ਯੂਕਰੇਨ ਤੇ ਰੂਸ ਹੁਣ ਆਪੋ-ਆਪਣੀ ਥਾਂ ਰੁਕ ਜਾਣ: ਟਰੰਪ
ਜ਼ੇਲੈਂਸਕੀ ਨਾਲ ਮੀਟਿੰਗ ਤੋਂ ਬਾਅਦ ਦੋਹਾਂ ਦੇਸ਼ਾਂ ਨੂੰ ਜੰਗ ਰੋਕਣ ਦੀ ਅਪੀਲ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਹੋਈ ਲੰਬੀ ਮੀਟਿੰਗ ਤੋਂ ਬਾਅਦ ਯੂਕਰੇਨ ਤੇ ਰੂਸ ਨੂੰ ਜੰਗ ਖ਼ਤਮ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਜਿੱਥੇ ਹਨ, ਉੱਥੇ ਹੀ ਰੁਕ ਜਾਣ।
ਟਰੰਪ ਨੇ ਰਾਸ਼ਟਰਪਤੀ ਅਹੁਦੇ ਦਾ ਕਾਰਜਭਾਰ ਸੰਭਾਲਣ ਦੇ ਬਾਅਦ ਤੋਂ ਇਹ ਜੰਗ ਖ਼ਤਮ ਨਾ ਹੋਣ ਨੂੰ ਲੈ ਕੇ ਕਈ ਵਾਰ ਨਿਰਾਸ਼ਾ ਜ਼ਾਹਿਰ ਕੀਤੀ ਹੈ ਪਰ ਉਨ੍ਹਾਂ ਦੀ ਤਾਜ਼ਾ ਟਿੱਪਣੀ ਯੂਕਰੇਨ ਲਈ ਇਹ ਸੁਨੇਹਾ ਲੱਗਦੀ ਹੈ ਕਿ ਉਹ ਰੂਸ ਦੇ ਹੱਥੋਂ ਗੁਆ ਚੁੱਕੇ ਆਪਣੇ ਇਲਾਕੇ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਛੱਡ ਦੇਵੇ। ਟਰੰਪ ਨੇ ਜ਼ੇਲੈਂਸਕੀ ਅਤੇ ਉਨ੍ਹਾਂ ਦੀ ਟੀਮ ਦੀ ਦੋ ਘੰਟੇ ਤੋਂ ਵੱਧ ਦੀ ਗੱਲਬਾਤ ਤੋਂ ਤੁਰੰਤ ਬਾਅਦ ‘ਟਰੁੱਥ ਸੋਸ਼ਲ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਕਾਫੀ ਖ਼ੂਨ-ਖਰਾਬਾ ਹੋ ਚੁੱਕਾ ਹੈ, ਸੰਪਤੀ ਦੀਆਂ ਹੱਦਾਂ ਜੰਗ ਤੇ ਹਿੰਮਤ ਨਾਲ ਤੈਅ ਹੋ ਰਹੀਆਂ ਹਨ। ਉਨ੍ਹਾਂ ਨੂੰ ਉੱਥੇ ਰੁਕ ਜਾਣਾ ਚਾਹੀਦਾ ਹੈ, ਜਿੱਥੇ ਉਹ ਹਨ। ਦੋਹਾਂ ਨੂੰ ਜਿੱਤ ਦਾ ਦਾਅਵਾ ਕਰਨ ਦਿਓ, ਇਤਿਹਾਸ ਨੂੰ ਫੈਸਲਾ ਕਰਨ ਦਿਓ!’’
ਟਰੰਪ ਨੇ ਬਾਅਦ ਵਿੱਚ ਫਲੋਰਿਡਾ ਪਹੁੰਚਣ ਤੋਂ ਤੁਰੰਤ ਬਾਅਦ ਦੋਹਾਂ ਧਿਰਾਂ ਨੂੰ ‘ਫੌਰੀ ਜੰਗ ਰੋਕਣ’ ਦੀ ਅਪੀਲ ਕੀਤੀ ਅਤੇ ਸੰਕੇਤ ਦਿੱਤਾ ਕਿ ਰੂਸ, ਯੂਕਰੇਨ ਕੋਲੋਂ ਖੋਹਿਆ ਹੋਇਆ ਖੇਤਰ ਆਪਣੇ ਕੋਲ ਰੱਖੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਤੁਸੀਂ ਜੰਗ ਰੇਖਾ ਮੁਤਾਬਿਕ ਚੱਲੋ, ਭਾਵੇਂ ਉਹ ਕਿਧਰੇ ਵੀ ਹੋਵੇ, ਨਹੀਂ ਤਾਂ ਇਹ ਬਹੁਤ ਗੁੰਝਲਦਾਰ ਹੋ ਜਾਵੇਗਾ।’’
ਜੰਗਬੰਦੀ ਤੇ ਗੱਲਬਾਤ ਦਾ ਸਮਾਂ ਆ ਗਿਆ: ਜ਼ੇਲੈਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸ਼ੁੱਕਰਵਾਰ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਜੰਗਬੰਦੀ ਅਤੇ ਗੱਲਬਾਤ ਦਾ ਸਮਾਂ ਆ ਗਿਆ ਹੈ। ਉਨ੍ਹਾਂ ਰੂਸ ਵੱਲੋਂ ਖੋਹੇ ਗਏ ਇਲਾਕਿਆਂ ਨੂੰ ਛੱਡਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਬਾਅ ਪਾਏ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਪਰਹੇਜ਼ ਕੀਤਾ। ਜਦੋਂ ਪੱਤਰਕਾਰਾਂ ਨੇ ਜ਼ੇਲੈਂਸਕੀ ਨੂੰ ਟਰੰਪ ਦੀ ਪੋਸਟ ਬਾਰੇ ਸਵਾਲ ਕੀਤਾ ਤਾਂ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, ‘‘ਰਾਸ਼ਟਰਪਤੀ ਸਹੀ ਹਨ। ਸਾਨੂੰ ਉੱਥੇ ਹੀ ਰੁਕਣਾ ਹੋਵੇਗਾ, ਜਿੱਥੇ ਅਸੀਂ ਹਾਂ ਅਤੇ ਫਿਰ ਗੱਲ ਕਰਨੀ ਹੋਵੇਗੀ।’’