ਅਮਰੀਕਾ ਵਿਚ ਵ੍ਹਾਈਟ ਹਾਊਸ ਕੋਲ ਨੈਸ਼ਨਲ ਗਾਰਡ ਦੇ ਦੋ ਫੌਜੀਆਂ ਨੂੰ ਗੋਲੀ ਮਾਰੀ, ਹਾਲਤ ਗੰਭੀਰ
ਵਾਸ਼ਿੰਗਟਨ ਦੇ ਮੇਅਰ ਨੇ ਹਮਲੇ ਨੂੰ ‘ਯੋਜਨਾਬੱਧ’ ਦੱਸਿਆ; ਟਰੰਪ ਵੱਲੋਂ 500 ਹੋਰ ਨੈਸ਼ਨਲ ਗਾਰਡ ਵਾਸ਼ਿੰਗਟਨ ਭੇਜਣ ਦੇ ਹੁਕਮ
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਤਾਇਨਾਤ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਮੈਂਬਰਾਂ ਨੂੰ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ, ਵ੍ਹਾਈਟ ਹਾਊਸ ਤੋਂ ਥੋੜ੍ਹੀ ਦੂਰ ਗੋਲੀ ਮਾਰ ਦਿੱਤੀ ਗਈ। ਵਾਸ਼ਿੰਗਟਨ ਦੇ ਮੇਅਰ ਮੂਰੀਅਲ ਬਾਊਜ਼ਰ ਨੇ ਇਸ ਨੂੰ ਇੱਕ ਯੋਜਨਾਬੱਧ ਹਮਲਾ ਦੱਸਿਆ ਹੈ। ਸੰਘੀ ਜਾਂਚ ਏਜੰਸੀ (ਐਫਬੀਆਈ) ਦੇ ਡਾਇਰੈਕਟਰ ਕਾਸ਼ ਪਟੇਲ ਅਤੇ ਬਾਊਜ਼ਰ ਨੇ ਕਿਹਾ ਕਿ ਦੋਵੇਂ ਨੈਸ਼ਨਲ ਗਾਰਡ ਮੈਂਬਰ ਗੰਭੀਰ ਹਾਲਤ ਵਿੱਚ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਗੋਲੀਬਾਰੀ ਤੋਂ ਬਾਅਦ, ਟਰੰਪ ਪ੍ਰਸ਼ਾਸਨ ਨੇ ਤੁਰੰਤ 500 ਹੋਰ ਨੈਸ਼ਨਲ ਗਾਰਡ ਮੈਂਬਰਾਂ ਨੂੰ ਵਾਸ਼ਿੰਗਟਨ ਭੇਜਣ ਦਾ ਹੁਕਮ ਦਿੱਤਾ ਹੈ। ਰੱਖਿਆ ਸਕੱਤਰ ਪੀਟ ਹੇਗਸੇਥ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਨ੍ਹਾਂ ਨੂੰ ਵਾਧੂ ਫੌਜੀ ਭੇਜਣ ਲਈ ਕਿਹਾ ਸੀ।
ਅਮਰੀਕੀ ਰਾਜਧਾਨੀ ਵਿੱਚ ਨੈਸ਼ਨਲ ਗਾਰਡ ਦੀ ਮੌਜੂਦਗੀ ਮਹੀਨਿਆਂ ਤੋਂ ਵਿਵਾਦ ਦਾ ਵਿਸ਼ਾ ਬਣੀ ਹੋਈ ਹੈ, ਜਿਸ ਕਾਰਨ ਅਦਾਲਤਾਂ ਵਿੱਚ ਕਾਨੂੰਨੀ ਲੜਾਈਆਂ ਅਤੇ ਜਨਤਕ ਨੀਤੀ ’ਤੇ ਵਿਆਪਕ ਬਹਿਸ ਜਾਰੀ ਹੈ। ਇਹ ਵਿਵਾਦ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਵਧ ਰਹੇ ਅਪਰਾਧ ਨੂੰ ਰੋਕਣ ਲਈ ਫੌਜ ਦੀ ਵਰਤੋਂ ਨਾਲ ਜੁੜਿਆ ਹੋਇਆ ਹੈ।
ਵਾਸ਼ਿੰਗਟਨ ਪੁਲੀਸ ਦੇ ਕਾਰਜਕਾਰੀ ਸਹਾਇਕ ਮੁਖੀ ਜੈਫਰੀ ਕੈਰੋਲ ਨੇ ਕਿਹਾ ਕਿ ਤਫ਼ਤੀਸ਼ਕਾਰਾਂ ਨੇ ਅਜੇ ਤੱਕ ਹਮਲੇ ਪਿਛਲੇ ਮੰਤਵ ਦਾ ਪਤਾ ਨਹੀਂ ਲਗਾਇਆ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ‘ਇੱਕ ਮੋੜ ’ਤੇ ਆਇਆ’ ਅਤੇ ਵੀਡੀਓ ਫੁਟੇਜ ਅਨੁਸਾਰ ਨੈਸ਼ਨਲ ਗਾਰਡਾਂ ਨੂੰ ਦੇਖ ਕੇ ਗੋਲੀਬਾਰੀ ਕਰ ਦਿੱਤੀ।
ਪੱਛਮੀ ਵਰਜੀਨੀਆ ਦੇ ਗਵਰਨਰ ਪੈਟ੍ਰਿਕ ਮੋਰੀਸੀ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਗਾਰਡਾਂ ਦੀ ਮੌਤ ਹੋ ਗਈ ਹੈ, ਪਰ ਬਾਅਦ ਵਿੱਚ ਆਪਣਾ ਬਿਆਨ ਵਾਪਸ ਲੈ ਲਿਆ। ਐਨਫੋਰਸਮੈਂਟ ਏਜੰਸੀਆਂ ਨਾਲ ਜੁੜੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਪੁਲੀਸ ਹਿਰਾਸਤ ਵਿੱਚ ਲਏ ਗਏ ਮਸ਼ਕੂਕ ਨੂੰ ਵੀ ਗੋਲੀ ਲੱਗੀ ਹੈ ਪਰ ਉਸ ਦੀਆਂ ਸੱਟਾਂ ਜਾਨਲੇਵਾ ਨਹੀਂ ਸਨ।

