ਅਮਰੀਕਾ: ਕੈਲੀਫੋਰਨੀਆ ’ਚ ਕਾਰ ਸਵਾਰ ਨੇ ਲੋਕਾਂ ’ਤੇ ਗੱਡੀ ਚੜ੍ਹਾਈ; 30 ਜ਼ਖ਼ਮੀ
ਕੈਲੀਫੋਰਨੀਆ ਦੇ ਲਾਸ ਏਂਜਲਸ ਵਿਚ ਇਕ ਕਾਰ ਸਵਾਰ ਨੇ ਲੋਕਾਂ ’ਤੇ ਆਪਣੀ ਕਾਰ ਚੜ੍ਹਾ ਦਿੱਤੀ ਜਿਸ ਕਾਰਨ 30 ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਦਸ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਤੜਕੇ ਦੋ ਵਜੇ ਕਲੱਬ ਦੇ ਨੇੜੇ ਵਾਪਰਿਆ। ਅਧਿਕਾਰੀਆਂ ਨੇ ਹਾਲੇ ਤਕ ਕਾਰ ਸਵਾਰ ਦੀ ਪਛਾਣ ਜਨਤਕ ਨਹੀਂ ਕੀਤੀ। ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਵਿਅਕਤੀ ਨੇ ਆਪਣੀ ਕਾਰ ਜਾਣ ਬੁੱਝ ਕੇ ਲੋਕਾਂ ’ਤੇ ਚੜ੍ਹਾਈ ਜਾਂ ਉਸ ਕੋਲੋਂ ਗਲਤੀ ਨਾਲ ਹਾਦਸਾ ਹੋ ਗਿਆ।
ਪੁਲੀਸ ਅਤੇ ਫਾਇਰ ਵਿਭਾਗ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਲਾਸ ਏਂਜਲਸ ਦੇ ਇੱਕ ਨਾਈਟ ਕਲੱਬ ਦੇ ਬਾਹਰ ਖੜ੍ਹੇ ਲੋਕਾਂ ’ਤੇ ਇੱਕ ਕਾਰ ਚੜ੍ਹ ਗਈ ਜਿਸ ਕਾਰਨ 30 ਜ਼ਖਮੀ ਹੋ ਗਏ। ਇਹ ਪਤਾ ਲੱਗਿਆ ਹੈ ਕਿ ਲੋਕਾਂ ਦੀ ਭੀੜ ਵਿਚੋਂ ਕਿਸੇ ਨੇ ਇਸ ਕਾਰ ਦੇ ਚਾਲਕ ਨੂੰ ਗੋਲੀ ਮਾਰੀ ਜਿਸ ਦੀ ਪਛਾਣ ਨਾ ਹੋ ਸਕੀ।
ਫਾਇਰ ਵਿਭਾਗ ਨੇ ਦੱਸਿਆ ਕਿ ਇਸ ਹਾਦਸੇ ਵਿਚ ਸੱਤ ਦੀ ਹਾਲਤ ਗੰਭੀਰ ਹੈ ਅਤੇ ਛੇ ਹੋਰ ਗੰਭੀਰ ਜ਼ਖਮੀ ਹਨ।
ਫਾਇਰ ਵਿਭਾਗ ਦੇ ਬੁਲਾਰੇ ਕੈਪਟਨ ਐਡਮ ਵੈਨਗਰਪੇਨ ਦੇ ਹਵਾਲੇ ਨਾਲ ਏਬੀਸੀ ਨਿਊਜ਼ ਨੇ ਕਿਹਾ ਕਿ ਕਾਰ ਪਹਿਲਾਂ ਕਲੱਬ ਦੇ ਬਾਹਰ ਇੱਕ ਟੈਕੋ ਟਰੱਕ ਵਿੱਚ ਵੱਜੀ ਅਤੇ ਫਿਰ ਲੋਕਾਂ ਦੇ ਵੱਡੇ ਇਕੱਠ ’ਤੇ ਜਾ ਚੜ੍ਹੀ। ਲਾਸ ਏਂਜਲਸ ਪੁਲੀਸ ਵਿਭਾਗ ਨੇ ਕਿਹਾ ਕਿ ਉਸ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਡਰਾਈਵਰ ਨੇ ਆਪਣੀ ਕਾਰ ਲੋਕਾਂ ’ਤੇ ਕਿਉਂ ਚੜ੍ਹਾਈ। ਪੁਲੀਸ ਨੇ ਦੱਸਿਆ ਕਿ ਡਰਾਈਵਰ ਨੂੰ ਗੋਲੀ ਮਾਰਨ ਵਾਲਾ ਸ਼ੱਕੀ ਵਿਅਕਤੀ ਪੈਦਲ ਹੀ ਮੌਕੇ ਤੋਂ ਭੱਜ ਗਿਆ।