ਤੂਫਾਨ ਰਗਾਸਾ ਨੇ ਹਾਂਗ ਕਾਂਗ ਤੇ ਦੱਖਣੀ ਚੀਨ ਵਿਚ ਮਚਾਈ ਤਬਾਹੀ; 17 ਮੌਤਾਂ, 124 ਲਾਪਤਾ
ਪਿਛਲੇ ਕਈ ਸਾਲਾਂ ਵਿਚ ਆਏ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਰਗਾਸਾ ਕਰਕੇ ਬੁੱਧਵਾਰ ਤੜਕੇ ਹਾਂਗਕਾਂਗ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਲੈਂਪ ਪੋਸਟ ਤੋਂ ਵੀ ਉੱਚੀਆਂ ਲਹਿਰਾਂ ਉੱਠੀਆਂ। ਰਗਾਸਾ ਨੇ ਤਾਇਵਾਨ ਤੇ ਫਿਲਪੀਨਜ਼ ਵਿਚ ਤਬਾਹੀ ਮਚਾਉਣ ਮਗਰੋਂ ਦੱਖਣੀ ਚੀਨੀ ਸਾਹਿਲ ’ਤੇ ਆਮ ਜਨਜੀਵਨ ਠੱਪ ਕਰ ਦਿੱਤਾ ਹੈ।
ਤੂਫਾਨ ਦੇ ਤਾਇਵਾਨ ਤੇ ਫਿਲਪੀਨਜ਼ ’ਚੋਂ ਲੰਘਣ ਮਗਰੋਂ ਤਾਇਵਾਨ ਵਿਚ 14 ਤੇ ਫਿਲਪੀਨਜ਼ ਵਿਚ ਤਿੰਨ ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਸ ਦੌਰਾਨ 124 ਵਿਅਕਤੀ ਲਾਪਤਾ ਦੱਸੇ ਜਾਂਦੇ ਹਨ। ਤੇਜ਼ ਹਵਾਵਾਂ ਨੇ ਹਾਂਗ ਕਾਂਗ ਦੇ ਲੋਕਾਂ ਨੂੰ ਤੜਕੇ ਉਠਾ ਦਿੱੱਤਾ। ਕਈ ਲੋਕਾਂ ਨੇ ਰਸੋਈ ਵਿਚ ਹਵਾਦਾਰੀ ਲਈ ਪੱਖੇ ਉਡਣ ਤੇ ਕਰੇਨ ਹਿੱਲਣ ਜਿਹੇ ਘਟਨਾਵਾਂ ਦੀ ਰਿਪੋਰਟ ਕੀਤੀ ਹੈ।
ਤੇਜ਼ ਹਵਾਵਾਂ ਕਰਕੇ ਪੈਦਲ ਯਾਤਰੀ ਪੁਲ ਦੀ ਛੱਤ ਦਾ ਇਕ ਹਿੱਸਾ ਉੱਡ ਗਿਆ ਤੇ ਸ਼ਹਿਰ ਵਿਚ ਕਈ ਥਾਈਂ ਰੁੱਖ ਜੜ੍ਹੋਂ ਉੱਖੜ ਗਏ। ਕਰੀਬ 13 ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਹੈ। ਸਰਕਾਰੀ ਬ੍ਰਾਡਕਾਸਟਰ ਸੀਸੀਟੀਵੀ ਦੀ ਰਿਪੋਰਟ ਅਨੁਸਾਰ ਦੱਖਣੀ ਚੀਨ ਦੀ ਆਰਥਿਕ ਮਹਾਸ਼ਕਤੀ ਗੁਆਂਗਡੋਂਗ ਸੂਬੇ ਦੇ ਦਸ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕੀਤਾ ਗਿਆ ਹੈ।
