ਅਮਰੀਕਾ ਨੇ ਇਰਾਨ ਦੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ’ਚ ਸ਼ਾਮਲ ਭਾਰਤੀ ਸੰਸਥਾਵਾਂ ’ਤੇ ਪਾਬੰਦੀ ਲਗਾਈ
ਟਰੰਪ ਪ੍ਰਸ਼ਾਸਨ ਨੇ ਇਰਾਨ ਦੇ ਪੈਟਰੋਲੀਅਮ ਤੇ ਇਸ ਨਾਲ ਜੁੜੇ ਹੋਰ ਉਤਪਾਦਾਂ ਦੀ ਵਿਕਰੀ ਵਿਚ ਸ਼ਾਮਲ ਭਾਰਤੀ ਸੰਸਥਾਵਾਂ ਤੇ ਵਿਅਕਤੀਆਂ ’ਤੇ ਪਾਬੰਦੀ ਲਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਵਪਾਰ ਤੋਂ ਮਿਲਣ ਵਾਲਾ ਪੈਸਾ ਤਹਿਰਾਨ ਦੇ ਖੇਤਰੀ ਅਤਿਵਾਦੀ ਸਮੂਹਾਂ ਨੂੰ ਹਮਾਇਤ ਦੇਣ ਤੇ ਹਥਿਆਰ ਪ੍ਰਣਾਲੀਆਂ ਦੀ ਖਰੀਦ ਲਈ ਵਰਤਿਆ ਜਾਂਦਾ ਹੈ, ਜੋ ਅਮਰੀਕਾ ਲਈ ਸਿੱਧੇ ਤੌਰ ’ਤੇ ਖਤਰਾ ਹੈ।
ਅਮਰੀਕਾ ਦੇ ਵਿਦੇਸ਼ ਤੇ ਵਿੱਤ ਮੰਤਰਾਲਿਆਂ ਨੇ ਉਸ ‘ਸ਼ਿਪਿੰਗ ਨੈੱਟਵਰਕ’ ਉੱਤੇ ਵੀ ਪਾਬੰਦੀਆਂ ਆਇਦ ਕੀਤੀਆਂ ਹਨ, ਜੋ ਇਰਾਨੀ ਸ਼ਾਸਨ ਦੀਆਂ ‘ਮਾੜੇ ਇਰਾਦੇ ਵਾਲੀਆਂ ਸਰਗਰਮੀਆਂ’ ਨੂੰ ਗੈਰਕਾਨੂੰਨੀ ਤੇਲ ਵਿਕਰੀ ਜ਼ਰੀਏ ਵਿੱਤੀ ਮਦਦ ਪ੍ਰਦਾਨ ਕਰਦੇ ਹਨ। ਇਹੀ ਨਹੀਂ ਅਮਰੀਕਾ ਨੇ ਉਨ੍ਹਾਂ ਏਅਰਲਾਈਨਾਂ ਤੇ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ, ਜੋ ਇਰਾਨ ਦੀ ਹਮਾਇਤ ਵਾਲੇ ਦਹਿਸ਼ਤੀ ਸੰਗਠਨਾਂ ਨੂੰ ਹਥਿਆਰ ਤੇ ਹੋਰ ਸਪਲਾਈ ਭੇਜਦੇ ਹਨ।
ਪਾਬੰਦੀਆਂ ਵਾਲੀ ਇਸ ਸੂਚੀ ਵਿਚ ਜਿਨ੍ਹਾਂ ਭਾਰਤੀ ਨਾਗਰਿਕਾਂ ਤੇ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਉਸ ਵਿਚ ਜੈਰ ਹੁਸੈਨ ਇਕਬਾਲ ਹੁਸੈਨ ਸੱਈਅਦ, ਜ਼ੁਲਫਿਕਾਰ ਹੁਸੈਨ ਰਿਜ਼ਵੀ ਸੱਯਦ, ਮਹਾਰਾਸ਼ਟਰ ਸਥਿਤ ‘ਆਰਐੱਨ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ’ ਅਤੇ ਪੁਣੇ ਸਥਿਤ ‘ਟੀਆਰ6 ਪੈਟਰੋ ਇੰਡੀਆ ਐੱਲਐੱਲਪੀ’ ਸ਼ਾਮਲ ਹਨ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਭਾਰਤ, ਪਨਾਮਾ ਅਤੇ ਸੈਸ਼ੇਲਸ ਸਮੇਤ ਕਈ ਦੇਸ਼ਾਂ ਵਿੱਚ ਸਥਿਤ ਕੁੱਲ 17 ਸੰਸਥਾਵਾਂ, ਵਿਅਕਤੀਆਂ ਅਤੇ ਜਹਾਜ਼ਾਂ ਨੂੰ ਨਾਮਜ਼ਦ ਕਰ ਰਿਹਾ ਹੈ, ਜੋ ਇਰਾਨ ਨੂੰ ਪੈਟਰੋਲੀਅਮ ਅਤੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਵਿੱਚ ਸ਼ਾਮਲ ਹਨ।
