ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Tsunami after earthquake: ਰੂਸ ਵਿਚ 8.8 ਦੀ ਤੀਬਰਤਾ ਵਾਲੇ ਭੂਚਾਲ ਨਾਲ ਧਰਤੀ ਕੰਬੀ, ਜਾਪਾਨ ਤੋਂ ਲੈ ਕੇ ਅਮਰੀਕਾ ਤੱਕ ਸੁਨਾਮੀ

ਅਮਰੀਕਾ, ਜਾਪਾਨ ਤੇ ਨਿੳੂਜ਼ੀਲੈਂਡ ਵੱਲੋਂ ਚੇਤਾਵਨੀ ਜਾਰੀ; ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਜਾਣ ਦੀ ਸਲਾਹ; ਜਪਾਨ ਨੇ ਇਹਤਿਆਤ ਵਜੋਂ ਫੁਕੂਸ਼ਿਮਾ ਪਰਮਾਣੂ ਰਿਐਕਟਰ ਖਾਲੀ ਕੀਤਾ
ਰੂਸੀ ਐਮਰਜੈਂਸੀ ਮੰਤਰਾਲੇ ਵੱਲੋਂ ਜਾਰੀ ਵੀਡੀਓ ਤੋਂ ਲਈ ਗਈ ਤਸਵੀਰ ਵਿੱਚ ਬਚਾਅ ਕਰਮਚਾਰੀ ਰੂਸ ਦੇ ਪੇਤਰੋਪਾਵਲੋਵਸਕ-ਕਾਮਚੈਟਸਕੀ ਵਿੱਚ ਭੂਚਾਲ ਨਾਲ ਨੁਕਸਾਨੇ ਗਏ ਇੱਕ ਕਿੰਡਰਗਾਰਟਨ ਦਾ ਮੁਆਇਨਾ ਕਰਦੇ ਹੋਏ। ਏਪੀ/ਪੀਟੀਆਈ
Advertisement

ਰੂਸ ਦੇ ਪੂਰਬ ਵਿੱਚ ਬੁੱਧਵਾਰ ਤੜਕੇ ਕਾਮਚਟਕਾ ਪ੍ਰਾਇਦੀਪ ਨੇੜੇ 8.8 ਤੀਬਰਤਾ ਦੇ ਭੂਚਾਲ ਕਾਰਨ ਉੱਤਰੀ ਪ੍ਰਸ਼ਾਂਤ ਵਿੱਚ ਚਾਰ ਚਾਰ ਫੁੱਟ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਆਈਆਂ, ਜਿਸ ਮਗਰੋਂ ਅਮਰੀਕਾ ਦੇ ਅਲਾਸਕਾ ਅਤੇ ਹਵਾਈ, ਜਾਪਾਨ ਅਤੇ ਨਿਊਜ਼ੀਲੈਂਡ ਦੇ ਦੱਖਣ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਜਪਾਨ ਨੇ ਇਹਤਿਆਤ ਵਜੋਂ ਫੁਕੂਸ਼ੀਮਾ ਵਿਚਲੇ ਪਰਮਾਣੂ ਰਿਐਕਟਰ ਨੂੰ ਖਾਲੀ ਕਰਵਾ ਲਿਆ ਹੈ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ ਪੰਜ ਵਜੇ ਦੇ ਕਰੀਬ ਆਇਆ ਤੇ ਭੂਚਾਲ ਦਾ ਕੇਂਦਰ ਸਮੁੰਦਰ ਵਿਚ 19 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇਹ ਭੂਚਾਲ ਮਾਰਚ 2011 ਦੇ ਭੂਚਾਲ ਤੋਂ ਬਾਅਦ ਦੁਨੀਆ ਵਿੱਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਜਾਪਦਾ ਹੈ। ਮਾਰਚ 2011 ਵਿੱਚ ਉੱਤਰ-ਪੂਰਬੀ ਜਾਪਾਨ ਵਿੱਚ ਆਏ ਭੂਚਾਲ ਦੀ ਤੀਬਰਤਾ 9.0 ਸੀ ਅਤੇ ਇਸ ਨਾਲ ਇੱਕ ਵੱਡੀ ਸੁਨਾਮੀ ਆਈ ਜਿਸ ਨੇ ਫੁਕੂਸ਼ੀਮਾ ਦਾਇਚੀ ਪਰਮਾਣੂ ਊਰਜਾ ਪਲਾਂਟ ਦੇ ਕੂਲਿੰਗ ਸਿਸਟਮ ਨੂੰ ਤਬਾਹ ਕਰ ਦਿੱਤਾ ਸੀ।

