ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਮਾਂ ਨੇ ਆਪਣੇ ਚਾਰ ਬੱਚਿਆਂ ’ਤੇ ਕਥਿਤ ਤੌਰ ’ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਇਨ੍ਹਾਂ ’ਚੋਂ ਦੋ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਔਰਤ ’ਤੇ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਬ੍ਰਾਜ਼ੋਰੀਆ ਕਾਊਂਟੀ ਦੇ ਸ਼ੈਰਿਫ ਸਟਾਲਮੈਨ ਨੇ ਦੱਸਿਆ ਕਿ ਉਸ 31 ਸਾਲਾ ਮਹਿਲਾ ’ਤੇ ਹੱਤਿਆ ਅਤੇ ਜਾਨਲੇਵਾ ਹਥਿਆਰ ਨਾਲ ਹਮਲਾ ਕਰਨ ਦੇ ਦੋ-ਦੋ ਕੇਸ ਦਰਜ ਕੀਤੇ ਗਏ ਹਨ। ਇਹ ਘਟਨਾ ਸ਼ਨੀਵਾਰ ਨੂੰ ਗੱਡੀ ਦੇ ਅੰਦਰ ਵਾਪਰੀ, ਜਿੱਥੇ 13 ਸਾਲ ਅਤੇ 4 ਸਾਲ ਦੇ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਕੀ ਦੋ ਬੱਚੇ, ਜਿਨ੍ਹਾਂ ਦੀ ਉਮਰ 8 ਅਤੇ 9 ਸਾਲ ਹੈ, ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਇਸ ਘਟਨਾ ਮਗਰੋਂ ਔਰਤ ਨੇ ਖੁਦ ਐਮਰਜੈਂਸੀ ਨੰਬਰ ’ਤੇ ਫੋਨ ਕਰਕੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ਤੋਂ ਹਥਿਆਰ ਵੀ ਬਰਾਮਦ ਕੀਤਾ ਹੈ।