Uttarakhand Avalanche: ਉੱਤਰਾਖੰਡ: ਬਰਫ਼ ਹੇਠ ਦਬੇ 4 ਮਜ਼ਦੂਰਾਂ ਦੀ ਮੌਤ, 50 ਸੁਰੱਖਿਅਤ ਕੱਢੇ
ਚਮੋਲੀ (ਉੱਤਰਾਖੰਡ), 1 ਮਾਰਚ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਮਾਣਾ ਪਿੰਡ ਨੇੜੇ ਬਰਫ਼ ਦੇ ਤੋਦੇ ਹੇਠ ਫਸੇ ਵਿਅਕਤੀਆਂ ਨੂੰ ਬਚਾਉਣ ਲਈ ਸੈਨਾ ਦੇ ਚਾਰ ਹੈਲੀਕਾਪਟਰਾਂ ਨੂੰ ਰਾਹਤ ਕਾਰਜਾਂ ਵਿੱਚ ਲਗਾਇਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਤਿਵਾਰੀ ਨੇ ਦੱਸਿਆ ਕਿ ਹੁਣ ਤੱਕ ਫਸੇ ਹੋਏ 55 ਮਜ਼ਦੂਰਾਂ ਵਿੱਚੋਂ 50 ਨੂੰ ਬਚਾਇਆ ਜਾ ਚੁੱਕਾ ਹੈ, ਜਦੋਂਕਿ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਚਮੋਲੀ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀ ਮਦਦ ਨਾਲ ਚਾਰ ਹੈਲੀਕਾਪਟਰ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਏ ਹਨ। ਉਨ੍ਹਾ ਦੱਸਿਆ ਕਿ ਅਸੀਂ ਸੱਤ ਵਿਅਕਤੀਆਂ ਨੂੰ ਜੋਸ਼ੀਮੱਠ ਹਸਪਤਾਲ ਲਿਆਂਦਾ ਹੈ ਅਤੇ ਉਹ ਇਲਾਜ ਅਧੀਨ ਹਨ।
ਜ਼ਿਕਰਯੋਗ ਹੈ ਕਿ ਬੀਆਰਓ ਦੇ ਕਰਮਚਾਰੀ ਸ਼ੁੱਕਰਵਾਰ ਨੂੰ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆਉਣ ਕਾਰਨ ਬਰਫ਼ ਹੇਠਾਂ ਦਬ ਗਏ ਸਨ ਅਤੇ ਐਨਡੀਆਰਐਫ, ਭਾਰਤੀ ਸੈਨਾ ਅਤੇ ਭਾਰਤ-ਤਿੱਬਤ ਬਾਰਡਰ ਪੁਲੀਸ ਦੀਆਂ ਟੀਮਾਂ ਨੇ ਇੱਕ ਸਾਂਝੇ ਆਪ੍ਰੇਸ਼ਨ ਵਿਚ ਵਿੱਚ ਜੰਗੀ ਪੱਧਰ 'ਤੇ ਕੰਮ ਕਰ ਰਹੇ 55 ਮਜ਼ਦੂਰਾਂ ਵਿੱਚੋਂ 49 ਨੂੰ ਬਾਹਰ ਕੱਢ ਲਿਆ ਹੈ ਅਤੇ ਛੇ ਦੀ ਭਾਲ ਜਾਰੀ ਹੈ।
ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਅਤੇ ਬਚਾਅ ਕਾਰਜ ਦਾ ਜਾਇਜ਼ਾ ਲਿਆ। ਸੀਐਮ ਧਾਮੀ ਨੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਦੇਹਰਾਦੂਨ ਵਿੱਚ ਕੰਟਰੋਲ ਰੂਮ ਦਾ ਦੌਰਾ ਕੀਤਾ ਸੀ। -ਏਐੱਨਆਈ/ਪੀਟੀਆਈ