DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਨਾਲ ਜਲਦੀ ‘ਬਹੁਤ ਵੱਡਾ’ ਵਪਾਰ ਸਮਝੌਤਾ ਹੋ ਰਿਹੈ: ਟਰੰਪ

Trump says 'very big' trade deal coming up with India
  • fb
  • twitter
  • whatsapp
  • whatsapp
Advertisement
ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਦੀ ਅਗਵਾਈ ਵਾਲੀ ਭਾਰਤੀ ਟੀਮ ਸਮਝੌਤੇ ਦੀਆਂ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਲਈ ਵਾਸ਼ਿੰਗਟਨ ਪਹੁੰਚੀ

ਵਾਸ਼ਿੰਗਟਨ, 27 ਜੂਨ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜਲਦੀ ਹੀ ਭਾਰਤ ਨਾਲ ਇੱਕ ‘ਬਹੁਤ ਵੱਡਾ’ ਵਪਾਰ ਸਮਝੌਤਾ ਹੋਣ ਵਾਲਾ ਹੈ, ਜੋ ਦੋਵਾਂ ਦੇਸ਼ਾਂ ਦਰਮਿਆਨ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਦੁਵੱਲੇ ਵਪਾਰ ਸਮਝੌਤੇ ਦੀ ਗੱਲਬਾਤ ਪ੍ਰਕਿਰਿਆ ਵਿੱਚ ਮਹੱਤਵਪੂਰਨ ਪੇਸ਼ਕਦਮੀ ਦਾ ਸੰਕੇਤ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿਚ ‘ਬਿੱਗ ਬਿਊਟੀਫੁਲ ਬਿੱਲ’ ਪ੍ਰੋਗਰਾਮ ਵਿਚ ਬੋਲਦਿਆਂ ਕਿਹਾ, ‘‘ਸਾਡੇ ਕੁਝ ਵਧੀਆ ਸੌਦੇ ਹੋ ਰਹੇ ਹਨ। ਅਸੀਂ ਜਲਦੀ ਹੀ ਭਾਰਤ ਨਾਲ ਇਕ ਵੱਡਾ ਵਪਾਰਕ ਸਮਝੌਤਾ ਕਰਨ ਜਾ ਰਹੇ ਹਾਂ।’’ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਚੀਨ ਨਾਲ ਇੱਕ ਵਪਾਰ ਸਮਝੌਤਾ ਕੀਤਾ ਹੈ। ਹਾਲਾਂਕਿ ਉਨ੍ਹਾਂ ਇਸ ਸਮਝੌਤੇ ਦੇ ਵੇਰਵਿਆਂ ਬਾਰੇ ਤਫ਼ਸੀਲ ਵਿੱਚ ਨਹੀਂ ਦੱਸਿਆ।

Advertisement

ਉਨ੍ਹਾਂ ਕਿਹਾ, ‘‘ਹਰ ਕੋਈ (ਵਪਾਰਕ) ਸੌਦਾ ਕਰਨਾ ਚਾਹੁੰਦਾ ਹੈ ਅਤੇ ਇਸਦਾ ਹਿੱਸਾ ਬਣਨਾ ਚਾਹੁੰਦਾ ਹੈ। ਅਸੀਂ ਕੱਲ੍ਹ ਹੀ ਚੀਨ ਨਾਲ ਦਸਤਖਤ ਕੀਤੇ ਹਨ। ਸਾਡੇ ਕੁਝ ਵਧੀਆ ਸੌਦੇ ਹੋ ਰਹੇ ਹਨ।’’ ਅਮਰੀਕੀ ਸਦਰ ਨੇ ਕਿਹਾ, ‘‘ਅਸੀਂ ਸਾਰਿਆਂ ਨਾਲ ਸੌਦੇ ਨਹੀਂ ਕਰਾਂਗੇ। ਅਸੀਂ ਕੁਝ ਲੋਕਾਂ ਨੂੰ ਬਸ ਪੱਤਰ ਭੇਜ ਕੇ ਕਹਾਂਗਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ 25, 35, 45 ਫੀਸਦ (ਟੈਕਸ ਦੀ) ਅਦਾਇਗੀ ਕਰੋਗੇ। ਅਜਿਹਾ ਕਰਨਾ ਸੌਖਾ ਤਰੀਕਾ ਹੈ।’’

