Uttarakhand avalanche:Uttarkahand avalanche: ਚਾਰ ਲਾਪਤਾ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ; ਮੌਤਾਂ ਦੀ ਗਿਣਤੀ ਵਧ ਕੇ ਅੱਠ ਹੋਈ
ਚਮੋਲੀ (ਉਤਰਾਖੰਡ), 2 ਮਾਰਚ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਮਾਣਾ ਪਿੰਡ ਨੇੜੇ 28 ਫਰਵਰੀ ਨੂੰ ਬਰਫ਼ੀਲੇ ਤੂਫਾਨ ਦੀ ਜੱਦ ਵਿੱਚ ਆਏ ਚਾਰ ਹੋਰ ਵਿਅਕਤੀਆਂ ਦੀਆਂ ਲਾਸ਼ਾਂ ਫੌਜ ਨੇ ਬਰਾਮਦ ਕਰ ਲਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਬਰਫੀਲੇ ਤੂਫਾਨ ’ਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਇਨ੍ਹਾਂ ਚਾਰ ਕਰਮੀਆਂ ਦੀਆਂ ਲਾਸ਼ਾਂ ਮਿਲਣ ਨਾਲ ਪਿਛਲੇ 60 ਘੰਟਿਆਂ ਤੋਂ ਜਾਰੀ ਰਾਹਤ ਤੇ ਬਚਾਅ ਕਾਰਜ ਸਮਾਪਤ ਹੋ ਗਏ ਹਨ।
ਫੌਜ ਦੇ ਡਾਕਟਰਾਂ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਬਰਫ਼ ਹੇਠੋਂ ਸੁਰੱਖਿਅਤ ਕੱਢੇੇ 46 ਕਾਮਿਆਂ ਨੂੰ ਜਿਓਤਿਰਮੱਠ ਦੇ ਫੌਜੀ ਹਸਪਤਾਲ ਲਿਆਂਦਾ ਗਿਆ ਹੈ। ਇਨ੍ਹਾਂ ਵਿਚੋਂ ਦੋ ਜਣਿਆਂ ਨੂੰ ਏਮਸ ਰਿਸ਼ੀਕੇਸ਼ ਰੈਫਰ ਕੀਤਾ ਗਿਆ ਹੈ। ਤਿੰਨ ਵਰਕਰਾਂ ਦੀ ਹਾਲਤ ਨਾਜ਼ੁਕ ਹੈ। ਰੱਖਿਆ ਵਿਭਾਗ ਦੇ ਪੀਆਰਓ ਲੈਫਟੀਨੈਂਟ ਕਰਨਲ ਮਨੀਸ਼ ਸ੍ਰੀਵਾਸਤਵਾ ਨੇ ਕਿਹਾ ਕਿ ਆਖਰੀ ਲਾਪਤਾ ਵਰਕਰ ਦੀ ਲਾਸ਼ ਮਿਲਣ ਨਾਲ ਮਾਣਾ ਪਿੰਡ ਵਿਚ ਜਾਰੀ ਰਾਹਤ ਤੇ ਬਚਾਅ ਅਪਰੇਸ਼ਨ ਸਮਾਪਤ ਹੋ ਗਿਆ ਹੈ।
ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾੜੀ ਨੇ ਕਿਹਾ, ‘‘ਬਰਫ਼ੀਲੇ ਤੂਫ਼ਾਨ ਕਰਕੇ ਲਾਪਤਾ ਹੋਏ 54 ਮਜ਼ਦੂਰਾਂ ਵਿਚੋਂ 46 ਨੂੰ ਬਰਫ਼ ਹੇਠੋਂ ਸੁਰੱਖਿਅਤ ਕੱਢ ਲਿਆ ਗਿਆ ਜਦੋਂਕਿ ਅੱਠ ਦੀ ਮੌਤ ਹੋ ਗਈ ਹੈ।’’ ਇਨ੍ਹਾਂ ਵਿਚੋਂ ਚਾਰ ਲਾਸ਼ਾਂ ਸ਼ਨਿੱਚਰਵਾਰ ਤੇ ਚਾਰ ਐਤਵਾਰ ਨੂੰ ਬਾਹਰ ਕੱਢੀਆਂ ਗਈਆਂ ਹਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਨ੍ਹਾਂ ਮੌਤਾਂ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲੋੜੀਂਦੀ ਹਮਾਇਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੀ ਧੰਨਵਾਦ ਕੀਤਾ। ਆਖਰੀ ਲਾਪਤਾ ਵਰਕਰ ਅਰਵਿੰਦ ਕੁਮਾਰ ਸਿੰਘ (43) ਸੀ, ਜੋ ਮ੍ਰਿਤ ਹਾਲਤ ਵਿਚ ਮਿਲਿਆ ਹੈ।
ਐਤਵਾਰ ਨੂੰ ਜਿਨ੍ਹਾਂ ਹੋਰ ਵਰਕਰਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ, ਉਨ੍ਹਾਂ ਦੀ ਪਛਾਣ ਅਨਿਲ ਕੁਮਾਰ (21) ਵਾਸੀ ਰੁਦਰਪੁਰ ਉੱਤਰਾਖੰਡ, ਅਸ਼ੋਕ (28) ਵਾਸੀ ਫ਼ਤਹਿਪੁਰ ਯੂਪੀ ਤੇ ਹਰਮੇਸ਼ ਵਾਸੀ ਊਨਾ ਹਿਮਾਚਲ ਪ੍ਰਦੇਸ਼ ਸ਼ਾਮਲ ਹਨ। ਇਨ੍ਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹੈਲੀਕਾਪਟਰ ਜ਼ਰੀਏ ਜਿਓਤਿਰਾਮੱਠ ਲਿਆਂਦਾ ਗਿਆ ਹੈ। -ਪੀਟੀਆਈ