ਅਮਰੀਕੀ ਰਾਸ਼ਟਰਪਤੀ ਟਰੰਪ ਬੋਲੇ- ਭਾਰਤ ਤੇ ਪਾਕਿਸਤਾਨ ਦੋਵੇਂ ਮੇਰੇ ਕਰੀਬ, ਕਸ਼ਮੀਰ ਵਿਵਾਦ ਹਜ਼ਾਰ ਸਾਲ ਪੁਰਾਣਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਪਰੈਲ
Trump Criticised for his poor knowledge of Indo-Pak tension over Kashmir ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਨੂੰ ‘ਬਹੁਤ ਬੁਰਾ ਹਮਲਾ’ ਦੱਸਿਆ ਹੈ। ਹਾਲਾਂਕਿ ਕਸ਼ਮੀਰ ਵਿਵਾਦ ਬਾਰੇ ਇਕ ਟਿੱਪਣੀ ਨੂੰ ਲੈ ਕੇ ਅਮਰੀਕੀ ਸਦਰ ਨੂੰ ਸੋਸ਼ਲ ਮੀਡੀਆ ’ਤੇ ਜਮ ਕੇ ਟਰੌਲ ਕੀਤਾ ਜਾ ਰਿਹਾ ਹੈ।
ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਭਾਰਤ ਤੇ ਪਾਕਿਸਤਾਨ ਦੋਵਾਂ ਦੇ ਬਹੁਤ ਕਰੀਬ ਹਾਂ। ਕਸ਼ਮੀਰ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਹਜ਼ਾਰ ਸਾਲ ਤੋਂ ਵਿਵਾਦ ਜਾਰੀ ਹੈ, ਸ਼ਾਇਦ ਉਸ ਤੋਂ ਵੀ ਪਹਿਲਾਂ ਤੋਂ। ਤੇ ਇਹ (ਅਤਿਵਾਦੀ ਹਮਲਾ) ਬਹੁਤ ਹੀ ਬੁਰਾ ਸੀ, ਬਹੁਤ ਹੀ ਖਰਾਬ ਹਮਲਾ।’’
#WATCH | #PahalgamTerroristAttack पर अमेरिकी राष्ट्रपति डोनाल्ड ट्रंप ने कहा, "मैं भारत के बहुत करीब हूं और मैं पाकिस्तान के भी बहुत करीब हूं और कश्मीर में वे एक हजार साल से लड़ रहे हैं। कश्मीर का मुद्दा एक हजार साल से चल रहा है, शायद उससे भी ज्यादा समय से। वह एक बुरा हमला था… pic.twitter.com/yrluDqXQVb
— ANI_HindiNews (@AHindinews) April 25, 2025
ਅਮਰੀਕੀ ਰਾਸ਼ਟਰਪਤੀ ਨੂੰ ਭਾਰਤ-ਪਾਕਿਸਤਾਨ ਸਰਹੱਦ ’ਤੇ ਵਧਦੇ ਤਣਾਅ ਬਾਰੇ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਕਿਹਾ, ‘‘ਸਰਹੱਦ ’ਤੇ 1,500 ਸਾਲਾਂ ਤੋਂ ਤਣਾਅ ਰਿਹਾ ਹੈ। ਇਸ ਲਈ ਇਹ ਨਵਾਂ ਨਹੀਂ ਹੈ। ਪਰ ਮੈਨੂੰ ਵਿਸ਼ਵਾਸ ਹੈ ਕਿ ਉਹ ਇਸ ਦਾ ਹੱਲ ਕੱਢ ਲੈਣਗੇ। ਮੈਂ ਦੋਵਾਂ ਆਗੂਆਂ ਨੂੰ ਜਾਣਦਾ ਹਾਂ, ਦੋਵਾਂ ਦੇਸ਼ਾਂ ਦਰਮਿਆਨ ਬਹੁਤ ਤਣਾਅ ਹੈ, ਪਰ ਅਜਿਹਾ ਹਮੇਸ਼ਾ ਤੋਂ ਰਿਹਾ ਹੈ।’’
ਸੋਸ਼ਲ ਮੀਡੀਆ ’ਤੇ ਟਰੰਪ ਦੀ ਖਿਚਾਈ
ਟਰੰਪ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਹੈ। ਬਹੁਤ ਸਾਰੇ ਲੋਕਾਂ ਨੇ ਅਮਰੀਕੀ ਸਦਰ ਦੇ ਇਤਿਹਾਸਕ ਗਿਆਨ ’ਤੇ ਸਵਾਲ ਉਠਾਏ ਹਨ। ਇੱਕ ਯੂਜ਼ਰ ਨੇ ਲਿਖਿਆ, ‘‘500 ਸਾਲ ਪਹਿਲਾਂ ਗੁਪਤ ਸਾਮਰਾਜ ਰਾਜ ਕਰਦਾ ਸੀ, ਉਸ ਸਮੇਂ ਇਸਲਾਮ ਅਤੇ ਪਾਕਿਸਤਾਨ ਮੌਜੂਦ ਨਹੀਂ ਸਨ।’’ ਇੱਕ ਹੋਰ ਨੇ ਮਜ਼ਾਕ ਉਡਾਇਆ, ‘‘ਕੀ ਤੁਹਾਨੂੰ ਸੁਆਦ ਆਇਆ? ਇਸ ਦਾ ਸਿੱਧਾ ਮਤਲਬ ਹੈ ‘ਭਾਰਤ ਅਤੇ ਪਾਕਿਸਤਾਨ ਦੋਵੇਂ ਮੇਰੇ ਦੋਸਤ ਹਨ, ਕਸ਼ਮੀਰ ਉਨ੍ਹਾਂ ਦਾ ਆਪਸੀ ਮਾਮਲਾ ਹੈ, ਅਮਰੀਕਾ ਕਿਸੇ ਵੀ ਪਾਸੇ ਨਹੀਂ ਹੈ'। ਅਤੇ ਹਾਂ, ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਕਸ਼ਮੀਰ ਇੱਕ ਮੁੱਦਾ ਸੀ?’’ (ਏਐਨਆਈ ਤੋਂ ਇਨਪੁਟਸ ਦੇ ਨਾਲ)