ਅਮਰੀਕਾ: ਉੱਤਰੀ ਐਰੀਜ਼ੋਨਾ ਵਿੱਚ ਮੈਡੀਕਲ ਮਾਲਵਾਹਕ ਜਹਾਜ਼ ਹਾਦਸਾਗ੍ਰਸਤ, 4 ਮੌਤਾਂ
ਉੱਤਰੀ ਐਰੀਜ਼ੋਨਾ ਵਿੱਚ ਨਵਾਜੋ ਨੇਸ਼ਨ ’ਤੇ ਮੰਗਲਵਾਰ ਨੂੰ ਇੱਕ ਛੋਟਾ ਮੈਡੀਕਲ ਮਾਲਵਾਹਕ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਉਸਨੂੰ ਅੱਗ ਲੱਗ ਗਈ। ਇਹ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਅਤੇ ਸੀਐੱਸਆਈ ਏਵੀਏਸ਼ਨ ਦੇ ਅਨੁਸਾਰ ਸੀਐਸਆਈ ਏਵੀਏਸ਼ਨ ਕੰਪਨੀ ਦਾ ਇੱਕ ਬੀਚਕਰਾਫਟ ਕਿੰਗ ਏਅਰ 300 (Beechcraft King Air 300) ਜਹਾਜ਼ ਦੋ ਪਾਇਲਟਾਂ ਅਤੇ ਦੋ ਸਿਹਤ ਸੰਭਾਲ ਕਰਮੀਆਂ ਨਾਲ ਅਲਬੂਕਰਕੀ, ਨਿਊ ਮੈਕਸੀਕੋ ਤੋਂ ਰਵਾਨਾ ਹੋਇਆ ਸੀ। ਇਹ ਦੁਪਹਿਰ ਵੇਲੇ ਫੀਨਿਕਸ ਤੋਂ ਲਗਭਗ 300 ਮੀਲ (483 ਕਿਲੋਮੀਟਰ) ਉੱਤਰ-ਪੂਰਬ ਵਿੱਚ ਸਥਿਤ ਚਿਨਲੇ ਹਵਾਈ ਅੱਡੇ ਦੇ ਕੋਲ ਹਾਦਸਾਗ੍ਰਸਤ ਹੋ ਗਿਆ।
ਜ਼ਿਲ੍ਹਾ ਪੁਲੀਸ ਕਮਾਂਡਰ ਐਮੇਟ ਯਾਜ਼ੀ ਨੇ ਕਿਹਾ, ‘‘ਉਹ ਉੱਥੇ ਉਤਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਬਦਕਿਸਮਤੀ ਨਾਲ ਕੁਝ ਗਲਤ ਹੋ ਗਿਆ।’’
ਨਵਾਜੋ ਡਿਪਾਰਟਮੈਂਟ ਆਫ ਐਮਰਜੈਂਸੀ ਮੈਨੇਜਮੈਂਟ ਦੀ ਡਾਇਰੈਕਟਰ ਸ਼ੈਰੇਨ ਸੈਂਡੋਵਾਲ ਨੇ ਦੱਸਿਆ ਕਿ ਚਾਲਕ ਦਲ ਚਿਨਲੇ ਦੇ ਸੰਘੀ ਇੰਡੀਅਨ ਹੈਲਥ ਸਰਵਿਸ ਹਸਪਤਾਲ ਤੋਂ ਗੰਭੀਰ ਦੇਖਭਾਲ ਦੀ ਲੋੜ ਵਾਲੇ ਇੱਕ ਮਰੀਜ਼ ਨੂੰ ਲੈਣ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਕਿਹਾ ਕਿ ਯੋਜਨਾ ਅਲਬੂਕਰਕੀ ਵਾਪਸ ਜਾਣ ਦੀ ਸੀ। ਮੰਗਲਵਾਰ ਸ਼ਾਮ ਤੱਕ ਮਰੀਜ਼ ਦੀ ਸਥਿਤੀ ਅਤੇ ਉਹ ਕਿੱਥੇ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਸੈਂਡੋਵਾਲ ਨੇ ਦੱਸਿਆ ਕਿ ਕਬਾਇਲੀ ਅਧਿਕਾਰੀਆਂ ਨੂੰ ਦੁਪਹਿਰ 12:44 ਵਜੇ ਹਵਾਈ ਅੱਡੇ 'ਤੇ ਕਾਲੇ ਧੂੰਏਂ ਦੀਆਂ ਰਿਪੋਰਟਾਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਕਬੀਲੇ ਨੇ ਕਿਹਾ ਕਿ ਹਾਦਸੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਅਤੇ ਐਫਏਏ (FAA) ਜਾਂਚ ਕਰ ਰਹੇ ਹਨ।