DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US attacks Iran ਇਜ਼ਰਾਈਲ-ਇਰਾਨ ਜੰਗ ’ਚ ਕੁੱਦਿਆ ਅਮਰੀਕਾ; ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ

ਟਰੰਪ ਨੇ ਰਾਸ਼ਟਰ ਦੇ ਨਾਂ ਸੰਬੋਧਨ ’ਚ ਤਿੰਨ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ਨੂੰ ਤਬਾਹ ਕਰਨ ਦਾ ਕੀਤਾ ਦਾਅਵਾ, ਕਿਹਾ ਇਰਾਨ ਕੋਲ ‘ਸ਼ਾਂਤੀ ਜਾਂ ਦੁਖਾਂਤ’ ’ਚੋਂ ਕਿਸੇ ਇਕ ਦੀ ਚੋਣ ਦਾ ਬਦਲ; ਇਰਾਨ ਨੇ ਗੋਡੇ ਨਾ ਟੇਕਣ ਦੀ ਗੱਲ ਆਖੀ; ਅਮਰੀਕੀ ਹਮਲਿਆਂ ਮਗਰੋਂ ਇਜ਼ਰਾਈਲ ਵੱਲੋਂ ਆਪਣਾ ਹਵਾਈ ਖੇਤਰ ਬੰਦ
  • fb
  • twitter
  • whatsapp
  • whatsapp
Advertisement

ਅਮਰੀਕਾ ਨੇ ਹਮਲੇ ਲਈ ਬੰਕਰ ਬਸਟਰ ਬੰਬ ਵਰਤੇ; ਇਰਾਨ ਨੇ ਗੋਡੇ ਨਾ ਟੇਕਣ ਦੀ ਗੱਲ ਆਖੀ; ਅਮਰੀਕੀ ਹਮਲਿਆਂ ਮਗਰੋਂ ਇਜ਼ਰਾਈਲ ਵੱਲੋਂ ਆਪਣਾ ਹਵਾਈ ਖੇਤਰ ਬੰਦ; ਨੇਤਨਯਾਹੂ ਵੱਲੋਂ ਹਮਲਾ ਕਰਨ ਦੇ ਫੈਸਲੇ ਲਈ ਟਰੰਪ ਦੀ ਤਾਰੀਫ਼

ਵਾਸ਼ਿੰਗਟਨ, 22 ਜੂਨ

Advertisement

US attacks Iran ਅਮਰੀਕੀ ਫੌਜ ਨੇ ਐਤਵਾਰ ਵੱਡੇ ਤੜਕੇ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕਾ ਇਨ੍ਹਾਂ ਹਮਲਿਆਂ ਨਾਲ ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਖ਼ਿਲਾਫ਼ ਵਿੱਢੀ ਲੜਾਈ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੋ ਗਿਆ ਹੈ। ਅਮਰੀਕਾ ਨੇ ਹਮਲੇ ਲਈ B6 ਬੰਕਰ ਬਸਟਰ ਬੰਬਾਂ ਤੇ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕੀ ਹਮਲੇ ਮਗਰੋਂ ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਏਪੀ

ਰਾਸ਼ਟਰਪਤੀ ਡੋਨਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਰਾਨ ਦੇ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ਨੂੰ ‘ਪੂਰੀ ਤਰ੍ਹਾਂ ਨਾਲ ਤਬਾਹ’ ਕਰ ਦਿੱਤਾ ਹੈ। ਅਮਰੀਕੀ ਸਦਰ ਨੇ ਤਹਿਰਾਨ ਨੂੰ ਜਵਾਬੀ ਕਾਰਵਾਈ ਖਿਲਾਫ਼ ਚੇਤਾਵਨੀ ਦਿੰਦਿਆਂ ਕਿਹਾ ਕਿ ਇਰਾਨ ਨੂੰ ‘ਸ਼ਾਂਤੀ ਜਾਂ ਦੁਖਾਂਤ’ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ।

