ਅਮਰੀਕੀ ਫੌਜ ਵੱਲੋਂ ਇਰਾਨ ’ਤੇ ਸਿੱਧੇ ਹਮਲੇ ਬਾਰੇ ਦੋ ਹਫ਼ਤਿਆਂ ’ਚ ਫੈਸਲਾ ਲਵਾਂਗੇ: ਟਰੰਪ
Trump says he'll decide whether US will directly attack Iran within 2 weeks
ਬੀਰਸ਼ੇਬਾ(ਇਜ਼ਰਾਈਲ), 20 ਜੂਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਤੇ ਇਰਾਨ ਵਿਚਾਲੇ ਚੱਲ ਰਹੇ ਟਕਰਾਅ ਵਿਚ ਅਮਰੀਕੀ ਫੌਜ ਦੀ ਸਿੱਧੀ ਸ਼ਮੂਲੀਅਤ ਸਬੰਧੀ ਉਹ ਅਗਲੇ ਦੋ ਹਫ਼ਤਿਆਂ ਵਿਚ ਫੈਸਲਾ ਲੈਣਗੇ। ਟਰੰਪ ਨੇ ਕਿਹਾ ਕਿ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਨਵੇਂ ਸਿਰੇ ਤੋਂ ਗੱਲਬਾਤ ਲਈ ‘ਬਹੁਤ ਸਾਰੇ ਮੌਕੇ’ ਹਨ। ਇਸ ਦੌਰਾਨ ਦੋਵਾਂ ਧਿਰਾਂ (ਇਜ਼ਰਾਈਲ ਤੇ ਇਰਾਨ) ਵੱਲੋਂ ਸੱਤਵੇਂ ਦਿਨ ਵੀ ਇਕ ਦੂਜੇ ’ਤੇ ਹਮਲੇ ਜਾਰੀ ਰਹੇ।
ਟਰੰਪ ਵੱਲੋਂ ਦੋ ਹਫ਼ਤਿਆਂ ਦੀ ਮੋਹਲਤ ਤੋਂ ਸਾਫ਼ ਹੈ ਕਿ ਉਹ ਇਰਾਨ ਦੇ ਸੁਰੱਖਿਅਤ ਫੋਰਡੋ ਯੂਰੇਨੀਅਮ ਸੋਧ ਸੈਂਟਰ ’ਤੇ ਹਮਲਾ ਕੀਤੇ ਜਾਣ ਨੂੰ ਲੈ ਕੇ ਦੁਚਿੱਤੀ ਵਿਚ ਹਨ। ਇਹ ਸੈਂਟਰ ਇਕ ਪਹਾੜ ਹੇਠਾਂ ਦੱਬਿਆ ਹੈ ਤੇ ਵਿਆਪਕ ਰੂਪ ਵਿਚ ਅਮਰੀਕਾ ਦੇ ‘ਬੰਕਰ ਬਸਟਰ’ ਬੰਬਾਂ ਨੂੰ ਛੱਡ ਕੇ ਕਿਸੇ ਹੋਰ ਦੀ ਪਹੁੰਚ ਤੋਂ ਬਾਹਰ ਮੰਨਿਆ ਜਾਂਦਾ ਹੈ। ਟਰੰਪ ਦੇ ਉਪਰੋਕਤ ਬਿਆਨ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਪੜ੍ਹਿਆ।
ਇਸ ਤੋਂ ਪਹਿਲਾਂ ਅੱਜ ਦਿਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਕੋਈ ਵੀ ਇਜ਼ਰਾਇਲੀ ਹਮਲੇ ਤੋਂ ਨਹੀਂ ਬੱਚ ਸਕਦਾ। ਉਨ੍ਹਾਂ ਇਸ਼ਾਰਾ ਕੀਤਾ ਕਿ ਅਗਲਾ ਨਿਸ਼ਾਨਾ ਇਰਾਨ ਦਾ ਸੁਪਰੀਮ ਆਗੂ ਅਯਾਤੁੱਲ੍ਹਾ ਖਮੇਨੀ ਹੋ ਸਕਦਾ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਟਰੰਪ ‘ਅਮਰੀਕਾ ਲਈ ਸਭ ਤੋਂ ਵਧੀਆ ਹੀ ਕਰਨਗੇ।’ ਬੀਰਸ਼ੇਬਾ ਦੇ ਸੋਰੋਕਾ ਮੈਡੀਕਲ ਸੈਂਟਰ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੇਤਨਯਾਹੂ ਨੇ ਕਿਹਾ, ‘‘ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਉਹ ਪਹਿਲਾਂ (ਟਰੰਪ) ਹੀ ਬਹੁਤ ਮਦਦ ਕਰ ਰਹੇ ਹਨ।’’ -ਏਪੀ