ਮੰਗਲਵਾਰ ਨੂੰ ਹਵਾਈ ਦੀ ਰਾਜਧਾਨੀ ਹੋਨੋਲੂਲੂ ਵਿੱਚ ਸੁਨਾਮੀ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜੇ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਜਾਣ ਦੀ ਹਦਾਇਤ ਕੀਤੀ ਗਈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਪਹਿਲੀ ਸੁਨਾਮੀ ਲਹਿਰ, ਕਰੀਬ 30 ਸੈਂਟੀਮੀਟਰ ਉੱਚੀ, ਹੋਕਾਈਡੋ ਦੇ ਪੂਰਬੀ ਤੱਟ ’ਤੇ ਨੇਮੂਰੋ ਤੱਕ ਪਹੁੰਚ ਗਈ ਸੀ। ਕਾਮਚਟਕਾ ਪ੍ਰਾਇਦੀਪ ਨੇੜੇ ਰੂਸੀ ਖੇਤਰ ਵਿੱਚ ਨੁਕਸਾਨ ਅਤੇ ਨਿਕਾਸੀ ਦੀਆਂ ਰਿਪੋਰਟਾਂ ਹਨ, ਜਿੱਥੇ ਭੂਚਾਲ ਦਾ ਕੇਂਦਰ ਸੀ।

Advertisement

ਸਥਾਨਕ ਗਵਰਨਰ ਵੈਲੇਰੀ ਲਿਮਾਰੈਂਕੋ ਨੇ ਕਿਹਾ ਕਿ ਪਹਿਲੀ ਸੁਨਾਮੀ ਲਹਿਰ ਪ੍ਰਸ਼ਾਂਤ ਮਹਾਸਾਗਰ ਵਿੱਚ ਰੂਸ ਦੇ ਕੁਰਿਲ ਟਾਪੂਆਂ ’ਤੇ ਮੁੱਖ ਬਸਤੀ, ਸੇਵੇਰੋ-ਕੁਰਿਲਸਕ ਦੇ ਸਾਹਿਲੀ ਖੇਤਰ ਤੱਕ ਪਹੁੰਚੀ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਸੁਰੱਖਿਅਤ ਹਨ ਅਤੇ ਲਹਿਰਾਂ ਦਾ ਖ਼ਤਰਾ ਟਲ ਜਾਣ ਤੱਕ ਉਹ ਉੱਚੀਆਂ ਥਾਵਾਂ ’ਤੇ ਰਹਿਣਗੇ। ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਹਵਾਈ, ਚਿਲੀ, ਜਾਪਾਨ ਅਤੇ ਸੋਲੋਮਨ ਟਾਪੂਆਂ ਦੇ ਕੁਝ ਸਾਹਿਲੀ ਖੇਤਰਾਂ ਵਿੱਚ ਲਹਿਰਾਂ ਦੇ ਪੱਧਰ ਤੋਂ ਇੱਕ ਤੋਂ ਤਿੰਨ ਮੀਟਰ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ। ਰੂਸ ਅਤੇ ਇਕੁਆਡੋਰ ਦੇ ਕੁਝ ਸਾਹਿਲੀ ਖੇਤਰਾਂ ਵਿੱਚ ਤਿੰਨ ਮੀਟਰ ਤੋਂ ਉੱਚੀਆਂ ਲਹਿਰਾਂ ਉੱਠਣ ਦੀ ਉਮੀਦ ਹੈ।

ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਭੂਚਾਲ ਕਾਰਨ ਸੁਨਾਮੀ ਆਈ ਹੈ, ਜਿਸ ਨਾਲ ਸਾਰੇ ਹਵਾਈ ਟਾਪੂਆਂ ਦੇ ਸਾਹਿਲੀ ਖੇਤਰਾਂ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜਾਪਾਨੀ ਤੇ ਅਮਰੀਕੀ ਭੂਚਾਲ ਵਿਗਿਆਨੀਆਂ ਨੇ ਦੱਸਿਆ ਕਿ ਜਾਪਾਨ ਦੇ ਸਮੇਂ ਮੁਤਾਬਕ ਸਵੇਰੇ 8:25 ਵਜੇ ਆਏ ਭੂਚਾਲ ਦੀ ਮੁੱਢਲੀ ਤੀਬਰਤਾ 8.0 ਸੀ। ਅਮਰੀਕੀ ਭੂਵਿਗਿਆਨੀ ਸਰਵੇਖਣ (ਯੂਐੱਸਜੀਐੱਸ) ਨੇ ਮਗਰੋਂ ਦੱਸਿਆ ਦੀ ਭੂਚਾਲ ਦੀ ਤੀਬਰਤਾ 8.8 ਸੀ ਤੇ ਇਹ 20.7 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇਹ ਭੂਚਾਲ ਰੂਸੀ ਸ਼ਹਿਰ ਪੇਤਰੋਪਾਵਲੋਵਸਕ-ਕਾਮਚਤਸਕੀ ਤੋਂ ਕਰੀਬ 119 ਕਿਲੋਮੀਟਰ ਦੂਰ ਆਇਆ।

