮੈਂਬਰਾਂ ਨੂੰ ਫੌਰੀ ਐਮਰਜੈਂਸੀ ਸਲਾਈਡ ਜ਼ਰੀਏ ਬਾਹਰ ਕੱਢਿਆ ਗਿਆ। ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਸ ਵਿਚ ਧੂੰਏਂ ਤੇ ਅੱਗ ਵਿਚਾਲੇ ਯਾਤਰੀਆਂ ਨੂੰ ਘਬਰਾਹਟ ਵਿਚ ਜਹਾਜ਼ ’ਚੋੋਂ ਭੱਜਦੇ ਦੇਖਿਆ ਜਾ ਸਕਦਾ ਹੈ।
ਡੈਨਵਰ ਫਾਇਰ ਵਿਭਾਗ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾਇਆ। ਅਮਰੀਕੀ ਮੀਡੀਆ ਆਊਟਲੈੱਟ Fox News ਮੁਤਾਬਕ ਪੰਜ ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ ਇਕ ਨੂੰ ਮਾਮੂਲੀ ਸੱਟ ਕਰਕੇ ਹਸਪਤਾਲ ਲਿਜਾਇਆ ਗਿਆ। ਅਮਰੀਕੀ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ, ‘‘ਫਲਾਈਟ 3023 ਨੂੰ ਟੇਕਆਫ਼ ਦੌਰਾਨ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਜਹਾਜ਼ ’ਚੋਂ ਉਤਾਰਨ ਮਗਰੋਂ ਜਾਂਚ ਲਈ ਸੇਵਾ ਤੋਂ ਬਾਹਰ ਕਰ ਦਿੱਤਾ ਗਿਆ।’’ ਏਅਰਲਾਈਨ ਨੇ ਇਹ ਵੀ ਦੱਸਿਆ ਕਿ ਇਹ ਸਮੱਸਿਆ ਟਾਇਰ ਦੇ ਰੱਖ ਰਖਾਅ ਨਾਲ ਜੁੜੀ ਸੀ।
ਸੰਘੀ ਹਵਾਬਾਜ਼ੀ ਪ੍ਰਸ਼ਾਸਨ (Federal Aviation Administration) ਨੇ ਵੀ ਪੁਸ਼ਟੀ ਕੀਤੀ ਕਿ ਸ਼ਨਿੱਚਰਵਾਰ ਦੁਪਹਿਰੇ ਕਰੀਬ ਪੌਣੇ ਤਿੰਨ ਵਜੇ ਇਹ ਘਟਨਾ ਹੋਈ। ਯਾਤਰੀਆਂ ਨੂੰ ਰਨਵੇਅ ’ਤੇ ਜਹਾਜ਼ ’ਚੋਂ ਉਤਾਰਿਆ ਗਿਆ ਤੇ ਬੱਸਾਂ ਜ਼ਰੀਏ ਟਰਮੀਨਲ ’ਤੇੇ ਭੇਜਿਆ ਗਿਆ। ਘਟਨਾ ਕਰਕੇ ਡੈਨਵਰ ਹਵਾਈ ਅੱਡੇ ਉੱਤੇ ਦੁਪਹਿਰੇ 2 ਤੋਂ 3 ਵਜੇ ਤੱਕ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ, ਜਿਸ ਕਰਕੇ ਕਰੀਬ 90 ਉਡਾਣਾਂ ਅਸਰਅੰਦਾਜ਼ ਹੋਈਆਂ।
ਇਹ ਘਟਨਾ ਅਜਿਹੇ ਸਮੇਂ ਹੋਈ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਹੀ Southwest Airlines ਦੀ ਇਕ ਉਡਾਣ ਨੂੰ ਸੰਭਾਵੀ ਟੱਕਰ ਤੋਂ ਬਚਣ ਲਈ ਅਚਾਨਕ ਹੇਠਾਂ ਵੱਲ ਨੂੰ ਮੋੜਨਾ ਪਿਆ ਸੀ। ਐੱਫਏਏ ਨੇ ਡੈਨਵਰ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਯਾਤਰੀਆਂ ਨੂੰ ਆਈ ਪ੍ਰੇਸ਼ਾਨੀ ਲਈ ਮੁਆਫ਼ੀ ਮੰਗੀ ਹੈ ਤੇ ਉਨ੍ਹਾਂ ਨੂੰ ਉਸੇ ਦਿਨ ਦੂਜੀ ਉਡਾਣ ਜ਼ਰੀਏ ਮਿਆਮੀ ਭੇਜਿਆ ਗਿਆ। -ਏਜੰਸੀ