ਰਾਸ਼ਟਰੀ ਮੌਸਮ ਏਜੰਸੀ ਨੇ ਤੂਫਾਨ ਰਗਾਸਾ ਦੇ ਬੁੱਧਵਾਰ ਦੁਪਹਿਰ ਤੋਂ ਸ਼ਾਮ ਵਿਚਾਲੇ ਤਾਇਸ਼ਾਨ ਤੇ ਝਾਨਜਿਆਂਗ ਸ਼ਹਿਰਾਂ ਵਿਚ ਦਸਤਕ ਦੇਣ ਦੀ ਪੇਸ਼ੀਨਗੋਈ ਕੀਤੀ ਹੈ। ਕਰੀਬ ਇਕ ਦਰਜਨ ਸ਼ਹਿਰਾਂ ਵਿਚ ਸਕੂਲ, ਕਾਰਖਾਨੇ ਤੇ ਆਵਾਜਾਈ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਹਾਂਗ ਕਾਂਗ ਤੇ ਮਕਾਊ, ਜੋ ਕਿ ਜੂਆ ਕੇਂਦਰ ਵੀ ਹੈ, ਨੇ ਸਕੂਲ ਬੰਦ ਤੇ ਉਡਾਣਾਂ ਰੱਦ ਕਰ ਦਿੱਤੀਆਂ ਹਨ। ਕਈ ਦੁਕਾਨਾਂ ਬੰਦ ਰਹੀਆਂ। ਸੈਂਕੜੇ ਲੋਕਾਂ ਨੇ ਸ਼ਹਿਰਾਂ ਵਿਚ ਅਸਥਾਈ ਕੇਂਦਰਾਂ ਵਿਚ ਪਨਾਹ ਲਈ ਹੈ। ਮਕਾਊ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਹਾਂਗ ਕਾਂਗ ਦੀ ਨਿਗਰਾਨ ਏਜੰਸੀ ਨੇ ਦੱਸਿਆ ਕਿ ਰਗਾਸਾ, ਜਿਸ ਦੀ ਵੱਧ ਤੋਂ ਵੱਧ ਰਫ਼ਤਾਰ 195 ਕਿਲੋਮੀਟਰ ਪ੍ਰਤੀ ਘੰਟਾ ਸੀ, ਵਿੱਤੀ ਕੇਂਦਰ ਦੇ ਦੱਖਣ ਵਿਚ ਕਰੀਬ 100 ਕਿਲੋਮੀਟਰ ਦੀ ਦੂਰੀ ’ਤੇ ਸੀ। ਇਸ ਦੇ ਕਰੀਬ 22 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੱਛਮ ਜਾਂ ਪੱਛਮ ਉੱਤਰ ਪੱਛਮ ਵੱਲ ਵਧਣ ਦਾ ਅਨੁਮਾਨ ਹੈ। ਰਗਾਸਾ ਨੇ ਤਾਇਵਾਨ ਤੇ ਫਿਲਪੀਨਜ਼ ਵਿਚ ਵੱਡਾ ਨੁਕਸਾਨ ਕੀਤਾ ਹੈ।
ਤਾਇਵਾਨ ਵਿਚ ਭਾਰੀ ਮੀਂਹ ਕਰਕੇ ਮੰਗਲਵਾਰ ਨੂੰ ਹੁਆਲਿਨ ਕਾਊਂਟੀ ਵਿਚ ਇਕ ਝੀਲ ’ਚ ਪਾਣੀ ਚੜ੍ਹ ਗਿਆ। ਪਾਣੀ ਦੇ ਤੇਜ਼ ਧਾਰ ਨੇ ਇਕ ਪੁਲ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਗੁਆਂਗਫੂ ਟਾਊਨਸ਼ਿਪ ਦੀਆਂ ਸੜਕਾਂ ਨਦੀਆਂ ਵਿਚ ਤਬਦੀਲ ਹੋ ਗਈਆਂ। ਪਾਣੀ ਵਿਚ ਗੱਡੀਆਂ ਤੇ ਫਰਨੀਚਰ ਰੁੜ ਗਿਆ।
ਤਾਇਵਾਨ ਦੀ ਕੇਂਦਰੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਉਥੇ 14 ਲੋਕਾਂ ਦੀ ਮੌਤ ਹੋਈ ਹੈ ਤੇ 18 ਹੋਰ ਜ਼ਖ਼ਮੀ ਹਨ। ਉੱਤਰੀ ਫਿਲਪੀਨਜ਼ ਵਿਚ ਰਗਾਸਾ ਕਰਕੇ ਆਏ ਹੜ੍ਹਾਂ ਵਿਚ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਪੰਜ ਹੋਰ ਲਾਪਤਾ ਹਨ। ਜ਼ਮੀਨ ਖਿਸਕਣ ਕਰਕੇ 17,500 ਤੋਂ ਵਧ ਲੋਕ ਘਰੋਂ ਬੇਘਰ ਹੋ ਗਏ।