ਇਸ ਸ਼ਹਿਰ ਦੀ ਆਬਾਦੀ 180,000 ਹੈ। ਰੂਸੀ ਨਿਊਜ਼ ਏਜੰਸੀ TASS ਨੇ ਭੂਚਾਲ ਦੇ ਕੇਂਦਰ ਨੇੜੇ ਸਭ ਤੋਂ ਵੱਡੇ ਸ਼ਹਿਰ ਪੇਤਰੋਪਾਵਲੋਵਸਕ-ਕਾਮਚਤਸਕੀ ਤੋਂ ਰਿਪੋਰਟ ਦਿੱਤੀ ਕਿ ਬਹੁਤ ਸਾਰੇ ਲੋਕ ਜੁੱਤੀਆਂ ਅਤੇ ਢੁਕਵੇਂ ਕੱਪੜਿਆਂ ਤੋਂ ਬਿਨਾਂ ਸੜਕਾਂ ’ਤੇ ਨਿਕਲ ਆਏ। ਘਰਾਂ ਦੇ ਅੰਦਰ ਸ਼ੈਲਫਾਂ ਡਿੱਗ ਪਈਆਂ, ਸ਼ੀਸ਼ੇ ਟੁੱਟ ਗਏ, ਇਮਾਰਤਾਂ ਅਤੇ ਕਾਰਾਂ ਜ਼ੋਰਦਾਰ ਢੰਗ ਨਾਲ ਹਿੱਲ ਗਈਆਂ।

TASS ਨੇ ਕਾਮਚਟਕਾ ਖੇਤਰ ਦੀ ਰਾਜਧਾਨੀ ਵਿੱਚ ਬਿਜਲੀ ਬੰਦ ਹੋਣ ਅਤੇ ਮੋਬਾਈਲ ਫੋਨ ਸੇਵਾ ਠੱਪ ਹੋਣ ਦੀ ਵੀ ਰਿਪੋਰਟ ਦਿੱਤੀ। ਇਸ ਨੇ ਇੱਕ ਸਥਾਨਕ ਰੂਸੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਸਖਾਲਿਨ ਟਾਪੂ ਦੇ ਵਸਨੀਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਐਮਰਜੈਂਸੀ ਸੇਵਾਵਾਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ।

ਅਲਾਸਕਾ ਵਿੱਚ ਅਮਰੀਕੀ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰ ਨੇ ਅਲਾਸਕਾ ਅਲੂਸ਼ੀਅਨ ਟਾਪੂਆਂ ਦੇ ਕੁਝ ਹਿੱਸਿਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਅਤੇ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਅਤੇ ਹਵਾਈ ਸਮੇਤ ਪੱਛਮੀ ਤੱਟ ਦੇ ਕੁਝ ਹਿੱਸਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਇਹ ਚੇਤਾਵਨੀ ਅਲਾਸਕਾ ਦੇ ਸਾਹਿਲ ਦੇ ਇੱਕ ਵੱਡੇ ਹਿੱਸੇ ਨੂੰ ਵੀ ਕਵਰ ਕਰਦੀ ਹੈ।

ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਦੇਸ਼ ਭਰ ਦੇ ਸਾਹਿਲੀ ਖੇਤਰਾਂ ਲਈ ‘ਮਜ਼ਬੂਤ, ਅਸਾਧਾਰਨ ਅਤੇ ਅਚਾਨਕ ਉੱਚੀਆਂ ਲਹਿਰਾਂ’ ਦੀ ਚੇਤਾਵਨੀ ਦਿੱਤੀ ਹੈ। ਸਰਕਾਰ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਵੱਲੋਂ ਜਾਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਪਾਣੀ, ਬੀਚਾਂ ਅਤੇ ਸਾਹਿਲੀ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਨਿਊਜ਼ੀਲੈਂਡ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਹੈ ਅਤੇ ਭੂਚਾਲ ਦੇ ਕੇਂਦਰ ਤੋਂ ਲਗਭਗ 6,000 ਮੀਲ ਦੂਰ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ, ਕਾਮਚਟਕਾ ਦੇ ਨੇੜੇ ਸਮੁੰਦਰ ਵਿੱਚ ਪੰਜ ਸ਼ਕਤੀਸ਼ਾਲੀ ਭੂਚਾਲ ਆਏ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ 7.4 ਤੀਬਰਤਾ ਦਾ ਸੀ। ਕਾਮਚਟਕਾ ਵਿੱਚ 4 ਨਵੰਬਰ, 1952 ਨੂੰ 9.0 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਨਾਲ ਵਿਆਪਕ ਨੁਕਸਾਨ ਹੋਇਆ ਸੀ।

Advertisement
Tags :
#Earthquake8.8#HawaiiTsunami#JapanEvacuates#KamchatkaEarthquake#PacificOcean#PacificRingOfFire#RussiaEarthquake#TsunamiSafety#TsunamiWarningNaturalDisasterਸੁਨਾਮੀ:ਭੂਚਾਲ 8.8 ਹਵਾਈ ਸੁਨਾਮੀ