43 ਸਾਲ ਤੋਂ ਗ਼ਲਤ ਢੰਗ ਨਾਲ ਜੇਲ੍ਹ ਗਏ ਭਾਰਤੀ ਮੂਲ ਦੇ ਵਿਅਕਤੀ ਦੇ ਦੇਸ਼ ਨਿਕਾਲੇ ’ਤੇ ਅਮਰੀਕੀ ਅਦਾਲਤਾਂ ਨੇ ਲਾਈ ਰੋਕ !
ਅਮਰੀਕਾ ਵਿੱਚ ਦੋ ਅਦਾਲਤਾਂ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਭਾਰਤੀ ਮੂਲ ਦੇ ਇੱਕ ਵਿਅਕਤੀ, ਜੋ ਕਤਲ ਦੇ ਕੇਸ ਵਿੱਚ ਗ਼ਲਤ ਢੰਗ ਨਾਲ ਚਾਰ ਦਹਾਕੇ ਜੇਲ੍ਹ ਵਿੱਚ ਰਿਹਾ, ਨੂੰ ਦੇਸ਼ ਨਿਕਾਲਾ (deportation) ਨਾ ਦਿੱਤਾ ਜਾਵੇ।
ਸੁਬਰਾਮਨੀਅਮ ਵੇਦਮ (Subramanyam Vedam) (64), ਜਿਸ ਨੂੰ ‘ਸੂਬੂ’ ਵੀ ਕਿਹਾ ਜਾਂਦਾ ਹੈ, ਨੂੰ ਇਸ ਸਾਲ ਉਸ ਸਮੇਂ ਰਿਹਾਅ ਕੀਤਾ ਗਿਆ ਸੀ ਜਦੋਂ 1980 ਦੇ ਇੱਕ ਕਤਲ ਕੇਸ ਵਿੱਚ ਉਸ ਦੀ ਸਜ਼ਾ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਉਹ 3 ਅਕਤੂਬਰ ਨੂੰ ਜੇਲ੍ਹ ਤੋਂ ਰਿਹਾਅ ਹੋਇਆ ਪਰ ਉਸ ਨੂੰ ਤੁਰੰਤ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ।
ਉਹ ਇਸ ਸਮੇਂ ਲੂਸੀਆਨਾ (Louisiana) ਦੇ ਇੱਕ ਹੋਲਡਿੰਗ ਸੈਂਟਰ ਵਿੱਚ ਨਜ਼ਰਬੰਦ ਹੈ।
ਦੋ ਅਦਾਲਤਾਂ , ਇੱਕ ਇਮੀਗ੍ਰੇਸ਼ਨ ਜੱਜ ਅਤੇ ਇੱਕ ਯੂਐਸ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਵੇਦਮ ਨੂੰ ਦੇਸ਼ ਨਿਕਾਲਾ ਦੇਣ ’ਤੇ ਰੋਕ ਲਗਾਉਣ ਦਾ ਹੁਕਮ ਦਿੱਤਾ। ਇਮੀਗ੍ਰੇਸ਼ਨ ਜੱਜ ਨੇ ਦੇਸ਼ ਨਿਕਾਲਾ ਉਦੋਂ ਤੱਕ ਰੋਕਿਆ ਹੈ ਜਦੋਂ ਤੱਕ ਬਿਊਰੋ ਆਫ਼ ਇਮੀਗ੍ਰੇਸ਼ਨ ਅਪੀਲਜ਼ ਉਸ ਦੇ ਕੇਸ ਦੀ ਸਮੀਖਿਆ ਨਹੀਂ ਕਰਦੀ, ਜਿਸ ਵਿੱਚ ਕਈ ਮਹੀਨੇ ਲੱਗ ਸਕਦੇ ਹਨ।
ਇਮੀਗ੍ਰੇਸ਼ਨ ਅਧਿਕਾਰੀ (ICE) ਉਸ ਨੂੰ ਉਸ ਦੇ ਇੱਕ ਪੁਰਾਣੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਕੇਸ ਕਾਰਨ ਦੇਸ਼ ਨਿਕਾਲਾ ਦੇਣਾ ਚਾਹੁੰਦੇ ਹਨ, ਜੋ ਕਿ ਉਸ ’ਤੇ ਲਗਭਗ 20 ਸਾਲ ਦੀ ਉਮਰ ਵਿੱਚ ਦਰਜ ਹੋਇਆ ਸੀ।
ਵੇਦਮ ਦੇ ਵਕੀਲ ਦਲੀਲ ਦੇ ਰਹੇ ਹਨ ਕਿ ਉਸ ਨੇ ਜੋ 43 ਸਾਲ ਗ਼ਲਤ ਤਰੀਕੇ ਨਾਲ ਜੇਲ੍ਹ ਵਿੱਚ ਕੱਟੇ ਹਨ, ਜਿੱਥੇ ਉਸ ਨੇ ਡਿਗਰੀਆਂ ਹਾਸਲ ਕੀਤੀਆਂ ਅਤੇ ਹੋਰ ਕੈਦੀਆਂ ਨੂੰ ਪੜ੍ਹਾਇਆ, ਉਸ ਦਾ ਮੁੱਲ ਨਸ਼ੀਲੇ ਪਦਾਰਥਾਂ ਦੇ ਕੇਸ ਨਾਲੋਂ ਕਿਤੇ ਵੱਧ ਹੋਣਾ ਚਾਹੀਦਾ ਹੈ।
ਉੱਧਰ ਵੇਦਮ ਦੀ ਭੈਣ ਸਰਸਵਤੀ ਵੇਦਮ ਨੇ ਕਿਹਾ ਕਿ ਪਰਿਵਾਰ ਨੂੰ ਇਸ ਗੱਲ ਦੀ ਰਾਹਤ ਹੈ ਕਿ ਦੋਵਾਂ ਜੱਜਾਂ ਨੇ ਦੇਸ਼ ਨਿਕਾਲੇ ਨੂੰ ਰੋਕ ਦਿੱਤਾ ਹੈ।
ਉਨ੍ਹਾਂ ਕਿਹਾ, “ ਅਸੀਂ ਉਮੀਦ ਕਰਦੇ ਹਾਂ ਕਿ ਇਮੀਗ੍ਰੇਸ਼ਨ ਅਪੀਲਜ਼ ਬੋਰਡ ਵੀ ਅਖੀਰ ਵਿੱਚ ਮੰਨ ਜਾਵੇਗਾ ਕਿ ਵੇਦਮ ਨੂੰ ਦੇਸ਼ ਨਿਕਾਲਾ ਦੇਣਾ ਇੱਕ ਹੋਰ ਵੱਡੀ ਬੇਇਨਸਾਫ਼ੀ ਹੋਵੇਗੀ। ਉਹ ਵਿਅਕਤੀ ਜਿਸ ਨੇ ਨਾ ਸਿਰਫ਼ ਉਸ ਜੁਰਮ ਲਈ 43 ਸਾਲ ਕੱਟੇ ਜੋ ਉਸ ਨੇ ਨਹੀਂ ਕੀਤਾ, ਬਲਕਿ ਉਹ 9 ਮਹੀਨਿਆਂ ਦੀ ਉਮਰ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ।”
