ਭਾਰਤੀ ਦਰਾਮਦਾਂ ’ਤੇ ਅਮਰੀਕਾ ਵੱਲੋਂ ਐਲਾਨੇ ਗਏ ਸ਼ੁਰੂਆਤੀ 25 ਫ਼ੀਸਦੀ ਟੈਕਸ ਵੀਰਵਾਰ ਨੂੰ ਲਾਗੂ ਹੋ ਗਏ ਹਨ। ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਫ਼ਾਇਦਾ ਉਠਾਉਣ ਵਾਲੇ ਦੇਸ਼ਾਂ ਤੋਂ ਅਰਬਾਂ ਡਾਲਰ ਹੁਣ ਦੇਸ਼ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਟਰੰਪ ਨੇ ਟਰੂਥ ਸੋਸ਼ਲ ’ਤੇ ਇੱਕ ਪੋਸਟ ਵਿੱਚ ਕਿਹਾ, “ਅੱਧੀ ਰਾਤ ਹੋ ਗਈ ਹੈ!!! ਅਰਬਾਂ ਡਾਲਰਾਂ ਦੇ ਟੈਕਸ ਹੁਣ ਸੰਯੁਕਤ ਰਾਜ ਅਮਰੀਕਾ ਵਿੱਚ ਆ ਰਹੇ ਹਨ!” ਕਿਉਂਕਿ ਅਮਰੀਕਾ ਵਿੱਚ ਰਾਤ ਦੇ 12 ਵੱਜਦੇ ਹੀ 7 ਅਗਸਤ ਦੀ ਤਾਰੀਖ਼ ਹੋ ਗਈ ਹੈ।ਇੱਕ ਹੋਰ ਪੋਸਟ ਵਿੱਚ ਟਰੰਪ ਨੇ ਕਿਹਾ, "ਅੱਜ ਅੱਧੀ ਰਾਤ ਨੂੰ ਪਰਸਪਰ ਟੈਕਸ ਲਾਗੂ ਹੋ ਗਏ ਹਨ! ਅਰਬਾਂ ਡਾਲਰ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਨ੍ਹਾਂ ਦੇਸ਼ਾਂ ਤੋਂ ਹਨ ਜਿਨ੍ਹਾਂ ਨੇ ਕਈ ਸਾਲਾਂ ਤੋਂ ਸੰਯੁਕਤ ਰਾਜ ਅਮਰੀਕਾ ਦਾ ਫ਼ਾਇਦਾ ਉਠਾਇਆ ਹੈ ਅਤੇ ਉਹ ਹੱਸਦੇ ਹੋਏ ਅਮਰੀਕਾ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਸਿਰਫ਼ ਇੱਕ ਰੈਡੀਕਲ ਖੱਬੀ ਅਦਾਲਤ ਹੀ ਅਮਰੀਕਾ ਦੀ ਮਹਾਨਤਾ ਨੂੰ ਰੋਕ ਸਕਦੀ ਹੈ ਜੋ ਸਾਡੇ ਦੇਸ਼ ਨੂੰ ਅਸਫ਼ਲ ਹੁੰਦੇ ਦੇਖਣਾ ਚਾਹੁੰਦੀ ਹੈ!”