ਅਮਰੀਕੀ ਪ੍ਰਥਮ ਮਹਿਲਾ ਨੇ ਪੂਤਿਨ ਨੂੰ ਪੱਤਰ ਲਿਖਿਆ, ਯੂਕਰੇਨ ਦਾ ਨਾਂ ਲਏ ਬਿਨਾਂ ਸ਼ਾਂਤੀ ਬਹਾਲੀ ਦੀ ਕੀਤੀ ਮੰਗ
ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਯੂਕਰੇਨ ਵਿੱਚ ਸ਼ਾਂਤੀ ਦੀ ਮੰਗ ਕਰਨ ਵਾਲਾ ਇੱਕ ਪੱਤਰ ਤਿਆਰ ਕਰਨ ਦਾ ਅਨੋਖਾ ਕਦਮ ਚੁੱਕਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਤਨੀ ਮੇਲਾਨੀਆ ਵੱਲੋਂ ਲਿਖਿਆ ਇਹ ਪੱਤਰ ਅਲਾਸਕਾ ਵਿੱਚ ਸ਼ੁੱਕਰਵਾਰ ਨੂੰ ਹੋਈ ਬੈਠਕ ਦੌਰਾਨ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨੂੰ ਹੱਥੀਂ ਸੌਂਪਿਆ।
ਪੱਤਰ ਵਿੱਚ ਖਾਸ ਤੌਰ ’ਤੇ ਯੂਕਰੇਨ ਦਾ ਨਾਮ ਨਹੀਂ ਲਿਆ ਗਿਆ, ਜਿਸ ’ਤੇ ਪੂਤਿਨ ਦੀਆਂ ਫੌਜਾਂ ਨੇ 2022 ਵਿੱਚ ਹਮਲਾ ਕੀਤਾ ਸੀ, ਹਾਲਾਂਕਿ ਰੂਸੀ ਸਦਰ ਨੂੰ ਬੱਚਿਆਂ ਅਤੇ ‘ਮਾਸੂਮੀਅਤ ਜੋ ਭੂਗੋਲ, ਸਰਕਾਰ ਅਤੇ ਵਿਚਾਰਧਾਰਾ ਤੋਂ ਵੀ ਉੱਪਰ ਹੈ’ ਬਾਰੇ ਸੋਚਣ ਲਈ ਬੇਨਤੀ ਕੀਤੀ ਗਈ ਹੈ। ਅਮਰੀਕਾ ਦੀ ਪ੍ਰਥਮ ਮਹਿਲਾ ਨੇ ਪੱਤਰ ਵਿਚ ਦੋਵਾਂ ਮੁਲਕਾਂ ਵਿਚ ਜਾਰੀ ਜੰਗ ਬਾਰੇ ਵੀ ਕੋਈ ਚਰਚਾ ਨਹੀਂ ਕੀਤੀ। ਮੇਲਾਨੀਆ ਨੇ ਪੂਤਿਨ ਨੂੰ ਸਿਰਫ਼ ਇੰਨਾ ਕਿਹਾ ਕਿ ਉਹ ਇਸ ਟਕਰਾਅ ਵਿਚ ਫਸੇ ਬੱਚਿਆਂ ਦੀ ‘ਹਾਸੇ’ ਨੂੰ ‘ਇਕੱਲੇ ਹੀ ਬਹਾਲ’ ਕਰ ਸਕਦੇ ਹਨ।
ਮੇਲਾਨੀਆ ਨੇ ਵ੍ਹਾਈਟ ਹਾਊਸ ਦੇ ਨੋਟ ਪੈਡ ਵਾਲੇ ਪੱਤਰ ’ਤੇ ਲਿਖਿਆ, ‘‘ਇਨ੍ਹਾਂ ਬੱਚਿਆਂ ਦੀ ਮਾਸੂਮੀਅਤ ਨੂੰ ਬਚਾ ਕੇ ਤੁਸੀਂ ਨਾ ਸਿਰਫ਼ ਰੂਸ ਬਲਕਿ ਮਾਨਵਤਾ ਦੀ ਵੀ ਸੇਵਾ ਕਰੋਗੇ।’’ ਪੱਤਰ ਦੀ ਇੱਕ ਕਾਪੀ ਸਭ ਤੋਂ ਪਹਿਲਾਂ ਫੌਕਸ ਨਿਊਜ਼ ਡਿਜੀਟਲ ਨੂੰ ਮਿਲੀ ਸੀ ਅਤੇ ਬਾਅਦ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਸਮਰਥਕਾਂ, ਜਿਨ੍ਹਾਂ ਵਿੱਚ ਅਟਾਰਨੀ ਜਨਰਲ ਪੈਮ ਬੋਂਡੀ ਵੀ ਸ਼ਾਮਲ ਹਨ, ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਸੀ।