ਯੂਕਰੇਨ ਜੰਗ ਰੋਕਣ ਲਈ ਟਰੰਪ ਦੀ ਯੋਜਨਾਬੰਦੀ ਦਾ ਖਰੜਾ ਤਿਆਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਬਣਾਈ ਯੋਜਨਾ ਦੇ ਖਰੜੇ ਮੁਤਾਬਕ ਰੂਸ ਨੂੰ ਜ਼ਮੀਨ ਦਿੱਤੀ ਜਾਵੇਗੀ ਤੇ ਕੀਵ ਦੀ ਫੌਜ ਦੇ ਆਕਾਰ ਨੂੰ ਘੱਟ ਕੀਤਾ ਜਾਵੇਗਾ। ਇਸ ਖ਼ਬਰ ਏਜੰਸੀ ਕੋਲ ਖਰੜੇ ਦੀ ਕਾਪੀ ਮੌਜੂਦ ਹੈ। ਇਹ ਤਜਵੀਜ਼, ਜੋ ਵਾਸ਼ਿੰਗਟਨ ਤੇ ਮਾਸਕੋ ਦਰਮਿਆਨ ਗੱਲਬਾਤ ’ਚੋਂ ਨਿਕਲੀ ਸੀ, ਰੂਸ ਲਈ ਕਾਫੀ ਫਾਇਦੇਮੰਦ ਲੱਗ ਰਹੀ ਸੀ।
ਰੂਸ ਨੇ ਕਰੀਬ ਚਾਰ ਸਾਲ ਪਹਿਲਾਂ ਆਪਣੇ ਗੁਆਂਢੀ ’ਤੇ ਹਮਲਾ ਕਰਕੇ ਜੰਗ ਸ਼ੁਰੂ ਕੀਤੀ ਸੀ। ਉਧਰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਲਈ ਇਹ ਮੁਸ਼ਕਲ ਹੋਵੇਗਾ ਕਿਉਂਕਿ ਉਹ ਟਰੰਪ ਵੱਲੋਂ ਇਲਾਕਿਆਂ ਵਿਚ ਛੋਟ ਦੀ ਪਹਿਲਾਂ ਕੀਤੀ ਮੰਗ ਦਾ ਵਿਰੋਧ ਕਰ ਚੁੱਕੇ ਹਨ। ਯੂਰੋਪੀ ਆਗੂਆਂ ਵੱਲੋਂ ਵੀ ਇਸ ਦਾ ਵਿਰੋਧ ਹੋਇਆ ਸੀ, ਜੋ ਸ਼ਾਇਦ ਅਮਰੀਕਾ ਵੱਲੋਂ ਦੋਵਾਂ ਮੁਲਕਾਂ ਦਰਮਿਆਨ ਸ਼ਾਂਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੁਰਾ ਭਲਾ ਆਖਣ ਦੇ ਨਾਲ ਇਹ ਵੀ ਕਹਿਣਗੇ ਕਿ ਇਸ ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਉਨ੍ਹਾਂ ਦੇ ਗੁੱਸੇ ਦਾ ਇਨਾਮ ਮਿਲਿਆ, ਜਿਸ ਨਾਲ ਉਹ ਹਾਰਨ ਦੀ ਬਜਾਏ ਹੋਰ ਵਧੇਰੇ ਤਾਕਤ ਵਾਲੇ ਹੋ ਗਏ ਹਨ।