ਇਰਾਨ ਵਿਚ ਫੋਰਡੋ ਪ੍ਰਮਾਣੂ ਟਿਕਾਣੇ ਦੀ ਉਪਗ੍ਰਹਿ ਰਾਹੀਂ ਖਿੱਚੀ ਤਸਵੀਰ। ਫੋਟੋ: ਪੀਟੀਆਈ

ਉਧਰ ਇਰਾਨ ਦੀ ਪ੍ਰਮਾਣੂ ਏਜੰਸੀ ਨੇ ਅਮਰੀਕਾ ਵੱਲੋਂ ਉਸ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਫੋਰਡੋ, ਇਸਫਹਾਨ ਤੇ ਨਾਤਨਜ਼ ਨੂੰ ਨਿਸ਼ਾਨਾ ਬਣਾਏ ਜਾਣ ਦੀ ਪੁਸ਼ਟੀ ਕੀਤੀ ਹੈ। ਤਹਿਰਾਨ ਨੇ ਹਾਲਾਂਕਿ ਜ਼ੋਰ ਦੇ ਕੇ ਆਖਿਆ ਕਿ ਉਸ ਦਾ ਕੰਮ ਨਹੀਂ ਰੁਕੇਗਾ। ਇਰਾਨ ਨੇ ਕਿਹਾ ਕਿ ਇਸਫਹਾਨ, ਫੋਰਡੋ, ਨਤਾਨਜ਼ ਅਤੇ ਹੋਰ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕੀ ਹਮਲਿਆਂ ਤੋਂ ਬਾਅਦ ‘ਰੇਡੀਏਸ਼ਨ ਦੇ ਰਿਸਾਅ ਦੇ ਕੋਈ ਸੰਕੇਤ’ ਨਹੀਂ ਹਨ। ਅਮਰੀਕੀ ਹਮਲੇ ਮਗਰੋਂ ਇਜ਼ਰਾਈਲ ਨੇ ਇਰਾਨ ਦੀ ਜਵਾਬੀ ਕਾਰਵਾਈ ਦੇ ਮੱਦੇਨਜ਼ਰ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ।

ਟਰੰਪ ਨੇ ਮਗਰੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ, ‘‘"ਅਸੀਂ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਫੋਰਡੋ, ਨਤਾਨਜ਼ ਅਤੇ ਇਸਫਾਹਨ ’ਤੇ ਕੀਤੇ ਹਮਲੇ ਵਿਚ ਸਫ਼ਲ ਰਹੇ ਹਾਂ। ਸਾਰੇ ਅਮਰੀਕੀ ਜਹਾਜ਼ ਹੁਣ ਇਰਾਨ ਦੇ ਹਵਾਈ ਖੇਤਰ ’ਚੋਂ ਬਾਹਰ ਹਨ। ਬੰਬਾਂ ਦਾ ਪੂਰਾ ਪੇਲੋਡ ਪ੍ਰਾਇਮਰੀ ਸਾਈਟ, ਫੋਰਡੋ ’ਤੇ ਸੁੱਟਿਆ ਗਿਆ ਸੀ। ਸਾਰੇ ਜਹਾਜ਼ ਸੁਰੱਖਿਅਤ ਢੰਗ ਨਾਲ ਆਪਣੇ ਟਿਕਾਣੇ ’ਤੇ ਵਾਪਸ ਜਾ ਰਹੇ ਹਨ।’’ ਅਮਰੀਕੀ ਸਦਰ ਨੇ ਕਿਹਾ, ‘‘ਇਹ ਅਮਰੀਕਾ, ਇਜ਼ਰਾਈਲ ਤੇ ਕੁੱਲ ਆਲਮ ਲਈ ਇਤਿਹਾਸਕ ਪਲ ਹੈ। ਇਹ ਜੰਗ ਖਤਮ ਕਰਨ ਲਈ ਇਰਾਨ ਨੂੰ ਹੁਣ ਸਹਿਮਤ ਹੋਣਾ ਪਵੇਗਾ। ਧੰਨਵਾਦ!”

ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ। ਫੋਟੋ: ਰਾਇਟਰਜ਼

ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ’ਤੇ ਹਮਲਾ ਕਰਨ ਦੇ ਫੈਸਲੇ ਲਈ ਅਮਰੀਦੀ ਸਦਰ ਦੀ ਤਾਰੀਫ਼ ਕੀਤੀ ਹੈ। ਨੇਤਨਯਾਹੂ ਨੇ ਕਿਹਾ, ‘‘ਇਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਤੁਹਾਡਾ ਦਲੇਰਾਨਾ ਫੈਸਲਾ ਇਤਿਹਾਸ ਬਦਲ ਦੇਵੇਗਾ।’’ ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਨੇ ‘ਉਹ ਕੀਤਾ ਹੈ ਜੋ ਧਰਤੀ ’ਤੇ ਕੋਈ ਹੋਰ ਮੁਲਕ ਨਹੀਂ ਕਰ ਸਕਦਾ ਸੀ।’’

