Video: ਐਲਨ ਮਸਕ ਦੇ ਮੰਗਲ ਮਿਸ਼ਨ ਨੂੰ ਝਟਕਾ; SpaceX ਦਾ Starship ਲਾਂਚ ਦੇ ਕੁਝ ਮਿੰਟਾਂ ਬਾਅਦ ਨਸ਼ਟ ਹੋਇਆ
ਵਾਸ਼ਿੰਗਟਨ, 7 ਮਾਰਚ
SpaceX ਦਾ ਵਿਸ਼ਾਲ Starship ਪੁਲਾੜ ਵਾਹਨ ਟੈਕਸਸ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਪੁਲਾੜ ਵਿਚ ਧਮਾਕੇ ਨਾਲ ਨਸ਼ਟ ਹੋ ਗਿਆ। ਇਸ ਘਟਨਾ ਮਗਰੋਂ ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ (FAA) ਨੇ ਫਲੋਰਿਡਾ ਦੇ ਕੁਝ ਹਿੱਸਿਆਂ ਵਿਚ ਹਵਾਈ ਆਵਾਜਾਈ ’ਤੇ ਰੋਕ ਲਾ ਦਿੱਤੀ ਹੈ। ਇਹ ਇਸ ਸਾਲ ਐਲਨ ਮਸਕ ਦੇ ਮੰਗਲ ਮਿਸ਼ਨ ਪ੍ਰੋਗਰਾਮ ਲਈ ਦੂਜਾ ਵੱਡਾ ਝਟਕਾ ਹੈ।
ਇਹ Starship ਦਾ 8ਵਾਂ ਪ੍ਰੀਖਣ ਸੀ, ਜੋ ਲਗਾਤਾਰ ਦੂਜੀ ਵਾਰ ਨਾਕਾਮ ਰਿਹਾ ਹੈ। ਪਿਛਲੇ ਮਹੀਨੇ ਸੱਤਵੇਂ ਪ੍ਰੀਖਣ ਮੌਕੇ ਵੀ ਧਮਾਕੇ ਮਗਰੋਂ ਮਿਸ਼ਨ ਅਸਫ਼ਲ ਰਿਹਾ ਸੀ। ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਇਕ ਵੀਡੀਓ ਵਿਚ ਫਲੋਰੀਡਾ ਤੇ ਬਹਾਮਾਸ ਦੇ ਅਸਮਾਨ ਵਿਚ ਅੱਗ ਦੀਆਂ ਲਪਟਾਂ ’ਚ ਘਿਰੇ ਮਲਬੇ ਨੂੰ ਡਿੱਗਦੇ ਹੋਏ ਦੇਖਿਆ ਗਿਆ।
SpaceX ਦੇ ਲਾਈਵ ਸਟ੍ਰੀਮ ਵਿਚ ਦਿਖਾਇਆ ਗਿਆ ਕਿ Starship ਬੇਕਾਬੂ ਹੋ ਗਿਆ ਤੇ ਇਸ ਦੇ ਇੰਜਣ ਬੰਦ ਹੋ ਗਏ। ਕੁਝ ਦੇਰ ਬਾਅਦ ਇਸ ਨਾਲੋਂ ਸੰਪਰਕ ਟੁੱਟ ਗਿਆ। FAA ਨੇ ਇਸ ਘਟਨਾ ਮਗਰੋਂ ਮਿਆਮੀ, ਫੋਰਟ ਲੌਡਰਡੇਲ, ਪਾਮ ਬੀਚ ਤੇ ਔਰਲੈਂਡੋ ਹਵਾਈ ਅੱਡਿਆਂ ਤੋਂ ਉਡਾਣਾਂ ਅਸਥਾਈ ਤੌਰ ’ਤੇ ਰੋਕ ਦਿੱਤੀਆਂ ਹਨ। FAA ਨੇ ਕਿਹਾ ਕਿ ਇਸ ਹਾਦਸੇ ਦੀ ਡੂੰਘਾਈ ਨਾਲ ਜਾਂਚ ਕਰੇਗਾ ਅਤੇ SpaceX ਨੂੰ ਅਗਲੀ ਉਡਾਣ ਲਈ ਹਰੀ ਝੰਡੀ ਦੇਣ ਤੋਂ ਪਹਿਲਾਂ ਇਸ ਨਾਕਾਮੀ ਦੇ ਕਾਰਨਾਂ ਦੀ ਸਮੀਖਿਆ ਕੀਤੀ ਜਾਵੇਗੀ।
Is that space X rocket disintegration #spacex pic.twitter.com/apEagPIqDB
— Talha Mirza (@tmirza777) March 6, 2025
SpaceX ਨੇ ਆਪਣੇ ਅਧਿਕਾਰਤ ਬਿਆਨ ਵਿਚ ਕਿਹਾ, ‘‘Starship ਦੇ ਐਸੈਂਟ ਬਰਨ ਦੌਰਾਨ ਪੁਲਾੜ ਵਾਹਨ ਨੇ Rapid Unscheduled Disassembly ਦਾ ਅਨੁਭਵ ਕੀਤਾ ਤੇ ਸੰਪਰਕ ਟੁੱਟ ਗਿਆ। ਸਾਡੀ ਟੀਮ ਨੇ ਫੌਰੀ ਸੁਰੱਖਿਆ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਪਹਿਲਾਂ ਤੋਂ ਨਿਰਧਾਰਿਤ ਐਮਰਜੈਂਸੀ ਉਪਰਾਲੇ ਲਾਗੂ ਕੀਤੇ।’’
ਇਸ ਤੋਂ ਪਹਿਲਾਂ ਜਨਵਰੀ ਵਿਚ Starship ਦੇ ਪ੍ਰੀਖਣ ਵਿਚ ਅੱਠ ਮਿੰਟਾਂ ਦੀ ਉਡਾਣ ਮਗਰੋਂ ਰਾਕੇਟ ਨਸ਼ਟ ਹੋ ਗਿਆ ਸੀ, ਜਿਸ ਨਾਲ ਕੈਰੇਬਿਆਈ ਟਾਪੂਆਂ ’ਤੇ ਮਲਬਾ ਡਿੱਗਿਆ ਸੀ ਅਤੇ ਤੁਰਕਸ ਤੇ ਕੈਕੋਸ ਦੀਪਾਂ ਉੱਤੇ ਇਕ ਕਾਰ ਨੂੰ ਮਾਮੂਲੀ ਨੁਕਸਾਨ ਪੁੱਜਾ ਸੀ। -ਪੀਟੀਆਈ