ਤੁਰਕੀ ਦੇ ਰਾਸ਼ਟਰਪਤੀ ਅਰਦੋਜਾਂ ਨੇ ਯੂਐੱਨ ਜਨਰਲ ਅਸੈਂਬਲੀ ’ਚ ਮੁੜ ਅਲਾਪਿਆ ਕਸ਼ਮੀਰ ਦਾ ਰਾਗ
ਤੁਰਕੀ ਦੇ ਰਾਸ਼ਟਰਪਤੀ ਤਈਪ ਅਰਦੋਜਾਂ ਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ ਆਪਣੇ ਸੰਬੋਧਨ ਵਿਚ ਮੁੜ ਕਸ਼ਮੀਰ ਦਾ ਰਾਗ ਅਲਾਪਿਆ ਹੈ। ਅਰਦੋਜਾਂ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਸ ਸਾਲ ਦੇ ਸ਼ੁਰੂ ਵਿੱਚ ਟਕਰਾਅ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ‘ਜੰਗਬੰਦੀ’...
ਤੁਰਕੀ ਦੇ ਰਾਸ਼ਟਰਪਤੀ ਤਈਪ ਅਰਦੋਜਾਂ ਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ ਆਪਣੇ ਸੰਬੋਧਨ ਵਿਚ ਮੁੜ ਕਸ਼ਮੀਰ ਦਾ ਰਾਗ ਅਲਾਪਿਆ ਹੈ। ਅਰਦੋਜਾਂ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਸ ਸਾਲ ਦੇ ਸ਼ੁਰੂ ਵਿੱਚ ਟਕਰਾਅ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ‘ਜੰਗਬੰਦੀ’ ਤੋਂ ‘ਖੁਸ਼’ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਵਿਰੁੱਧ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਕਸ਼ਮੀਰ ਮੁੱਦੇ ਦਾ ਹੱਲ ਸੰਯੁਕਤ ਰਾਸ਼ਟਰ ਦੇ ਮਤਿਆਂ ਦੇ ਅਧਾਰ ’ਤੇ, ਕਸ਼ਮੀਰ ਵਿਚ ਸਾਡੇ ਭੈਣ ਭਰਾਵਾਂ ਦੇ ਹਿੱਤ ਵਿਚ ਗੱਲਬਾਤ ਜ਼ਰੀਏ ਕੱਢਿਆ ਜਾਵੇਗਾ।’’
ਸੰਯੁਕਤ ਰਾਸ਼ਟਰ ਆਮ ਸਭਾ ਦੇ 80ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਅਰਦੋਜਾਂ ਨੇ ਕਿਹਾ, ‘ਦੱਖਣੀ ਏਸ਼ੀਆ ਵਿਚ ਅਸੀਂ ਸ਼ਾਂਤੀ ਤੇ ਸਥਿਰਤਾ ਦੀ ਰਾਖੀ ਨੂੰ ਬਹੁਤ ਅਹਿਮ ਮੰਨਦੇ ਹਾ। ਪਿਛਲੇ ਅਪਰੈਲ ਵਿਚ ਪਾਕਿਸਤਾਨ ਤੇ ਭਾਰਤ ਵਿਚ ਤਣਾਅ ਮਗਰੋਂ ਹੋਈ ਜੰਗਬੰਦੀ ਤੋਂ ਅਸੀਂ ਖ਼ੁਸ਼ ਹਾਂ। ਇਹ ਤਣਾਅ ਟਕਰਾਅ ਵਿਚ ਬਦਲ ਗਿਆ ਸੀ।’’ ਹਾਲੀਆ ਸਾਲਾਂ ਵਿਚ ਤੁਰਕੀ ਦੇ ਆਗੂ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿਚ ਆਲਮੀ ਆਗੂਆਂ ਨੂੰ ਮੁਖਾਤਿਬ ਹੁੰਦਿਆਂ ਕਸ਼ਮੀਰ ਮਸਲੇ ਦਾ ਜ਼ਿਕਰ ਕੀਤਾ ਹੈ।
ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ, ਜਿਸ ਵਿਚ 26 ਲੋਕ ਮਾਰੇ ਗਏ ਸਨ, ਦੇ ਜਵਾਬ ਵਿਚ 7 ਮਈ ਨੂੰ ਪਾਕਿਸਤਾਨ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਦਹਿਸ਼ਤੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ। ਇਨ੍ਹਾਂ ਹਮਲਿਆਂ ਕਾਰਨ ਦੋਵਾਂ ਮੁਲਕਾਂ ਦਰਮਿਆਨ ਚਾਰ ਦਿਨਾਂ ਤੱਕ ਤਿੱਖੀਆਂ ਝੜਪਾਂ ਹੋਈਆਂ ਜੋ 10 ਮਈ ਨੂੰ ਫੌਜੀ ਕਾਰਵਾਈਆਂ ਨੂੰ ਰੋਕਣ ਦੀ ਸਹਿਮਤੀ ਨਾਲ ਖਤਮ ਹੋਈਆਂ।