US Tariff: 9 ਜੁਲਾਈ ਨੂੰ ਖ਼ਤਮ ਹੋ ਰਹੀ 90 ਦਿਨਾਂ ਦੀ ਮਿਆਦ ’ਚ ਵਾਧਾ ਨਹੀਂ ਹੋਵੇਗਾ: ਟਰੰਪ
ਵਾਸ਼ਿੰਗਟਨ, 30 ਜੂਨ
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ US Tariff ਦੇ ਅਮਲ ’ਤੇ ਲੱਗੀ 90 ਦਿਨਾਂ ਦੀ ਰੋਕ ਦੀ ਮਿਆਦ ਨੂੰ 9 ਜੁਲਾਈ ਤੋਂ ਅੱਗੇ ਵਧਾਉਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਇਸ ਤਰੀਕ ਨੂੰ ਉਨ੍ਹਾਂ ਵੱਲੋਂ ਨਿਰਧਾਰਿਤ ਗੱਲਬਾਤ ਦੀ ਮਿਆਦ ਸਮਾਪਤ ਹੋ ਜਾਵੇਗੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ 9 ਜੁਲਾਈ ਮਗਰੋਂ ਉਨ੍ਹਾਂ ਦਾ ਪ੍ਰਸ਼ਾਸਨ ਮੁਲਕਾਂ ਨੂੰ ਸੂਚਿਤ ਕਰੇਗਾ ਕਿ ਇਹ ਟੈਕਸ ਉਦੋਂ ਤੱਕ ਅਮਲ ਵਿਚ ਰਹਿਣਗੇ ਜਦੋਂ ਤੱਕ ਅਮਰੀਕਾ ਨਾਲ ਕੋਈ ਸਮਝੌਤਾ ਨਹੀਂ ਹੋ ਜਾਂਦਾ।
ਅਮਰੀਕੀ ਸਦਰ ਨੇ ਕਿਹਾ ਕਿ ਨਿਰਧਾਰਿਤ ਮਿਆਦ ਮੁੱਕਣ ਤੋਂ ਪਹਿਲਾਂ ਹੀ ਚਿੱਠੀ ਪੱਤਰ ਭੇਜਣੇ ਸ਼ੁਰੂ ਹੋ ਜਾਣਗੇ। ਟਰੰਪ ਨੇ ਫੌਕਸ ਨਿਊਜ਼ ਚੈਨਲ ਦੇ ‘ਸੰਡੇ ਮਾਰਨਿੰਗ ਫਿਊਚਰਜ਼’ ਪ੍ਰੋਗਰਾਮ ਲਈ ਸ਼ੁੱਕਰਵਾਰ ਨੂੰ ਰਿਕਾਰਡ ਕੀਤੀ ਤੇ ਐਤਵਾਰ ਨੂੰ ਪ੍ਰਸਾਰਿਤ ਇੰਟਰਵਿਊ ਵਿਚ ਕਿਹਾ, ‘‘ਅਸੀਂ ਦੇਖਾਂਗੇ ਕਿ ਕੋਈ ਮੁਲਕ ਨਾਲ ਸਾਡੇ ਨਾਲ ਕਿਹੋ ਜਿਹਾ ਵਿਹਾਰ ਕਰਦਾ ਹੈ- ਕੀ ਉਹ ਚੰਗੇ ਹਨ, ਕੀ ਉਹ ਇੰਨੇ ਚੰਗੇ ਨਹੀਂ ਹਨ- ਕੁਝ ਮੁਲਕਾਂ ਬਾਰੇ ਅਸੀਂ ਪ੍ਰਵਾਹ ਨਹੀਂ ਕਰਦੇ, ਅਸੀਂ ਬੱਸ ਉੱਚ ਟੈਕਸ ਦਾ ਪੱਤਰ ਭੇਜਾਂਗੇ।’’
ਟਰੰਪ ਨੇ ਕਿਹਾ ਕਿ ਉਨ੍ਹਾਂ ਚਿੱਠੀ ਪੱਤਰਾਂ ਵਿਚ ਲਿਖਿਆ ਹੋਵੇਗਾ, ‘‘ਵਧਾਈ ਹੋਵੇ, ਅਸੀਂ ਤੁਹਾਨੂੰ ਅਮਰੀਕਾ ਵਿਚ (ਆਪਣਾ ਸਾਮਾਨ) ਵੇਚਣ ਦੀ ਇਜਾਜ਼ਤ ਦੇ ਰਹੇ ਹਾਂ, ਤੁਹਾਨੂੰ 25 ਫੀਸਦ ਟੈਕਸ, ਜਾਂ 35 ਫੀਸਦ ਜਾਂ 50 ਫੀਸਦ ਜਾਂ 10 ਫੀਸਦ ਦਾ ਭੁਗਤਾਨ ਕਰਨਾ ਹੋਵੇਗਾ।’’ ਟਰੰਪ ਨੇ ਵ੍ਹਾਈਟ ਹਾਊਸ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹਰੇਕ ਦੇਸ਼ ਨਾਲ ਵੱਖਰੇ ਤੌਰ ’ਤੇ ਵਪਾਰ ਸਮਝੌਤਾ ਸਿਰੇ ਚੜ੍ਹਨਾ ਕਿੰਨਾ ਮੁਸ਼ਕਲ ਹੋਵੇਗਾ। ਪ੍ਰਸ਼ਾਸਨ ਨੇ 90 ਦਿਨਾਂ ਵਿੱਚ 90 ਵਪਾਰਕ ਸੌਦੇ ਕਰਨ ਦਾ ਟੀਚਾ ਮਿੱਥਿਆ ਸੀ। ਉਨ੍ਹਾਂ ਇੰਟਰਵਿਊ ਦੌਰਾਨ ਕਿਹਾ, ‘‘ਗੱਲਬਾਤ ਚੱਲ ਰਹੀ ਹੈ, ਪਰ 200 ਦੇਸ਼ ਹਨ, ਤੁਸੀਂ ਉਨ੍ਹਾਂ ਸਾਰਿਆਂ ਨਾਲ ਗੱਲ ਨਹੀਂ ਕਰ ਸਕਦੇ।’’
ਟਰੰਪ ਨੇ ਸੰਭਾਵੀ TikTok ਸੌਦੇ, ਚੀਨ ਨਾਲ ਸਬੰਧਾਂ, ਇਰਾਨ ’ਤੇ ਹਮਲਿਆਂ ਅਤੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਰਵਾਈ ’ਤੇ ਵੀ ਚਰਚਾ ਕੀਤੀ। ਟਰੰਪ ਨੇ ਕਿਹਾ, ‘‘ਉਂਝ ਸਾਡੇ ਕੋਲ TikTok ਲਈ ਇੱਕ ਖਰੀਦਦਾਰ ਹੈ। ਮੈਨੂੰ ਲੱਗਦਾ ਹੈ ਕਿ ਇਸ ਲਈ ਸ਼ਾਇਦ ਚੀਨ ਦੀ ਮਨਜ਼ੂਰੀ ਦੀ ਲੋੜ ਹੋਵੇਗੀ, ਅਤੇ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਸ਼ੀ (ਜਿਨਪਿੰਗ) ਸ਼ਾਇਦ ਅਜਿਹਾ ਕਰਨਗੇ।’’
ਟਰੰਪ ਨੇ ਕਿਹਾ ਕਿ ਅਮਰੀਕਾ ਨੇ ਇਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ’ਤੇ ਅਮਰੀਕੀ ਹਮਲਿਆਂ ਨੇ ਉਸ ਦੇ ਪ੍ਰਮਾਣੂ ਟਿਕਾਣਿਆਂ ਨੂੰ ‘ਤਬਾਹ’ ਕਰ ਦਿੱਤਾ ਹੈ ਅਤੇ ਜਿਸ ਨੇ ਵੀ ਸ਼ੁਰੂਆਤੀ ਖੁਫੀਆ ਮੁਲਾਂਕਣ ਲੀਕ ਕੀਤਾ ਹੈ (ਜਿਸ ਵਿੱਚ ਕਿਹਾ ਗਿਆ ਸੀ ਕਿ ਤਹਿਰਾਨ ਦਾ ਪ੍ਰਮਾਣੂ ਪ੍ਰੋਗਰਾਮ ਕੁਝ ਮਹੀਨਿਆਂ ਲਈ ਹੀ ਰੁਕਿਆ ਹੈ) ਉਸ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਟਰੰਪ ਨੇ ਦਾਅਵਾ ਕੀਤਾ ਸੀ ਕਿ ਇਰਾਨ ’ਤੇ ਹਮਲੇ ਦਾ ਹੁਕਮ ਦੇਣ ਤੋਂ ਪਹਿਲਾਂ ਇਸਲਾਮਿਕ ਮੁਲਕ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ਤੋਂ ਸਿਰਫ਼ ਕੁਝ ‘ਹਫ਼ਤੇ ਦੂਰ’ ਸੀ। ਰਾਸ਼ਟਰਪਤੀ ਨੇ ਕਿਹਾ, ‘‘ਇਹ ਇਸ ਤਰ੍ਹਾਂ ਤਬਾਹ ਹੋ ਗਿਆ ਜਿਵੇਂ ਕਿਸੇ ਨੇ ਪਹਿਲਾਂ ਕਦੇ ਨਹੀਂ ਦੇਖਿਆ। ਇਸ ਦਾ ਮਤਲਬ ਸੀ ਕਿ ਉਨ੍ਹਾਂ ਦੀਆਂ ਪ੍ਰਮਾਣੂ ਇੱਛਾਵਾਂ ਦਾ ਅੰਤ, ਘੱਟੋ ਘੱਟ ਕੁਝ ਸਮੇਂ ਲਈ।’’ -ਏਪੀ