ਟਰੰਪ ਦੀ ਸੰਪਾਦਤ ਤਕਰੀਰ: ਬੀਬੀਸੀ ਦੇ ਦੋ ਸਿਖਰਲੇ ਅਧਿਕਾਰੀਆਂ ਵੱਲੋਂ ਅਸਤੀਫ਼ੇ
ਬ੍ਰਿਟਿਸ਼ ਬਰੌਡਕਾਸਟਿੰਗ ਕਾਰਪੋਰੇਸ਼ਨ (BBC) ਦੇ ਦੋ ਸਿਖਰਲੇ ਅਧਿਕਾਰੀਆਂ ਨੇ ਨਿਰਪੱਖਤਾ ਤੇ ਪੱਖਪਾਤ ਦੇ ਵਧਦੇ ਘੁਟਾਲੇ ਦਰਮਿਆਨ ਐਤਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਸੀਐੱਨਐੱਨ ਨੇ ਆਪਣੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਹੈ। ਸੀਐੱਨਐੱਨ ਨੇ ਇੱਕ ਮੀਮੋ ਲੀਕ ਹੋਣ ਤੋਂ ਬਾਅਦ...
ਬ੍ਰਿਟਿਸ਼ ਬਰੌਡਕਾਸਟਿੰਗ ਕਾਰਪੋਰੇਸ਼ਨ (BBC) ਦੇ ਦੋ ਸਿਖਰਲੇ ਅਧਿਕਾਰੀਆਂ ਨੇ ਨਿਰਪੱਖਤਾ ਤੇ ਪੱਖਪਾਤ ਦੇ ਵਧਦੇ ਘੁਟਾਲੇ ਦਰਮਿਆਨ ਐਤਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਸੀਐੱਨਐੱਨ ਨੇ ਆਪਣੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਹੈ। ਸੀਐੱਨਐੱਨ ਨੇ ਇੱਕ ਮੀਮੋ ਲੀਕ ਹੋਣ ਤੋਂ ਬਾਅਦ ਕਿਹਾ ਕਿ ਡਾਇਰੈਕਟਰ-ਜਨਰਲ ਟਿਮ ਡੇਵੀ (Tim Davie) ਅਤੇ ਨਿਊਜ਼ ਡਿਵੀਜ਼ਨ ਦੇ ਮੁੱਖ ਕਾਰਜਕਾਰੀ ਡੇਬੋਰਾ ਟਰਨੈਸ (Deborah Turness), ਦੋਵਾਂ ਨੇ ਅਸਤੀਫਾ ਦੇ ਦਿੱਤਾ ਹੈ। ਮੀਮੋ ਤੋਂ ਖੁਲਾਸਾ ਹੋਇਆ ਸੀ ਕਿ ਬੀਬੀਸੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਸ਼ਣ ਨੂੰ ਗੁੰਮਰਾਹਕੁਨ ਢੰਗ ਨਾਲ ਸੰਪਾਦਿਤ ਕੀਤਾ ਸੀ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਉਨ੍ਹਾਂ ਨੇ 6 ਜਨਵਰੀ, 2021 ਨੂੰ ਹਿੰਸਾ ਲਈ ਸਿੱਧੇ ਤੌਰ ’ਤੇ ਸੱਦਾ ਦਿੱਤਾ ਸੀ।
ਸੀਐੱਨਐੱਨ ਨੇ ਬੀਬੀਸੀ ਦੇ ਹਵਾਲੇ ਨਾਲ ਕਿਹਾ ਕਿ ਡੇਵੀ ਨੇ ਐਤਵਾਰ ਦੁਪਹਿਰ ਨੂੰ ਸਟਾਫ ਨੂੰ ਭੇਜੇ ਇੱਕ ਨੋਟ ਵਿੱਚ ਬ੍ਰਿਟਿਸ਼ ਪ੍ਰਸਾਰਕ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਅਸਤੀਫਾ ‘ਪੂਰੀ ਤਰ੍ਹਾਂ ਨਿੱਜੀ ਫੈਸਲਾ’ ਸੀ। ਸੀਐੱਨਐੱਨ ਦੇ ਹਵਾਲੇ ਨਾਲ ਉਸ ਨੇ ਕਿਹਾ, ‘‘ਕੁੱਲ ਮਿਲਾ ਕੇ ਬੀਬੀਸੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ, ਪਰ ਕੁਝ ਗਲਤੀਆਂ ਹੋਈਆਂ ਹਨ ਅਤੇ ਡਾਇਰੈਕਟਰ-ਜਨਰਲ ਹੋਣ ਦੇ ਨਾਤੇ ਮੈਨੂੰ ਅੰਤਮ ਜ਼ਿੰਮੇਵਾਰੀ ਲੈਣੀ ਪਵੇਗੀ।’’
ਅਹੁਦਾ ਛੱਡਣ ਵਾਲੇ ਟਰਨੈਸ ਨੇ ਬੀਬੀਸੀ ਵੈੱਬਸਾਈਟ ’ਤੇ ਇੱਕ ਬਿਆਨ ਵਿੱਚ ਕਿਹਾ, ‘‘ਰਾਸ਼ਟਰਪਤੀ ਟਰੰਪ ਬਾਰੇ ਪੈਨੋਰਮਾ ਦੇ ਬਿਆਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਇੱਕ ਅਜਿਹੇ ਪੱਧਰ ’ਤੇ ਪਹੁੰਚ ਗਿਆ ਹੈ ਜਿੱਥੇ ਇਹ ਬੀਬੀਸੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ - ਇੱਕ ਸੰਸਥਾ ਜਿਸ ਨੂੰ ਮੈਂ ਪਿਆਰ ਕਰਦਾ ਹਾਂ।’’ ਟਰਨੈਸ ਨੇ ਕਿਹਾ, ‘‘ਹੁਣ ਜ਼ਿੰਮੇਦਾਰੀ ਮੇਰੀ ਹੈ,’’ ਤੇ ਸ਼ਨਿੱਚਰਵਾਰ ਨੂੰ ਟਿਮ ਡੇਵੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਉਨ੍ਹਾਂ ਕਿਹਾ, ‘‘ਹਾਲਾਂਕਿ ਕੁਝ ਗਲਤੀਆਂ ਹੋਈਆਂ ਹਨ, ਪਰ ਮੈਂ ਇਹ ਬਿਲਕੁਲ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਬੀਬੀਸੀ ਨਿਊਸਜ਼ ’ਤੇ ਸੰਸਥਾਗਤ ਪੱਖਪਾਤ ਦੇ ਦੋਸ਼ ਗ਼ਲਤ ਹਨ।’’

