ਯੂਕਰੇਨ ਤੇ ਪੱਛਮੀ ਸਹਿਯੋਗੀ ਦੇਸ਼ਾਂ ਦੀ US ਦੀ ਸ਼ਾਂਤੀ ਯੋਜਨਾ ’ਤੇ ਚਰਚਾ ਲਈ ਜੇਨੇਵਾ ’ਚ ਮੀਟਿੰਗ
ਰੂਸ ਦੇ ਹਮਲੇ ਨੂੰ ਖਤਮ ਕਰਨ ਲਈ ਅਮਰੀਕਾ ਵੱਲੋਂ ਪ੍ਰਸਤਾਵਿਤ ਸ਼ਾਂਤੀ ਯੋਜਨਾ ’ਤੇ ਯੂਕਰੇਨ ਅਤੇ ਉਸ ਦੇ ਪੱਛਮੀ ਸਹਿਯੋਗੀ ਦੇਸ਼ਾਂ ਦਰਮਿਆਨ ਗੱਲਬਾਤ ਜੇਨੇਵਾ ਵਿੱਚ ਸ਼ੁਰੂ ਹੋ ਗਈ ਹੈ।
ਯੂਕਰੇਨੀ ਵਫ਼ਦ ਦੇ ਮੁਖੀ, ਰਾਸ਼ਟਰਪਤੀ ਦੇ ਚੀਫ਼ ਆਫ਼ ਸਟਾਫ਼ Andrii Yermak ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਨ੍ਹਾਂ ਨੇ ਬ੍ਰਿਟੇਨ, ਫਰਾਂਸ ਅਤੇ ਜਰਮਨੀ ਦੇ ਕੌਮੀਂ ਸੁਰੱਖਿਆ ਸਲਾਹਕਾਰਾਂ ਨਾਲ ਆਪਣੀ ਪਹਿਲੀ ਮੀਟਿੰਗ ਕੀਤੀ।
ਉਮੀਦ ਸੀ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਫੌਜ ਦੇ ਸਕੱਤਰ ਡੈਨ ਡ੍ਰਿਸਕੋਲ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨਾਲ ਇਸ ਗੱਲਬਾਤ ਵਿੱਚ ਸ਼ਾਮਲ ਹੋਣਗੇ।
ਯੇਰਮਾਕ ਨੇ ਕਿਹਾ, “ ਅਗਲੀ ਮੀਟਿੰਗ ਅਮਰੀਕੀ ਵਫ਼ਦ ਨਾਲ ਹੈ। ਅਸੀਂ ਬਹੁਤ ਹੀ ਉਸਾਰੂ ਮੂਡ ਵਿੱਚ ਹਾਂ। ਅਸੀਂ ਯੂਕਰੇਨ ਲਈ ਇੱਕ ਸਥਾਈ ਅਤੇ ਨਿਆਂਪੂਰਨ ਸ਼ਾਂਤੀ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।”
ਲਗਭਗ ਚਾਰ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਅਮਰੀਕਾ ਦੁਆਰਾ ਤਿਆਰ ਕੀਤੀ ਗਈ 28-ਨੁਕਾਤੀ ਯੋਜਨਾ ਨੇ ਕੀਵ ਅਤੇ ਯੂਰਪੀ ਰਾਜਧਾਨੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਆਪਣੇ ਪ੍ਰਭੂਸੱਤਾ ਅਧਿਕਾਰਾਂ ਲਈ ਖੜ੍ਹੇ ਹੋਣ ਅਤੇ ਅਮਰੀਕੀ ਸਮਰਥਨ, ਜਿਸਦੀ ਉਸਨੂੰ ਲੋੜ ਹੈ, ਨੂੰ ਬਰਕਰਾਰ ਰੱਖਣ ਵਿਚਕਾਰ ਸਖ਼ਤ ਚੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਯੋਜਨਾ ਵਿੱਚ ਰੂਸ ਦੀਆਂ ਕਈ ਮੰਗਾਂ ਮੰਨੀਆਂ ਗਈਆਂ ਹਨ ਜਿਨ੍ਹਾਂ ਨੂੰ ਜ਼ੇਲੈਂਸਕੀ ਨੇ ਸਪੱਸ਼ਟ ਤੌਰ 'ਤੇ ਰੱਦ ਕੀਤਾ ਹੈ, ਜਿਸ ਵਿੱਚ ਵੱਡੇ ਖੇਤਰਾਂ ਨੂੰ ਛੱਡਣਾ ਵੀ ਸ਼ਾਮਲ ਹੈ। ਯੂਕਰੇਨੀ ਨੇਤਾ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੇ ਲੋਕ ਹਮੇਸ਼ਾ ਆਪਣੇ ਘਰ ਦੀ ਰਾਖੀ ਕਰਨਗੇ।
