ਅਮਰੀਕਾ ਭਾਰਤ ਵਪਾਰ ਸਮਝੌਤਾ ਸਿਰੇ ਚੜ੍ਹਨ ਦੇ ਨੇੜੇ: ਟਰੰਪ
ਨਿਊ ਯਾਰਕ/ਵਾਸ਼ਿੰਗਟਨ, 8 ਜੁਲਾਈ
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਵਪਾਰ ਸਮਝੌਤਾ ਕਰਨ ਦੇ ਬਹੁਤ ਨੇੜੇ ਹੈ। ਅਮਰੀਕੀ ਸਦਰ ਨੇ ਸੋਮਵਾਰ ਨੂੰ ਕਿਹਾ, ‘‘ਹੁਣ, ਅਸੀਂ ਯੂਨਾਈਟਿਡ ਕਿੰਗਡਮ(UK) ਨਾਲ ਸਮਝੌਤਾ ਕੀਤਾ ਹੈ, ਅਸੀਂ ਚੀਨ ਨਾਲ ਸਮਝੌਤਾ ਕੀਤਾ ਹੈ...ਅਸੀਂ ਭਾਰਤ ਨਾਲ ਇੱਕ ਸਮਝੌਤਾ ਕਰਨ ਦੇ ਬਹੁਤ ਨੇੜੇ ਹਾਂ। ਜਿਨ੍ਹਾਂ ਹੋਰਨਾਂ ਨੂੰ ਅਸੀਂ ਮਿਲੇ ਸੀ ਅਤੇ ਸਾਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਸਮਝੌਤਾ ਕਰ ਸਕਾਂਗੇ, ਇਸ ਲਈ ਅਸੀਂ ਉਨ੍ਹਾਂ ਨੂੰ ਪੱਤਰ ਭੇਜੇ ਹਨ। ਜੇਕਰ ਤੁਸੀਂ ਅਮਰੀਕਾ ਨਾਲ ਵਪਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਟੈਕਸਾਂ ਦੀ ਅਦਾਇਗੀ ਕਰਨੀ ਹੋਵੇਗੀ।’’ ਅਮਰੀਕੀ ਰਾਸ਼ਟਰਪਤੀ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਵੱਖ-ਵੱਖ ਦੇਸ਼ਾਂ ਨੂੰ ‘ਪੱਤਰਾਂ’ ਦੀ ਪਹਿਲੀ ਕਿਸ਼ਤ ਭੇਜੀ ਹੈ ਜਿਸ ਵਿੱਚ ਉਨ੍ਹਾਂ ਦੇਸ਼ਾਂ ਦੇ ਉਤਪਾਦਾਂ ’ਤੇ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ ਦਰਾਮਦ ਟੈਕਸਾਂ ਦਾ ਵੇਰਵਾ ਦਿੱਤਾ ਗਿਆ ਸੀ।
ਟਰੰਪ ਦੀ ਸਹੀ ਵਾਲੇ ਇਹ ਪੱਤਰ ਜਿਨ੍ਹਾਂ ਮੁਲਕਾਂ ਨੂੰ ਭੇਜੇ ਗਏ ਹਨ, ਉਨ੍ਹਾਂ ਵਿਚ ਬੰਗਲਾਦੇਸ਼, ਬੋਸਨੀਆ, ਹਰਜ਼ੇਗੋਵਿਨਾ, ਕੰਬੋਡੀਆ, ਇੰਡੋਨੇਸ਼ੀਆ, ਜਾਪਾਨ, ਕਜ਼ਾਖਸਤਾਨ, ਲਾਓ ਪੀਪਲਜ਼ ਡੈਮੋਕਰੈਟਿਕ ਰਿਪਬਲਿਕ, ਮਲੇਸ਼ੀਆ, ਸਰਬੀਆ, ਦੱਖਣੀ ਅਫ਼ਰੀਕਾ, ਦੱਖਣੀ ਕੋਰੀਆ, ਥਾਈਲੈਂਡ ਤੇ ਟਿਊਨੀਸ਼ੀਆ ਸ਼ਾਮਲ ਹਨ। ਟਰੰਪ ਨੇ ਕਿਹਾ, ‘‘ਅਸੀਂ ਵੱਖ ਵੱਖ ਮੁਲਕਾਂ ਨੂੰ ਪੱਤਰ ਭੇਜ ਰਹੇ ਹਾਂ ਕਿ ਉਨ੍ਹਾਂ ਨੂੰ ਕਿੰਨੇ ਟੈਕਸ ਦੀ ਅਦਾਇਗੀ ਕਰਨੀ ਹੋਵੇਗੀ।’’
ਟਰੰਪ ਨੇ ਕਿਹਾ ਕਿ ਇਹ ਮੁਲਕ ਅਮਰੀਕਾ ਨੂੰ ‘ਲੁੱਟ’ ਰਹੇ ਸਨ ਅਤੇ ‘ਸਾਡੇ ਤੋਂ ਇੰਨੇ ਜ਼ਿਆਦਾ ਟੈਕਸ ਵਸੂਲ ਰਹੇ ਸਨ ਕਿ ਜਿਹੜੇ ਪਹਿਲਾਂ ਕਦੇ ਕਿਸੇ ਨੇ ਨਹੀਂ ਦੇਖੇ। ਸਾਡੇ ਕੋਲ ਕੁਝ ਦੇਸ਼ ਹਨ ਜੋ 200 ਫੀਸਦ ਟੈਰਿਫ ਵਸੂਲ ਰਹੇ ਸਨ ਅਤੇ ਕਾਰੋਬਾਰ ਕਰਨਾ ਅਸੰਭਵ ਬਣਾ ਰਹੇ ਸਨ।’’ ਟਰੰਪ ਵ੍ਹਾਈਟ ਹਾਊਸ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਰਾਤ ਦੇ ਭੋਜਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਦੌਰਾਨ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਦੋਵਾਂ ਮੁਲਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਲੜਾਈ ਜਾਰੀ ਰੱਖਦੇ ਹਨ ਤਾਂ ਵਾਸ਼ਿੰਗਟਨ ਉਨ੍ਹਾਂ ਨਾਲ ਵਪਾਰ ਨਹੀਂ ਕਰੇਗਾ। -ਪੀਟੀਆਈ