ਟਰੰਪ ਦੀਆਂ ਟਿੱਪਣੀਆਂ ਉਸ ਸਮੇਂ ਆਈਆਂ ਹਨ ਜਦੋਂ ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਦੀ ਅਗਵਾਈ ਵਾਲੀ ਇੱਕ ਭਾਰਤੀ ਟੀਮ ਵੀਰਵਾਰ ਨੂੰ ਅਮਰੀਕਾ ਨਾਲ ਵਪਾਰਕ ਗੱਲਬਾਤ ਦੇ ਅਗਲੇ ਦੌਰ ਲਈ ਵਾਸ਼ਿੰਗਟਨ ਪਹੁੰਚੀ ਹੈ। ਦੋਵੇਂ ਦੇਸ਼ ਅੰਤਰਿਮ ਵਪਾਰ ਸਮਝੌਤੇ ਲਈ ਗੱਲਬਾਤ ਕਰ ਰਹੇ ਹਨ ਅਤੇ 9 ਜੁਲਾਈ ਤੋਂ ਪਹਿਲਾਂ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਪ੍ਰਸ਼ਾਸਨ ਨੇ 2 ਅਪਰੈਲ ਨੂੰ ਅਮਰੀਕਾ ਵੱਲੋਂ ਐਲਾਨੇ ਗਏ ਉੱਚ ਟੈਰਿਫਾਂ ਨੂੰ 9 ਜੁਲਾਈ ਤੱਕ ਮੁਅੱਤਲ ਕਰ ਦਿੱਤਾ ਸੀ। ਭਾਰਤ ਲਈ ਖੇਤੀਬਾੜੀ ਅਤੇ ਡੇਅਰੀ ਖੇਤਰ ਅਮਰੀਕਾ ਨੂੰ ਡਿਊਟੀ ਰਿਆਇਤਾਂ ਦੇਣ ਲਈ ਮੁਸ਼ਕਲ ਅਤੇ ਚੁਣੌਤੀਪੂਰਨ ਖੇਤਰ ਹਨ।

ਭਾਰਤ ਨੇ ਹੁਣ ਤੱਕ ਦਸਤਖਤ ਕੀਤੇ ਗਏ ਆਪਣੇ ਕਿਸੇ ਵੀ ਮੁਕਤ ਵਪਾਰ ਸਮਝੌਤਿਆਂ ਵਿੱਚ ਡੇਅਰੀ ਨੂੰ ਨਹੀਂ ਖੋਲ੍ਹਿਆ ਹੈ। ਅਮਰੀਕਾ ਕੁਝ ਉਦਯੋਗਿਕ ਵਸਤਾਂ, ਆਟੋਮੋਬਾਈਲਜ਼- ਖਾਸ ਕਰਕੇ ਇਲੈਕਟ੍ਰਿਕ ਵਾਹਨ, ਵਾਈਨ, ਪੈਟਰੋ ਕੈਮੀਕਲ ਉਤਪਾਦ, ਡੇਅਰੀ ਅਤੇ ਸੇਬ, ਰੁੱਖਾਂ ਦੇ ਗਿਰੀਦਾਰ ਅਤੇ ਜੈਨੇਟਿਕ ਤੌਰ ’ਤੇ ਸੋਧੀਆਂ ਫਸਲਾਂ ਵਰਗੀਆਂ ਖੇਤੀਬਾੜੀ ਵਸਤਾਂ ’ਤੇ ਡਿਊਟੀ ਰਿਆਇਤਾਂ ਚਾਹੁੰਦਾ ਹੈ। ਭਾਰਤ ਤਜਵੀਜ਼ਤ ਵਪਾਰ ਸਮਝੌਤੇ ਵਿੱਚ ਟੈਕਸਟਾਈਲ, ਰਤਨ ਅਤੇ ਗਹਿਣੇ, ਚਮੜੇ ਦੇ ਸਮਾਨ, ਕੱਪੜੇ, ਪਲਾਸਟਿਕ, ਰਸਾਇਣ, ਝੀਂਗਾ, ਤੇਲ ਬੀਜ, ਅੰਗੂਰ ਅਤੇ ਕੇਲੇ ਵਰਗੇ ਕਿਰਤ-ਸੰਵੇਦਨਸ਼ੀਲ ਖੇਤਰਾਂ ਲਈ ਡਿਊਟੀ ਰਿਆਇਤਾਂ ਦੀ ਮੰਗ ਕਰ ਰਿਹਾ ਹੈ। -ਪੀਟੀਆਈ

Advertisement
×