ਯੂਕਰੇਨ ਦੇ ਪਾਵਰ ਗਰਿੱਡ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਜ਼ੋਰਦਾਰ ਹਮਲਾ
ਰੂਸ ਨੇ ਡਰੋਨ ਅਤੇ ਮਿਜ਼ਾਈਲਾਂ ਨਾਲ ਯੂਕਰੇਨ ਦੇ ਪਾਵਰ ਗਰਿੱਡ ’ਤੇ ਜ਼ੋਰਦਾਰ ਹਮਲੇ ਕੀਤੇ। ਇਸ ਤੋਂ ਇਕ ਦਿਨ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਸੀ ਕਿ ਰੂਸ ਨੇ ਕੁਦਰਤੀ ਗੈਸ ਟਿਕਾਣਿਆਂ ’ਤੇ ਸ਼ੁੱਕਰਵਾਰ ਨੂੰ ਹਮਲੇ ਕੀਤੇ ਜੋ ਸਾਢੇ ਤਿੰਨ ਸਾਲ ਪਹਿਲਾਂ ਮਾਸਕੋ ਵੱਲੋਂ ਸ਼ੁਰੂ ਕੀਤੀ ਗਈ ਜੰਗ ਮਗਰੋਂ ਸਭ ਤੋਂ ਵੱਡਾ ਹਮਲਾ ਹੈ। ਖੇਤਰੀ ਅਪਰੇਟਰ ਮੁਤਾਬਕ ਪਾਵਰ ਗਰਿੱਡ ’ਤੇ ਹਮਲਿਆਂ ਕਾਰਨ ਰੂਸੀ ਸਰਹੱਦ ਨੇੜਲੇ ਉੱਤਰੀ ਸ਼ਹਿਰ ਚੇਰਨੀਹੀਵ ਨੇੜੇ ਊਰਜਾ ਸਹੂਲਤਾਂ ਨੁਕਸਾਨੀਆਂ ਗਈਆਂ ਅਤੇ ਬਿਜਲੀ ਸਪਲਾਈ ਠੱਪ ਹੋਣ ਕਾਰਨ ਕਰੀਬ 50 ਹਜ਼ਾਰ ਘਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਚੇਰਨੀਹੀਵ ਦੇ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਦਮਿਤਰੋ ਬ੍ਰਾਇਜ਼ਿੰਸਕੀ ਨੇ ਪੁਸ਼ਟੀ ਕੀਤੀ ਕਿ ਸ਼ਹਿਰ ’ਤੇ ਰਾਤ ਸਮੇਂ ਹੋਏ ਰੂਸੀ ਹਮਲੇ ਕਾਰਨ ਕਈ ਥਾਵਾਂ ’ਤੇ ਅੱਗ ਅੱਗ ਗਈ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਸ ਨਾਲ ਕਿੰਨਾ ਨੁਕਸਾਨ ਹੋਇਆ ਹੈ। ਯੂਕਰੇਨੀ ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਯੂਕਰੇਨ ’ਤੇ ਸ਼ੁੱਕਰਵਾਰ ਨੂੰ 381 ਡਰੋਨ ਅਤੇ 35 ਮਿਜ਼ਾਈਲਾਂ ਨਾਲ ਵੱਡੇ ਪੱਧਰ ’ਤੇ ਹਵਾਈ ਹਮਲੇ ਕੀਤੇ। ਉਨ੍ਹਾਂ ਇਨ੍ਹਾਂ ਹਮਲਿਆਂ ਨੂੰ ਸਰਦੀਆਂ ਤੋਂ ਪਹਿਲਾਂ ਯੂਕਰੇਨ ’ਚ ਬਿਜਲੀ ਸਪਲਾਈ ਸਹੂਲਤਾਂ ਤਬਾਹ ਕਰਨ ਦੀ ਕੋਸ਼ਿਸ਼ ਕਰਾਰ ਦਿੱਤੀ।