ਮਿਸਾਲ ਵਜੋਂ ਇਹ ਤਜਵੀਜ਼ ਨਾ ਸਿਰਫ਼ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਹੋਣ ਤੋਂ ਰੋਕੇਗਾ ਬਲਕਿ ਇਹ ਗੱਠਜੋੜ ਦੇ ਭਵਿੱਖੀ ਵਿਸਥਾਰ ਨੂੰ ਵੀ ਰੋਕੇਗਾ। ਅਜਿਹੀ ਪੇਸ਼ਕਦਮੀ ਮਾਸਕੋ ਲਈ ਇੱਕ ਅਹਿਮ ਜਿੱਤ ਹੋਵੇਗੀ, ਜੋ ਨਾਟੋ ਨੂੰ ਇੱਕ ਖ਼ਤਰੇ ਵਜੋਂ ਦੇਖਦਾ ਹੈ। ਪੂਤਿਨ ਨੂੰ ਉਹ ਜ਼ਮੀਨ ਵੀ ਮਿਲੇਗੀ ਜੋ ਉਹ ਜੰਗ ਦੇ ਮੈਦਾਨ ਵਿੱਚ ਜਿੱਤਣ ਵਿੱਚ ਅਸਮਰੱਥ ਰਹੇ ਹਨ। ਖਰੜੇ ਤਹਿਤ ਮਾਸਕੋ ਸਾਰੇ ਪੂਰਬੀ ਡੋਨਬਾਸ ਖੇਤਰ ਨੂੰ ਆਪਣੇ ਕੋਲ ਰੱਖੇਗਾ, ਹਾਲਾਂਕਿ ਕਰੀਬ 14 ਫੀਸਦ ਖੇਤਰ ਅਜੇ ਵੀ ਯੂਕਰੇਨੀ ਹੱਥਾਂ ਵਿੱਚ ਹੈ। ਇਹੀ ਨਹੀਂ ਰੂਸ ’ਤੇ ਲੱਗੀ ਪਾਬੰਦੀ ਹਟਾਉਣ ਤੇ ਉਸ ਦੀ ਪਹਿਲਾਂ ਜੀ8 ਨਾਮ ਨਾਲ ਜਾਣੇ ਜਾਂਦੇ ਗਰੁੱਪ ਵਿਚ ਵਾਪਸੀ ਦਾ ਵੀ ਰਾਹ ਪੱਧਰਾ ਹੋਵੇਗਾ। ਇਸ ਸਮੂਹ ਵਿਚ ਵਿਸ਼ਵ ਦੇ ਕਈ ਵੱਡੇ ਅਰਥਚਾਰੇ ਸ਼ਾਮਲ ਹਨ।
ਤਜਵੀਜ਼ ਨਾਲ ਯੂਕਰੇਨੀ ਰਾਸ਼ਟਰਪਤੀ ’ਤੇ ਦਬਾਅ ਵਧਿਆ
ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਅਮਰੀਕੀ ਟੀਮ ਨੇ ਅਮਰੀਕਾ ਦੇ ਵਿਸ਼ੇਸ਼ ਏਲਚੀ ਸਟੀਵ ਵਿਟਕੌਫ ਦੀ ਯੂਕਰੇਨੀ ਸਦਰ ਜ਼ੇਲੈਂਸਕੀ ਦੇ ਸਿਖਰਲੇ ਸਲਾਹਕਾਰ ਰੁਸਤਮ ਉਮਰੋਵ ਨਾਲ ਗੱਲਬਾਤ ਤੋਂ ਫੌਰੀ ਮਗਰੋਂ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਉਮਰੋਵ ਨੇ ਕਈ ਬਦਲਾਅ ਕਰਨ ਮਗਰੋਂ ਯੋਜਨਾਬੰਦੀ ਦੇ ਜ਼ਿਆਦਰ ਹਿੱਸੇ ’ਤੇ ਸਹਿਮਤੀ ਜਤਾਈ ਤੇ ਫਿਰ ਇਸ ਨੂੰ ਜ਼ੇਲੈਂਸਕੀ ਅੱਗੇ ਰੱਖਿਆ। ਇਕ ਸੀਨੀਅਰ ਪ੍ਰਸ਼ਾਸਕੀ ਅਧਿਕਾਰੀ ਮੁਤਾਬਕ ਅਮਰੀਕੀ ਫੌਜ ਦੇ ਸਕੱਤਰ ਡੇਨ ਡ੍ਰਿਸਕਾਲ ਵੀ ਵੀਰਵਾਰ ਨੂੰ ਕੀਵ ਵਿਚ ਸਨ ਤੇ ਉਨ੍ਹਾਂ ਨੇ ਜ਼ੇਲੈਂਯਕੀ ਨਾਲ ਸੱਜਰੇ ਖਰੜੇ ਉੱਤੇ ਚਰਚਾ ਕੀਤੀ। ਯੂਕਰੇਨੀ ਰਾਸ਼ਟਰਪਤੀ ਨੇ ਇਸ ਬਾਰੇ ਸੋਸ਼ਲ ਮੀਡੀਆ ’ਤੇ ਸੀਮਤ ਬਿਆਨ ਦਿੱਤਾ, ਪਰ ਸਿੱਧੇ ਤੌਰ ’ਤੇ ਤਜਵੀਜ਼ ਬਾਰੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ। ਜ਼ੇਲੈਂਸਕੀ ਨੇ ਲਿਖਿਆ, ‘‘ਸਾਡੀਆਂ ਟੀਮਾਂ-ਯੂਕਰੇਨ ਤੇ ਅਮਰੀਕਾ ਜੰਗ ਖ਼ਤਮ ਕਰਨ ਦੀ ਯੋਜਨਾ ਦੇ ਨਿਯਮਾਂ ਉੱਤੇ ਕੰਮ ਕਰੇਗੀ। ਅਸੀਂ ਉਸਾਰੂ, ਇਮਾਨਦਾਰ ਤੇ ਤੇਜ਼ ਕੰਮ ਲਈ ਤਿਆਰ ਹਾਂ।’’
ਰੂਸ ਭਵਿੱਖ ਵਿਚ ਕੋਈ ਹਮਲਾ ਨਾ ਕਰਨ ਦਾ ਕਰੇਗਾ ਵਾਅਦਾ
ਤਜਵੀਜ਼ ਤਹਿਤ ਰੂਸ ਭਵਿੱਖ ਵਿਚ ਕੋਈ ਹਮਲਾ ਨਾ ਕਰਨ ਦਾ ਵਾਅਦਾ ਕਰੇਗਾ, ਜਿਸ ਨੂੰ ਵ੍ਹਾਈਟ ਹਾਊਸ ਇਕ ਛੋਟ ਵਜੋਂ ਦੇਖ ਰਿਹਾ ਹੈ। ਇਸ ਤੋਂ ਇਲਾਵਾ ਜਾਮ ਕੀਤੇ ਸੌ ਬਿਲੀਅਨ ਅਮਰੀਕੀ ਡਾਲਰ ਦੇ ਰੂਸੀ ਅਸਾਸੇ ਯੂਕਰੇਨ ਨੂੰ ਮੁੜ ਪੈਰਾਂ ਸਿਰ ਕਰਨ ਲਈ ਵਰਤੇ ਜਾਣਗੇ। ਹਾਲਾਂਕਿ ਰੂੁਸ ਨੂੰ ਯੂਕਰੇਨੀ ਜ਼ਮੀਨ ਸੌਂਪੇ ਜਾਣ ਨੂੰ ਯੂਕਰੇਨ ਵਿਚ ਨਾਪਸੰਦ ਕੀਤਾ ਜਾਵੇਗਾ ਤੇ ਇਹ ਯੂਕਰੇਨੀ ਸੰਵਿਧਾਨ ਤਹਿਤ ਗ਼ੈਰਕਾਨੂੰਨੀ ਵੀ ਹੋਵੇਗਾ। ਜ਼ੇਲੈਂਸਕੀ ਹਾਲਾਂਕਿ ਵਾਰ ਵਾਰ ਅਜਿਹੀ ਕਿਸੇ ਸੰਭਾਵਨਾ ਤੋਂ ਇਨਕਾਰ ਕਰਦੇ ਰਹੇ ਹਨ। ਰੂਸ ਨੂੰ ਯੂਰੋਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਾਵਰ ਪਲਾਂਟ ਜ਼ਾਪੋਰਿਜ਼ੀਆ ਤੋਂ ਬਣਨ ਵਾਲੀ ਅੱਧੀ ਬਿਜਲੀ ਰੱਖਣ ਦੀ ਵੀ ਖੁੱਲ੍ਹ ਹੋਵੇਗੀ। ਰੂਸ ਨੇ ਜੰਗ ਦੀ ਸ਼ੁਰੂਆਤ ਵਿਚ ਇਹ ਪਲਾਂਟ ਯੂਕਰੇਨ ਤੋਂ ਖੋਹ ਲਿਆ ਸੀ।