ਇਸ ਦੌਰਾਨ ਵ੍ਹਾਈਟ ਹਾਊਸ ਅਤੇ ਪੈਂਟਾਗਨ ਨੇ ਤੁਰੰਤ ਕਾਰਵਾਈ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ, ਪਰ ਫੌਕਸ ਨਿਊਜ਼ ਦੇ ਮੇਜ਼ਬਾਨ Sean Hannity ਨੇ ਕਿਹਾ ਕਿ ਉਸ ਨੇ ਟਰੰਪ ਨਾਲ ਗੱਲ ਕੀਤੀ ਹੈ ਅਤੇ ਫੋਰਡੋ (ਪ੍ਰਮਾਣੂ ਟਿਕਾਣੇ) ਨੂੰ ਨਿਸ਼ਾਨਾ ਬਣਾਉਣ ਲਈ ਛੇ ਬੰਕਰ ਬਸਟਰ ਬੰਬ ਵਰਤੇ ਗਏ ਸਨ। Hannity ਨੇ ਕਿਹਾ ਕਿ 400 ਮੀਲ ਦੂਰ ਅਮਰੀਕੀ ਪਣਡੁੱਬੀਆਂ ਵੱਲੋਂ ਦਾਗ਼ੀਆਂ ਗਈਆਂ 30 ਟੋਮਾਹਾਕ (Tomahawk) ਮਿਜ਼ਾਈਲਾਂ ਨੇ ਇਰਾਨ ਦੇ ਨਤਾਨਜ਼ ਅਤੇ ਇਸਫਹਾਨ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਦੱਸ ਦੇਈਏ ਕਿ ਟਰੰਪ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਅੱਗੇ ਦਾਅਵਾ ਕੀਤਾ ਸੀ ਉਨ੍ਹਾਂ ਦੀ ਇਰਾਨ ਵਿਚ ਅਮਰੀਕੀ ਫੌਜਾਂ ਨੂੰ ਭੇਜਣ ਵਿਚ ਕੋਈ ਦਿਲਚਸਪੀ ਨਹੀਂ ਹੈ। ਇਸ ਤੋਂ ਪਹਿਲਾਂ ਅਮਰੀਕੀ ਸਦਰ ਨੇ ਇਸ਼ਾਰਾ ਕੀਤਾ ਸੀ ਕਿ ਉਹ ਇਸ ਬਾਰੇ ਅਗਲੇ ਦੋ ਹਫ਼ਤਿਆਂ ਵਿਚ ਫੈਸਲਾ ਕਰੇਗਾ।

ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੀ ਨੇ ਬੁੱਧਵਾਰ ਨੂੰ ਅਮਰੀਕਾ ਨੂੰ ਚੇਤਾਵਨੀ ਦਿੱਤੀ ਸੀ ਕਿ ਇਸਲਾਮਿਕ ਗਣਰਾਜ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਦੇ ਨਤੀਜੇ ਵਜੋਂ ‘ਉਸ ਨੂੰ ਕਦੇ ਵੀ ਪੂਰਾ ਨਾ ਹੋਣ ਨੁਕਸਾਨ ਝੱਲਣਾ ਹੋਵੇਗਾ।’ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਾਈ ਨੇ ਐਲਾਨ ਕੀਤਾ ਕਿ ‘ਅਮਰੀਕਾ ਦੀ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਖੇਤਰ ਵਿੱਚ ਮੁਕੰਮਲ ਜੰਗ ਦਾ ਸੱਦਾ ਹੋਵੇਗੀ।’’-ਏਪੀ

ਸੰਯੁਕਤ ਰਾਸ਼ਟਰ ਵੱਲੋਂ ਇਰਾਨ ’ਤੇ ਅਮਰੀਕੀ ਹਮਲਿਆਂ ਦੀ ਨਿਖੇਧੀ

ਅਮਰੀਕਾ ਵੱਲੋਂ ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਵਾਈ ਹਮਲਿਆਂ ਮਗਰੋਂ ਕੌਮਾਂਤਰੀ ਪੱਧਰ ’ਤੇ ਤਣਾਅ ਵਧ ਗਿਆ ਹੈ। ਇਸ ਮੁੱਦੇ ’ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਵੱਡਾ ਫ਼ਿਕਰ ਜਤਾਉਂਦਿਆਂ ਇਸ ਨੂੰ ‘ਸੰਭਾਵੀ ਤਬਾਹਕੁਨ ਨਤੀਜਿਆਂ’ ਵਾਲੀ ਪੇਸ਼ਕਦਮੀ ਦੱਸਿਆ ਹੈ। ਗੁਟੇਰੇਜ਼ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ, ‘‘ਇਸ ਗੱਲ ਦਾ ਵੱਡਾ ਜੋਖ਼ਮ ਹੈ ਕਿ ਇਹ ਟਕਰਾਅ ਤੇਜ਼ੀ ਨਾਲ ਕਾਬੂ ਤੋਂ ਬਾਹਰ ਹੋ ਸਕਦਾ ਹੈ, ਜਿਸ ਦੇ ਨਾਗਰਿਕਾਂ, ਖਿੱਤੇ ਤੇ ਕੁੱਲ ਆਲਮ ਲਈ ਤਬਾਹਕੁਨ ਨਤੀਜੇ ਹੋ ਸਕਦੇ ਹਨ।’’ ਗੁਟੇਰੇਜ਼ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਸੰਜਮ ਵਰਤਣ ਅਤੇ ਕੂਟਨੀਤਕ ਹੱਲ ਵੱਲ ਵਧਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਇਸ ਨਾਜ਼ੁਕ ਸਮੇਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹਫੜਾ-ਦਫੜੀ ਦੇ ਚੱਕਰ ਤੋਂ ਬਚੀਏ।’ -ਏਪੀ

Advertisement
×