Video: ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਜੰਮੂ ਕਸ਼ਮੀਰ ਵਿਚ ਤਿੰਨ ਹੋਰ ਦਹਿਸ਼ਤਗਰਦਾਂ ਦੇ ਘਰ ਤਬਾਹ ਕੀਤੇ
ਟ੍ਰਿਬਿਊਨ ਨਿਊਜ਼ ਸਰਵਿਸ
ਸ੍ਰੀਨਗਰ, 26 ਅਪਰੈਲ
Terrorists houses demolished: ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਵਿਚ 26 ਵਿਅਕਤੀਆਂ ਦੀ ਮੌਤ ਮਗਰੋਂ ਭਾਰਤੀ ਸਲਾਮਤੀ ਦਸਤਿਆਂ ਨੇ ਦਹਿਸ਼ਤਗਰਦਾਂ ਖਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਰਾਤ ਨੂੰ ਜੰਮੂ ਕਸ਼ਮੀਰ ਦੇ ਵੱਖ ਵੱਖ ਜ਼ਿਲ੍ਹਿਆਂ ਸ਼ੋਪੀਆਂ, ਕੁਲਗਾਮ ਤੇ ਪੁਲਵਾਮਾ ਵਿਚ ਅਤਿਵਾਦੀਆਂ ਤਿੰਨ ਹੋਰ ਘਰਾਂ ਨੂੰ ਤਬਾਹ ਕਰ ਦਿੱਤਾ। ਇਹ ਸਾਰੇ ਲਸ਼ਕਰ ਏ ਤਇਬਾ (LeT) ਨਾਲ ਸਬੰਧਤ ਸਨ।
ਸ਼ੋਪੀਆਂ ਵਿੱਚ ਲਸ਼ਕਰ ਦੇ ਸਿਖਰਲੇ ਕਮਾਂਡਰ ਸ਼ਾਹਿਦ ਅਹਿਮਦ ਕੁੱਟੇ ਦਾ ਘਰ ਢਾਹ ਦਿੱਤਾ ਗਿਆ। ਉਹ ਪਿਛਲੇ 3-4 ਸਾਲਾਂ ਤੋਂ ਦਹਿਸ਼ਤੀ ਸਰਗਰਮੀਆਂ ਵਿੱਚ ਸ਼ਾਮਲ ਸੀ। ਕੁਲਗਾਮ ਵਿੱਚ ਅਤਿਵਾਦੀ ਜ਼ਾਹਿਦ ਅਹਿਮਦ ਦਾ ਘਰ ਢਾਹ ਦਿੱਤਾ ਗਿਆ।
ਪੁਲਵਾਮਾ ਵਿੱਚ ਅਤਿਵਾਦੀ ਅਹਿਸਾਨ ਉਲ ਹੱਕ, ਅਹਿਸਾਨ ਅਹਿਮਦ ਸ਼ੇਖ ਅਤੇ ਹਾਰਿਸ ਅਹਿਮਦ ਦੇ ਘਰ ਧਮਾਕੇ ਨਾਲ ਢਾਹ ਦਿੱਤੇ ਗਏ ਸਨ। ਇਸ ਤੋਂ
ਪਹਿਲਾਂ ਵੀਰਵਾਰ ਨੂੰ ਦੋ ਦਹਿਸ਼ਤਗਰਦਾਂ ਆਦਿਲ ਹੁਸੈਨ ਅਤੇ ਆਸਿਫ ਸ਼ੇਖ ਦੇ ਘਰਾਂ ਨੂੰ ਵੀ ਵਿਸਫੋਟਕਾਂ ਨਾਲ ਉਡਾ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ’ਤੇ ਪਹਿਲਗਾਮ ਹਮਲੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ, ਜਿੱਥੇ ਬੈਸਰਨ ਘਾਟੀ ਵਿੱਚ ਸੈਲਾਨੀਆਂ ’ਤੇ ਫਾਇਰਿੰਗ ਕੀਤੀ ਗਈ ਸੀ।
ਪੁਲੀਸ ਨੇ ਹਮਲਾਵਰਾਂ ਦੇ ਸਕੈੱਚ ਜਾਰੀ ਕੀਤੇ ਹਨ ਅਤੇ ਦੋ ਪਾਕਿਸਤਾਨੀ ਸ਼ੱਕੀਆਂ ਨੂੰ ਫੜਨ ਵਿੱਚ ਮਦਦ ਕਰਨ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਹਮਲੇ ਦੇ ਜਵਾਬ ਵਿੱਚ, ਭਾਰਤ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਹੈ।